ਮੋਦੀ ਦਾ ਮਾਸਕੋ ਦੌਰਾ
ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਜਰੇ ਮਾਸਕੋ ਦੌਰੇ ਤੋਂ ਦੋ ਸਬਕ ਲਏ ਜਾ ਸਕਦੇ ਹਨ। ਪਹਿਲਾ ਇਹ ਕਿ ਦਿੱਲੀ ਅਤੇ ਮਾਸਕੋ ਵਿਚਕਾਰ ਰਿਸ਼ਤੇ ਹੋਰ ਮਜ਼ਬੂਤ ਹੋ ਰਹੇ ਹਨ; ਇਸ ਦੇ ਦਾਇਰੇ ਵਿੱਚ ਵਪਾਰ, ਵਣਜ, ਸੁਰੱਖਿਆ, ਖੇਤੀਬਾੜੀ, ਤਕਨਾਲੋਜੀ ਅਤੇ ਨਵੀਨ ਖੋਜਾਂ ਦੇ ਸਾਰੇ ਖੇਤਰ ਆ ਰਹੇ ਹਨ। ਦੂਜਾ, ਭਾਰਤ ਆਪਣੇ ਇਸ ‘ਸਦਾਬਹਾਰ ਦੋਸਤ’ ਨੂੰ ਤਰਕ ਦਾ ਰਾਹ ਦਿਖਾਉਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਯੂਕਰੇਨ ਦੀ ਰਾਜਧਾਨੀ ਵਿੱਚ ਬੱਚਿਆਂ ਦੇ ਹਸਪਤਾਲ ’ਤੇ ਹੋਏ ਮਿਜ਼ਾਈਲ ਹਮਲੇ ਤੋਂ ਬਾਅਦ ਮੋਦੀ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਆਖਿਆ ਹੈ ਕਿ ਯੂਰਕੇਨ ਟਕਰਾਅ ਦਾ ਹੱਲ ਜੰਗ ਦੇ ਮੈਦਾਨ ਵਿੱਚ ਸੰਭਵ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਮਲੇ ਵਿੱਚ ਮਾਰੇ ਗਏ ਬੱਚਿਆਂ ਲਈ ਜਿਵੇਂ ਆਪਣੀ ਹਮਦਰਦੀ ਜ਼ਾਹਿਰ ਕੀਤੀ ਹੈ, ਉਸ ਨਾਲ ਰਾਸ਼ਟਰਪਤੀ ਪੂਤਿਨ ਜ਼ਰੂਰ ਅਸਹਿਜ ਹੋਏ ਹੋਣਗੇ ਪਰ ਇਸ ਦੇ ਬਾਵਜੂਦ ਉਨ੍ਹਾਂ ਯੂਕਰੇਨ ਸੰਕਟ ਦਾ ਹੱਲ ਲੱਭਣ ਲਈ ਮੋਦੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਹੀ ਕੀਤੀ।
ਪ੍ਰਧਾਨ ਮੰਤਰੀ ਮੋਦੀ ਦੇ ਇਸ ਦੌਰੇ ਨਾਲ ਭਾਰਤ ਨੇ ਅਮਰੀਕਾ ਅਤੇ ਉਸ ਦੇ ਯੂਰੋਪੀਅਨ ਸੰਗੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਰਤ ਆਰਥਿਕ ਪਾਬੰਦੀਆਂ ਦੀਆਂ ਚਿਤਾਵਨੀਆਂ ਦੇ ਬਾਵਜੂਦ ਰੂਸ ਨਾਲ ਆਪਣੀ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਮਜ਼ਬੂਤ ਕਰਦਾ ਰਹੇਗਾ। ਇਸ ਜ਼ਮੀਨੀ ਹਕੀਕਤ ਨੂੰ ਸਵੀਕਾਰ ਕਰਦਿਆਂ ਭਾਵੇਂ ਅੱਧਮਨੇ ਢੰਗ ਨਾਲ ਹੀ ਸਹੀ, ਅਮਰੀਕਾ ਨੇ ਇਹ ਆਖਿਆ ਹੈ ਕਿ ਰੂਸ ਨਾਲ ਦਿੱਲੀ ਦੇ ਰਿਸ਼ਤਿਆਂ ’ਤੇ ਫਿ਼ਕਰਮੰਦੀ ਦੇ ਬਾਵਜੂਦ ਉਹ ਭਾਰਤ ਨੂੰ ਰਣਨੀਤਕ ਭਾਈਵਾਲ ਵਜੋਂ ਹੀ ਦੇਖੇਗਾ। ਸਤੰਬਰ 2022 ਵਿੱਚ ਮੋਦੀ ਨੇ ਪੂਤਿਨ ਨੂੰ ਕਿਹਾ ਸੀ, “ਇਹ ਜੰਗ ਲੜਨ ਦਾ ਯੁੱਗ ਨਹੀਂ ਹੈ।” ਮੋਦੀ ਦੀ ਇਸ ਟਿੱਪਣੀ ਨੂੰ ਕਾਫ਼ੀ ਪ੍ਰਮੁੱਖਤਾ ਨਾਲ ਉਭਾਰਿਆ ਗਿਆ ਸੀ ਹਾਲਾਂਕਿ ਇਹ ਦੋਵਾਂ ਵਿੱਚੋਂ ਕਿਸੇ ਵੀ ਧਿਰ ਨੂੰ ਸਹਿਮਤ ਕਰਨ ਵਿੱਚ ਸਹਾਈ ਨਹੀਂ ਹੋ ਸਕੀ ਬਲਕਿ ਪੂਤਿਨ ਨੇ ਹਾਲ ਹੀ ਵਿੱਚ ਚੀਨ ਅਤੇ ਉੱਤਰੀ ਕੋਰੀਆ ਦਾ ਦੌਰਾ ਕਰ ਕੇ ਰੂਸ ਲਈ ਸਮਰਥਨ ਹੋਰ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ।
ਹੁਣ ਭਾਰਤ ਨੇ ਰੂਸ-ਯੂਕਰੇਨ ਦਰਮਿਆਨ ਬਣੇ ਜਮੂਦ ਨੂੰ ਤੋੜਨ ਲਈ ਮੁੜ ਸੰਵਾਦ ਅਤੇ ਕੂਟਨੀਤੀ ਉੱਤੇ ਜ਼ੋਰ ਦਿੱਤਾ ਹੈ। ਨਤੀਜਾ ਭਾਵੇਂ ਕੋਈ ਵੀ ਹੋਵੇ ਪਰ ਦਿੱਲੀ ਦੀ ਵਿਹਾਰਕ ਪਹੁੰਚ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੱਛਮੀ ਜਗਤ ਅਤੇ ਰੂਸ ਬਿਨਾਂ ਕਿਸੇ ਠੋਸ ਅਧਾਰ ਤੋਂ ਯਕੀਨੀ ਤੌਰ ’ਤੇ ਭਾਰਤ ਤੋਂ ਹਮਾਇਤ ਦੀ ਉਮੀਦ ਨਹੀਂ ਰੱਖ ਸਕਦੇ। ਦਰਅਸਲ, ਜਿੰਨੀ ਤੇਜ਼ੀ ਨਾਲ ਹੁਣ ਸੰਸਾਰ ਦੀ ਭੂ-ਸਿਆਸਤ ਅੰਦਰ ਨਵੀਆਂ ਸਫ਼ਬੰਦੀਆਂ ਹੋ ਰਹੀਆਂ ਹਨ, ਉਸ ਪ੍ਰਸੰਗ ਵਿੱਚ ਭਾਰਤ ਨੂੰ ਸੰਤੁਲਨ ਬਣਾ ਕੇ ਹੀ ਰੱਖਣਾ ਪਵੇਗਾ ਅਤੇ ਵੱਖ-ਵੱਖ ਮਸਲਿਆਂ ’ਤੇ ਆਪਣੇ ਹਿਤਾਂ ਦੇ ਹਿਸਾਬ ਨਾਲ ਪੈਂਡੜੇ ਮੱਲਣੇ ਪੈਣਗੇ।