ਮੋਗਾ: ਸਾਉਣੀ ਦੀ ਮੱਕੀ ਵੱਲ ਵਧਿਆ ਕਿਸਾਨਾਂ ਦਾ ਰੁਝਾਨ
ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਜੂਨ
ਭਾਰਤ ਵਿੱਚ ਕਣਕ ਅਤੇ ਝੋਨੇ ਤੋਂ ਇਲਾਵਾ ਮੱਕੀ ਪੰਜਾਬ ਦੀ ਤੀਜੀ ਮਹੱਤਵਪੂਰਨ ਫ਼ਸਲ ਹੈ। ਇਸ ਦੀ ਕਾਸ਼ਤ ਸਾਰਾ ਸਾਲ, ਵੱਖ-ਵੱਖ ਮੌਸਮਾਂ ਵਿੱਚ ਹੁੰਦੀ ਹੈ। ਇਸ ਦੀ ਸਨਅਤੀ ਮਹੱਤਤਾ ਵਧਣ ਤੇ ਵੱਧ ਪੈਦਾਵਾਰ ਕਾਰਨ ਸਾਉਣੀ ਦੀ ਮੱਕੀ ਦੀ ਬਿਜਾਈ ਵੱਲ ਕਿਸਾਨਾਂ ਦਾ ਰੁਝਾਨ ਵਧ ਰਿਹਾ ਹੈ।
ਖੇਤੀ ਵਿਗਿਆਨੀ ਰਾਜ ਪੁਰਸਕਾਰ ਜੇਤੂ ਡਾ. ਜਸਵਿੰਦਰ ਸਿੰਘ ਬਰਾੜ ਨੇ ਪਿੰਡ ਰੋਡੇ ਵਿੱਚ ਅਗਾਹ ਵਧੂ ਕਿਸਾਨ ਦਰਸ਼ਨ ਸਿੰਘ ਅਤੇ ਪੰਡਿਤ ਸੋਮਨਾਥ ਵੱਲੋਂ ਕਾਸ਼ਤ ਕੀਤੀ ਬਹਾਰ ਰੁੱਤ ਦੀ ਮੱਕੀ ਦੀ ਫ਼ਸਲ ਦਾ ਨਿਰੀਖਣ ਕੀਤਾ ਅਤੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਵਿੱਚ ਪਾਣੀ ਦੀ ਬੱਚਤ ਅਤੇ ਉੱਤਮ ਤਕਨੀਕਾਂ ਦੇ ਨੁਕਤੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ ਆਲੂ ਅਤੇ ਮਟਰ ਦੀ ਫ਼ਸਲ ਤੋਂ ਬਾਅਦ ਫ਼ਸਲੀ ਚੱਕਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਪੱਕਣ ਸਮੇਂ ਵਧੇਰੇ ਤਾਪਮਾਨ ਕਾਰਨ ਜ਼ਿਆਦਾ ਸਿੰਜਾਈ ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਫ਼ਸਲ ਦੀ ਸਮੇਂ-ਸਿਰ ਬੈੱਡਾਂ ’ਤੇ ਬਿਜਾਈ ਅਤੇ ਤੁਪਕਾ ਸਿੰਜਾਈ ਰਾਹੀਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਨੋਮੈਟਿਕ ਪਲਾਂਟਰ ਨਾਲ ਮੱਕੀ ਦੀ ਬਿਜਾਈ ਕਰਨ ਤੇ ਪਾਣੀ ਦੀ ਬੱਚਤ ਅਤੇ ਝਾੜ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਰਵਾਇਤੀ ਫ਼ਸਲਾਂ ਵਾਂਗ ਮੱਕੀ ਦੀ ਫ਼ਸਲ ਦਾ ਮੰਡੀਕਰਨ ਪ੍ਰਬੰਧ ਹੋਣ ਤਾਂ ਸੂਬੇ ਵਿੱਚ ਖੇਤੀ ਵਿਭਿੰਨਤਾ ਲਿਆਉਣ ਵਿੱਚ ਮੱਕੀ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ। ਮੱਕੀ ਦੀ ਕਾਸ਼ਤ ਨੂੰ ਜ਼ਿਆਦਾ ਲਾਹੇਵੰਦ ਬਣਾਉਣ ਲਈ ਇਸ ਦੀ ਖਾਸ ਵਰਤੋ ਵਾਲੀਆ ਕਿਸਮਾ ਜਿਵੇ ਕਿ ਸਵੀਟ ਕੌਰਨ (ਮਿੱਠੀ ਮੱਕੀ) ਪੌਪ ਕੋਰਨ (ਫੁੱਲਿਆਂ ਵਾਲੀ ਮੱਕੀ) ਅਤੇ ਬੇਬੀ ਕੌਰਨ (ਕੱਚੀ ਮੱਕੀ) ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।