ਮੋਗਾ: ਵਿਵਾਦਤ ਐੱਸਐੱਮਓ ਦਾ ਤਬਾਦਲਾ
ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਨਵੰਬਰ
ਸੂਬਾ ਸਰਕਾਰ ਨੇ ਸਥਾਨਕ ਸਿਵਲ ਹਸਪਤਾਲ ਵਿੱਚ ਤਾਇਨਾਤ ਵਿਵਾਦਤ ਐੱਸਐੱਮਓ ਡਾ. ਸੁਖਪ੍ਰੀਤ ਸਿੰਘ ਬਰਾੜ ਦਾ ਤਬਾਦਲਾ ਪੀਐੱਚਸੀ ਸ਼ੁਤਰਾਣਾ ਵਿੱਚ ਕਰ ਦਿੱਤਾ ਹੈ। ਪੰਜਾਬ ਸਿਹਤ ਨਿਗਮ ਦੇ ਡਾਇਰੈਕਟਰ ਡਾ. ਅਨਿਲ ਗੋਇਲ ਨੇ ਦੱਸਿਆ ਕਿ ਉਨ੍ਹਾਂ ਸਥਾਨਕ ਸਿਵਲ ਹਸਪਤਾਲ ’ਚ ਬੇਨਿਯਮੀਆਂ ਅਤੇ ਐੱਸਐੱਮਓ ਡਾ. ਸੁਖਪ੍ਰੀਤ ਸਿੰਘ ਬਰਾੜ ਖ਼ਿਲਾਫ਼ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਹੈ। ਸੂਬੇ ਦੇ ਪ੍ਰਬੰਧਕੀ ਸਕੱਤਰ (ਸਿਹਤ ਤੇ ਪਰਿਵਾਰ ਭਲਾਈ ਵਿਭਾਗ) ਕੁਮਾਰ ਰਾਹੁਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਐੱਸਐੱਮਓ ਡਾ. ਸੁਖਪ੍ਰੀਤ ਸਿੰਘ ਬਰਾੜ ਦਾ ਤਬਾਦਲਾ ਕਰਨ ਦੇ ਹੁਕਮ ਪੀਐੱਚਸੀ ਸ਼ੁਤਰਾਣਾ ਵਿੱਚ ਪ੍ਰਬੰਧਕੀ ਆਧਾਰ ’ਤੇ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਦੀ ਪ੍ਰਵਾਨਗੀ ਮਗਰੋਂ ਜਾਰੀ ਕੀਤੇ ਗਏ ਹਨ।
ਤਤਕਾਲੀ ਸਿਹਤ ਸੁਪਰਵਾਈਜ਼ਰ ਮਹਿੰਦਰਪਾਲ ਲੂੰਬਾਂ ਨੇ ਕਰੀਬ ਡੇਢ ਸਾਲ ਪਹਿਲਾਂ 2023 ਵਿੱਚ ਸਥਾਨਕ ਸਿਵਲ ਹਸਪਤਾਲ ’ਚ ਹੋਈਆਂ ਬੇਨਿਯਮੀਆਂ ਅਤੇ ਐੱਸਐੱਮਓ ਡਾ. ਸੁਖਪ੍ਰੀਤ ਸਿੰਘ ਬਰਾੜ ਖ਼ਿਲਾਫ਼ ਗੰਭੀਰ ਦੋਸ਼ਾਂ ਦੀਆਂ ਸੂਬਾ ਸਰਕਾਰ ਨੂੰ ਸ਼ਿਕਾਇਤਾਂ ਦਿੱਤੀਆਂ ਸਨ। ਉਨ੍ਹਾਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਖ਼ਿਲਾਫ਼ ਵੀ ਦੋਸ਼ ਲਾਏ ਸਨ। ਇਸ ਵਿਵਾਦ ਦੌਰਾਨ ਸਰਕਾਰ ਨੇ ਲੂੰਬਾਂ ਦੀ ਪੀਐੱਚਸੀ ਸ਼ੁਤਰਾਣਾ ਵਿੱਚ ਬਦਲੀ ਕਰ ਦਿੱਤੀ ਸੀ। ਮਗਰੋਂ ਸਰਕਾਰ ਨੇ ਲੋਕ ਸੰਘਰਸ਼ ਕਮੇਟੀ ਦੀ ਸ਼ਿਕਾਇਤ ’ਤੇ ਪੜਤਾਲ ਕਰਵਾਉਣ ਦਾ ਹੁਕਮ ਦਿੱਤਾ ਸੀ।
ਬਦਲੀ ਕੋਈ ਸਜ਼ਾ ਨਹੀਂ: ਐੱਸਐੱਮਓ
ਐੱਸਐੱਮਓ ਡਾ. ਸੁਖਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਇਹ ਤਬਾਦਲਾ ਕੋਈ ਸਜ਼ਾ ਨਹੀਂ। ਉਨ੍ਹਾਂ ਕਿਹਾ ਕਿ ਤਬਾਦਲੇ ਸਰਕਾਰੀ ਨੌਕਰੀ ਦਾ ਹਿੱਸਾ ਹਨ ਅਤੇ ਸਰਕਾਰ ਕਿਸੇ ਦਾ ਕਿਤੇ ਵੀ ਤਬਦਾਲਾ ਕਰ ਸਕਦੀ ਹੈ।