ਮੋਗਾ: ਸਿਹਤ ਵਿਭਾਗ ਦੇ ਆਊਟਸੋਰਸ ਕਾਮੇ ਫਾਕੇ ਕੱਟਣ ਲਈ ਮਜਬੂਰ
ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਜੂਨ
ਸੂਬੇ ਦੇ ਸਿਹਤ ਵਿਭਾਗ ਵਿਚ ਕੰਮ ਕਰ ਰਹੇ ਆਊਟਸੋਰਸਿੰਗ ਕਾਮੇ ਨੌਂ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਫਾਕੇ ਕੱਟਣ ਲਈ ਮਜਬੂਰ ਹਨ। ਉਨ੍ਹਾਂ ਇਨਸਾਫ਼ ਲਈ ਕਿਰਤ ਵਿਭਾਗ ਵਿਚ ਅਰਜ਼ੀ ਦਾਇਰ ਕੀਤੀ ਹੈ। ਇਨ੍ਹਾਂ ਕਾਮਿਆਂ ਦੀ ਨਿਯੁਕਤੀ ਲਈ ਵਿਭਾਗ ਦੀ ਕਾਰਜ ਕੁਸ਼ਲਤਾ ’ਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ। ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਸੂਬਾ ਸਿਹਤ ਨਿਗਮ ਦੇ ਸਥਾਨਕ ਤਤਕਾਲੀ ਅਧਿਕਾਰੀਆਂ ਨੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਇਹ ਕਾਮੇ ਆਪਣੇ ਪੱਧਰ ’ਤੇ ਰੱਖਣ ਦੀ ਗੱਲ ਆਖ ਕੇ ਵਿਭਾਗ ਦੀ ਕਾਰਜ ਕੁਸ਼ਲਤਾ ’ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਕਿਰਤ ਵਿਭਾਗ ਸੁਣਵਾਈ ਕਰ ਰਿਹਾ ਹੈ। ਸਿਹਤ ਵਿਭਾਗ ਆਊਟਸੋਰਸਿੰਗ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਬਹੁਤੇ ਕਾਮੇ 15 ਸਾਲ ਤੋਂ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਕਰੀਬ 9 ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਤੇ ਤੋਂ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਉਹ ਫਾਕੇ ਕੱਟਣ ਲਈ ਮਜਬੂਰ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਤਨਖਾਹ ਕਦੇ ਵੀ ਸਮੇਂ ਸਿਰ ਨਹੀਂ ਮਿਲੀ। ਤਨਖਾਹ ਨਾ ਮਿਲਣ ਕਰ ਕੇ ਕਾਮੇ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਕਾਮਿਆਂ ਵਿੱਚ ਸਰਕਾਰ ਤੇ ਸਿਹਤ ਵਿਭਾਗ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਰਤ ਵਿਭਾਗ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ ਅਤੇ ਸਿਹਤ ਵਿਭਾਗ ਅਧਿਕਾਰੀਆਂ ਤੱਕ ਵੀ ਪਹੁੰਚ ਕੀਤੀ ਹੈ ਪਰ ਪੱਲੇ ਨਿਰਾਸ਼ਾ ਹੀ ਪਈ ਹੈ। ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਦੀ ਥਾਂ ਪਹਿਲਾਂ ਹੀ ਨਿਗੁਣੀਆਂ ਤਨਖਾਹਾਂ ਉੱਪਰ ਕੰਮ ਕਰਦੇ ਕੱਚੇ ਵਰਕਰਾਂ ਨੂੰ ਅੱਜ ਅਤਿ ਦੀ ਮਹਿੰਗਾਈ ਅੰਦਰ ਭੁੱਖੇ ਮਾਰਨ ਦੇ ਰਸਤੇ ਉੱਪਰ ਚੱਲ ਪਈ ਹੈ। ਉਹ ਜਦੋਂ ਵੀ ਅਧਿਕਾਰੀਆਂ ਨਾਲ ਗੱਲ ਕਰਨ ਜਾਂਦੇ ਹਨ ਉਨ੍ਹਾਂ ਵਲੋਂ ਏਨਾ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਜਾਦਾਂ ਹੈ ਕਿ ਹਾਲੇ ਬਜਟ ਨਹੀਂ ਆਇਆ ਹੈ। ਹਰ ਵਾਰ ਬਜਟ ਦਾ ਬਹਾਨਾ ਬਣਾ ਕੇ ਇਹ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੇ ਹਨ। ਉਹ ਅਤਿ ਦੀ ਮਹਿੰਗਾਈ ਕਾਰਨ ਤਨਖਾਹ ਲਈ ਵਿਭਾਗੀ ਅਧਿਕਾਰੀਆਂ ਕੋਲ ਜਾਂਦੇ ਹਨ ਤਾਂ ਉਨ੍ਹਾਂ ਨੂੰ ਹਟਾਉਣ ਦੀ ਧਮਕੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਿਥੇ ਇਹ ਕਾਮਿਆਂ ਨਾਲ ਬੇਇਨਸਾਫ਼ੀ ਹੈ, ਉਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ।