ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਦੀ ਯੂਕਰੇਨ ਫੇਰੀ

08:26 AM Aug 26, 2024 IST

ਪਧਾਨ ਮੰਤਰੀ ਨਰਿੰਦਰ ਮੋਦੀ ਦਾ ਹਾਲੀਆ ਯੂਕਰੇਨ ਦੌਰਾ ਭਾਰਤ ਦੀ ਵਿਦੇਸ਼ ਨੀਤੀ ’ਚ ਇੱਕ ਮਹੱਤਵਪੂਰਨ ਪਲ਼ ਹੈ। ਇਸ ਫੇਰੀ ’ਚੋਂ ਝਲਕਦਾ ਹੈ ਕਿ ਭਾਰਤ, ਰੂਸ ਨਾਲ ਆਪਣੇ ਇਤਿਹਾਸਕ ਸਬੰਧਾਂ ਤੇ ਪੱਛਮ ਨਾਲ ਵਧਦੀ ਨੇੜਤਾ ਵਿਚਾਲੇ ਨਾਜ਼ੁਕ ਸੰਤੁਲਨ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। ਮਾਸਕੋ ਦੇ ਦੌਰੇ ਤੋਂ ਬਾਅਦ ਯੂਕਰੇਨ ਨਾਲ ਇਹ ਕੂਟਨੀਤਕ ਤਾਲਮੇਲ, ਰੂਸ-ਯੂਕਰੇਨ ਟਕਰਾਅ ਦੀ ਗੁੰਝਲਦਾਰ ਭੂ-ਸਿਆਸਤ ਪ੍ਰਤੀ ਭਾਰਤ ਦੀ ਸੂਖ਼ਮ ਪਹੁੰਚ ਵੱਲ ਸੰਕੇਤ ਕਰਦਾ ਹੈ। ਭਾਰਤ ਇਸ ਪਹੁੰਚ ’ਚੋਂ ਆਪਣੇ ਲਈ ਇੱਕ ਰਸਤਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਰੂਸ ਨਾਲ ਭਾਰਤ ਦਾ ਰਿਸ਼ਤਾ ਇਸ ਦੀ ਵਿਦੇਸ਼ ਨੀਤੀ ਦਾ ਅਹਿਮ ਪੱਖ ਰਿਹਾ ਹੈ, ਖ਼ਾਸ ਕਰ ਕੇ ਰੱਖਿਆ ਖੇਤਰ ਵਿੱਚ ਜਿੱਥੇ ਦਿੱਲੀ ਲਈ ਮਾਸਕੋ ਫ਼ੌਜੀ ਸਾਜ਼ੋ-ਸਾਮਾਨ ਦਾ ਅਹਿਮ ਸਪਲਾਇਰ ਬਣਿਆ ਰਿਹਾ ਹੈ। ਮੋਦੀ ਦੇ ਮਾਸਕੋ ਦੌਰੇ ਨੇ ਇਸ ਰਿਸ਼ਤੇ ਨੂੰ ਹੋਰ ਪਕੇਰਾ ਕੀਤਾ ਹੈ ਤੇ ਭਾਰਤ ਦੀ ਰਣਨੀਤਕ ਖ਼ੁਦਮੁਖਤਿਆਰੀ ’ਤੇ ਜ਼ੋਰ ਦਿੱਤਾ ਹੈ। ਇਸ ਦੌਰੇ ਰਾਹੀਂ ਭਾਰਤ ਨੇ ਸੁਨੇਹਾ ਦਿੱਤਾ ਹੈ ਕਿ ਉਹ ਬਾਹਰੀ ਤਾਕਤਾਂ ਦੇ ਦਬਾਅ ਹੇਠ ਕਿਸੇ ਦਾ ਪੱਖ ਨਹੀਂ ਲਏਗਾ। ਜਦੋਂਕਿ ਯੂਕਰੇਨ ਨਾਲ ਸਿੱਧਾ ਰਾਬਤਾ ਕਰਨ ਦਾ ਭਾਰਤ ਦਾ ਫ਼ੈਸਲਾ ਕੌਮਾਂਤਰੀ ਕਾਨੂੰਨਾਂ ਤੇ ਰਾਜਸੱਤਾ ਕਾਇਮ ਰੱਖਣ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਜ਼ਾਹਿਰ ਕਰਦਾ ਹੈ। ਇਹੀ ਸਿਧਾਂਤ ਹਨ ਜਿਹੜੇ ਆਲਮੀ ਸ਼ਾਂਤੀ ਤੇ ਸਥਿਰਤਾ ਦੀ ਬੁਨਿਆਦ ਹਨ। ਮਾਸਕੋ ਤੇ ਕੀਵ ਦੋਵਾਂ ਦਾ ਦੌਰਾ ਕਰ ਕੇ ਮੋਦੀ ਨੇ ਕੁਸ਼ਲਤਾ ਨਾਲ ਰੂਸ-ਭਾਰਤ ਦੇ ਰਵਾਇਤੀ ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਪੱਛਮ ਦੀਆਂ ਚਿੰਤਾਵਾਂ ਪ੍ਰਤੀ ਵੀ ਗੰਭੀਰਤਾ ਦਿਖਾਈ ਹੈ। ਇਹ ਸੰਤੁਲਿਤ ਕਾਰਵਾਈ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੋਵਾਂ ਧਿਰਾਂ ਦਾ ਸਾਥ ਛੱਡੇ ਬਿਨਾਂ ਆਪਣੇ ਕੌਮਾਂਤਰੀ ਦਰਜੇ ਨੂੰ ਵਧਾਉਣਾ ਚਾਹੁੰਦਾ ਹੈ। ਯੂਕਰੇਨ ਦੀ ਫੇਰੀ ਖ਼ਾਸ ਤੌਰ ’ਤੇ ਪੱਛਮੀ ਮੁਲਕਾਂ ਨੂੰ ਇਸ਼ਾਰਾ ਹੈ ਕਿ ਭਾਰਤ ਇਸ ਸੰਕਟ ਪ੍ਰਤੀ ਉਦਾਸੀਨ ਨਹੀਂ ਹੈ ਅਤੇ ਸ਼ਾਂਤੀ ਲਈ ਸੰਵਾਦ ’ਚ ਸ਼ਾਮਿਲ ਹੋਣਾ ਚਾਹੁੰਦਾ ਹੈ।
ਇਸ ਤੋਂ ਇਲਾਵਾ, ਯੂਕਰੇਨ ਨਾਲ ਮੋਦੀ ਦਾ ਮੇਲ-ਜੋਲ ਭਾਰਤ ਲਈ ਯੂਰਪ ’ਚ ਊਰਜਾ ਸੁਰੱਖਿਆ ਤੇ ਵਿੱਤੀ ਰਿਸ਼ਤਿਆਂ ਦੇ ਪੱਖ ਤੋਂ ਨਵੇਂ ਦਰ ਖੋਲ੍ਹ ਸਕਦਾ ਹੈ ਕਿਉਂਕਿ ਪੱਛਮੀ ਜਗਤ ਰੂਸੀ ਈਂਧਨ ’ਤੇ ਆਪਣੀ ਨਿਰਭਰਤਾ ਘਟਾਉਣ ਦੇ ਰਾਹ ਤਲਾਸ਼ ਰਿਹਾ ਹੈ, ਅਜਿਹੇ ਵਿੱਚ ਭਾਰਤ ਦਾ ਰਣਨੀਤਕ ਰੁਖ਼ ਵੱਡੇ ਆਰਥਿਕ ਤੇ ਕੂਟਨੀਤਕ ਲਾਭ ਦੇ ਸਕਦਾ ਹੈ। ਮਾਸਕੋ ਤੇ ਕੀਵ ਵਿੱਚ ਮੋਦੀ ਦੀਆਂ ਕੂਟਨੀਤਕ ਕੋਸ਼ਿਸ਼ਾਂ ਨੇ ਭਾਰਤ ਦੀ ਬਦਲ ਰਹੀ ਵਿਦੇਸ਼ ਨੀਤੀ ਵੱਲ ਇਸ਼ਾਰਾ ਕੀਤਾ ਹੈ। ਇਸ ’ਚੋਂ ਇੱਕ ਅਜਿਹੀ ਸੂਝਵਾਨ ਕਵਾਇਦ ਦੀ ਝਲਕ ਮਿਲਦੀ ਹੈ, ਜਿਸ ਦਾ ਮੰਤਵ ਰਣਨੀਤਕ ਹਿੱਤਾਂ ਨੂੰ ਸੰਭਾਲਣ ਦੇ ਨਾਲ ਆਲਮੀ ਸਥਿਰਤਾ ਨੂੰ ਵੀ ਮਹੱਤਵ ਦੇਣਾ ਹੈ। ਇਹ ਇੱਕ ਸੰਤੁਲਿਤ ਰਣਨੀਤਕ ਕਾਰਵਾਈ ਹੈ। ਇਹ ਪਹੁੰਚ ਨਾ ਕੇਵਲ ਆਲਮੀ ਮੰਚ ’ਤੇ ਭਾਰਤ ਦੀ ਭੂਮਿਕਾ ਨੂੰ ਚਮਕਾਏਗੀ ਸਗੋਂ ਨਾਲ ਹੀ ਧਰੁਵੀਕਰਨ ਦੇ ਸ਼ਿਕਾਰ ਹੋ ਰਹੇ ਸੰਸਾਰ ’ਚ ਸ਼ਾਂਤੀ ਤੇ ਸੰਵਾਦ ਪ੍ਰਤੀ ਇਸ ਦੀ ਵਚਨਬੱਧਤਾ ਨੂੰ ਵੀ ਦੁਹਰਾਏਗੀ।

Advertisement

Advertisement