ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਗਾ ਦਾ ਸਰਕਾਰੀ ਹਸਪਤਾਲ ਖ਼ੁਦ ‘ਬਿਮਾਰ’

07:58 AM Jul 16, 2024 IST
ਦਵਾਈਆਂ ਨਾ ਮਿਲਣ ਬਾਰੇ ਦੱਸਦੇ ਹੋਏ ਪ੍ਰਧਾਨ ਗੁਰਸੇਵਕ ਸਿੰਘ।

ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਜੁਲਾਈ
ਸਰਕਾਰੀ ਸਿਵਲ ਹਸਪਤਾਲ ਵਿੱਚੋਂ ਕਥਿਤ ਤੌਰ ’ਤੇ ਦਵਾਈਆਂ ਨਾ ਮਿਲਣ ਕਾਰਨ ਲੋਕ ਬਾਹਰੋਂ ਮਹਿੰਗੇ ਮੁੱਲ ਦੀਆਂ ਦਵਾਈਆਂ ਖ਼ਰੀਦਣ ਲਈ ਮਜਬੂਰ ਹਨ। ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਗੁਰਸੇਵਕ ਸਿੰਘ ਸਨਿਆਸੀ ਨੇ ਦੱਸਿਆ ਕਿ ਉਹ ਸੜਕ ਹਾਦਸੇ ਦੇ ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਲੈ ਕੇ ਪੁੱਜੇ ਤਾਂ ਜੋ ਉਸ ਦਾ ਇਲਾਜ ਹੋ ਸਕੇ, ਪਰ ਉਥੇ ਮੱਲ੍ਹਮ ਪੱਟੀ ਸਣੇ ਹੋਰ ਸਾਮਾਨ ਵੀ ਖ਼ਤਮ ਸੀ। ਉਨ੍ਹਾਂ ਪੱਲਿਓਂ ਖਰਚ ਕਰ ਕੇ ਮਰੀਜ਼ ਦੀ ਮੱਲ੍ਹਮ ਪੱਟੀ ਦਾ ਪ੍ਰਬੰਧ ਕੀਤਾ। ਉਨ੍ਹਾਂ ਨੂੰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਫ਼ਰਿਸ਼ਤੇ ਸਕੀਮ’ ਤਹਿਤ ਇਨਾਮ ਮਿਲਣ ਦੀ ਬਜਾਏ ਪੱਲਿਓਂ ਖਰਚ ਕਰਨਾ ਪੈਂਦਾ ਹੈ। ਪੰਜਾਬ ਸਰਕਾਰ ਨੇ ਇਸ ਸਾਲ ਜਨਵਰੀ ਮਹੀਨੇ ਦੌਰਾਨ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੀ ਸਹੂਲਤ ਲਈ ਨਵੀਂ ਸਕੀਮ ਸ਼ੁਰੂ ਕੀਤੀ ਸੀ, ਜਿਸ ਤਹਿਤ ਡਾਕਟਰਾਂ ਨੂੰ ਹਸਪਤਾਲ ਵਿੱਚ ਉਪਲਬਧ ਦਵਾਈ ਹੀ ਦਾਖ਼ਲ ਮਰੀਜ਼ ਨੂੰ ਲਿਖਣੀ ਪਵੇਗੀ, ਜੇ ਹਸਪਤਾਲ ’ਚ ਕੋਈ ਦਵਾਈ ਖਤਮ ਹੋ ਗਈ ਤਾਂ ਹਸਪਤਾਲ ਖੁਦ ਉਸ ਦਵਾਈ ਨੂੰ ਬਾਜ਼ਾਰ ਤੋਂ ਖ਼ਰੀਦ ਕੇ ਮਰੀਜ਼ ਨੂੰ ਦੇਵੇਗਾ ਅਤੇ ਕੈਮਿਸਟ ਨੂੰ ਸਰਕਾਰੀ ਹਸਪਤਾਲ ਵੱਲੋਂ ਭੁਗਤਾਨ ਕਰਨਾ ਪਵੇਗਾ। ਇਸੇ ਤਰ੍ਹਾਂ ਜੇ ਸਰਕਾਰੀ ਹਸਪਤਾਲ ’ਚ ਐਕਸ-ਰੇਅ ਮਸ਼ੀਨ ਖਰਾਬ ਹੋ ਜਾਂਦੀ ਹੈ ਤਾਂ ਮਰੀਜ਼ ਦਾ ਸਿਵਲ ਹਸਪਤਾਲ ਵੱਲੋਂ ਬਾਜ਼ਾਰ ’ਚੋਂ ਐਕਸ-ਰੇਅ ਕਰਵਾਇਆ ਜਾਵੇਗਾ ਅਤੇ ਉਸ ਦੀ ਅਦਾਇਗੀ ਵੀ ਹਸਪਤਾਲ ਵੱਲੋਂ ਕੀਤੀ ਜਾਵੇਗੀ। ਗੁਰਸੇਵਕ ਨੇ ਚਿੰਤਾ ਜਤਾਈ ਕਿ ਜੇ 100 ਬਿਸਤਰਿਆਂ ਵਾਲੇ ਸਰਕਾਰੀ ਹਸਪਤਾਲ ਵਿੱਚ ਦਵਾਈਆਂ ਅਤੇ ਹੋਰ ਸਾਮਾਨ ਨਹੀਂ ਮਿਲਦਾ ਤਾਂ ਹੋਰਨਾਂ ਹਸਪਤਾਲਾਂ ਦਾ ਕੀ ਹਾਲ ਹੋਵੇਗਾ।

Advertisement

ਹਸਪਤਾਲ ’ਚ ਮਰੀਜ਼ਾਂ ਨੂੰ ਕੋਈ ਸਮੱਸਿਆ ਨਹੀਂ: ਐੱਸਐੱਮਓ

ਸੀਨੀਅਰ ਮੈਡੀਕਲ ਅਫ਼ਸਰ (ਐੱਸਐੱਮਓ) ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਅਜਿਹੀ ਕੋਈ ਸਮੱਸਿਆ ਨਹੀਂ ਹੈ, ਪਰ ਫ਼ਿਰ ਵੀ ਉਹ ਇਸ ਮਾਮਲੇ ਦੀ ਪੜਤਾਲ ਕਰਵਾਉਣਗੇ। ਇਸ ਮੌਕੇ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਨੇ ਕਿਹਾ ਕਿ ਹਸਪਤਾਲ ਵਿੱਚ ਕਾਫ਼ੀ ਸਮੇਂ ਤੋਂ ਸਪਿਰਟ ਵੀ ਨਹੀਂ ਆ ਰਹੀ ਹੈ ਅਤੇ ਦਰਦ ਰੋਕੂ ਟੀਕਿਆਂ ਦੀ ਵੀ ਬਹੁਤ ਘਾਟ ਹੈ।

Advertisement
Advertisement