ਮੋਗਾ ਸਿਵਲ ਸਰਜਨ ਨੇ 1647 ਕਿਲੋ ਮਠਿਆਈ ਜ਼ਬਤ ਕੀਤੀ
ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਨਵੰਬਰ
ਸਿਹਤ ਵਿਭਾਗ ਨੇ ਅੱਜ ਇਥੇ ਤੜਕਸਾਰ ਰਾਜਸਥਾਨ ਦੇ ਜੋਧਪੁਰ ਅਤੇ ਅਬੋਹਰ ਤੋਂ ਤਿਆਰ ਆਈ 1647 ਕਿਲੋ ਕਥਤਿ ਮਿਲਾਵਟੀ ਮਠਿਆਈ ਜ਼ਬਤ ਕੀਤੀ ਹੈ। ਸਿਵਲ ਸਰਜਨ ਡਾਕਟਰ ਰਾਜੇਸ਼ ਅੱਤਰੀ ਨੇ ਕਿਹਾ ਕਿ ਉਨ੍ਹਾਂ ਸੂਚਨਾ ਦੇ ਅਧਾਰ ਉਤੇ ਲਕਸ਼ਮੀ ਪਤੀਸਾ ਫੈਕਟਰੀ ਦੀ ਚੈਕਿੰਗ ਕੀਤੀ। ਇਸ ਮੌਕੇ ਫੂਡ ਇਸਪੈਕਟਰ ਯੋਗੇਸ਼ ਗੋਇਲ ਤੇ ਸਿਹਤ ਵਿਭਾਗ ਦੀ ਟੀਮ ਨੇ ਕਥਤਿ ਮਿਲਾਵਟੀ ਮਿਲਕ ਕੇਕ 1392 ਕਿੱਲੋ, ਖੋਆ ਬਰਫੀ 255 ਕਿਲੋ ਜ਼ਬਤ ਕਰਨ ਦੇ ਨਾਲ ਪਤੀਸੇ ਸਮੇਤ 4 ਸੈਂਪਲ ਲਏ। ਫੂਡ ਸੇਫਟੀ ਇਸਪੈਕਟਰ ਯੋਗੇਸ਼ ਗੋਇਲ ਨੇ ਦੱਸਿਆ ਕਿ ਦੁਕਾਨ ਉੱਤੇ ਜੋ ਸਾਮਾਨ ਬਾਹਰੋਂ ਤਿਆਰ ਕਰਕੇ ਮੰਗਵਾਇਆ ਗਿਆ ਹੈ, ਨੂੰ ਜਬਤ ਕਰ ਲਿਆ ਗਿਆ ਹੈ। ਸੈਂਪਲ ਸਰਕਾਰੀ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ, ਜਦੋਂ ਰਿਪੋਰਟ ਆਵੇਗੀ ਤਾਂ ਕਾਰਵਾਈ ਕੀਤੀ ਜਾਵੇਗੀ। ਡਿਪਟੀ ਕਮਿਸਨਰ ਕੁਲਵੰਤ ਸਿੰਘ ਅਤੇ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਅਤੇ ਸਿਵਲ ਸਰਜਨ ਡਾ ਰਾਜੇਸ਼ ਅਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਮਠਿਆਈ ਅਤੇ ਹੋਰ ਖਾਧ ਪਦਾਰਥ ਖਰੀਦਣ ਵੇਲੇ ਗੁਣਵੱਤਾ ਵੱਲ ਜ਼ਰੂਰ ਧਿਆਨ ਦੇਣ।