ਮੋਦੀ ਦੀ ਅਮਰੀਕਾ ਫੇਰੀ
ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਫੇਰੀ ਇੱਕ ਅਜਿਹੇ ਨਾਜ਼ੁਕ ਮੌਕੇ ’ਤੇ ਹੋਣ ਜਾ ਰਹੀ ਹੈ ਜਦੋਂ ਅਮਰੀਕਾ ਵਿੱਚ ਚੁਣਾਵੀ ਤਣਾਅ ਅਤੇ ਕੂਟਨੀਤਕ ਚੁਣੌਤੀਆਂ ਦਾ ਦੌਰ ਮਘਦਾ ਜਾ ਰਿਹਾ ਹੈ। 2019 ਦੀ ਫੇਰੀ ਜਦੋਂ ਉਨ੍ਹਾਂ ‘ਅਬ ਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਲਾ ਕੇ ਡੋਨਲਡ ਟਰੰਪ ਦੀ ਪਿੱਠ ਥਾਪੜੀ ਸੀ, ਦੇ ਮੁਕਾਬਲੇ ਉਨ੍ਹਾਂ ਦੇ ਇਸ ਦੌਰੇ ਨੂੰ ਉਭਾਰਿਆ ਨਹੀਂ ਜਾ ਰਿਹਾ। ਹੁਣ ਜਦੋਂ ਅਮਰੀਕੀ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਇਸ ਵਾਰ ਭਾਰਤ ਰਿਪਬਲਿਕਨ ਅਤੇ ਡੈਮੋਕਰੈਟਿਕ ਪਾਰਟੀ ਦੇ ਦੋਵੇਂ ਉਮਦੀਵਾਰਾਂ ਨਾਲ ਬਚ-ਬਚ ਕੇ ਪੇਸ਼ ਆ ਰਿਹਾ ਹੈ ਤਾਂ ਕਿ ਕਿਸੇ ਨੂੰ ਵੀ ਇਹ ਪ੍ਰਭਾਵ ਨਾ ਪਵੇ ਕਿ ਉਹ ਕਿਸੇ ਇੱਕ ਧਿਰ ਦੀ ਹਮਾਇਤ ਕਰ ਰਿਹਾ ਹੈ। ਭਾਰਤ ਦੇ ਵਰਤਮਾਨ ਕੂਟਨੀਤਕ ਸਮੀਕਰਨ ਮੁਤਾਬਿਕ ਇਸ ਨੂੰ ਅਮਰੀਕਾ ਵਿੱਚ ਦੋਵੇਂ ਸਿਆਸੀ ਖੇਮਿਆਂ ਨਾਲ ਸਾਵੇਂ ਸਬੰਧ ਬਰਕਰਾਰ ਰੱਖਣ ਦੀ ਲੋੜ ਹੈ। ਟਰੰਪ ਨਾਲ ਮੋਦੀ ਦੀ ਨੇੜਤਾ ਉਨ੍ਹਾਂ ਦੇ ਸ਼ਾਸਨ ਕਾਲ ਵੇਲੇ ਭਾਰਤ ਲਈ ਮਦਦਗਾਰ ਸਾਬਿਤ ਹੋਈ ਸੀ, ਪਰ ਉੱਭਰ ਰਹੇ ਭੂ-ਰਾਜਸੀ ਦ੍ਰਿਸ਼ ਵਿੱਚ ਧੜੇਬੰਦਕ ਨੇੜਤਾ ਪਾਲ਼ਣੀ ਬਹੁਤ ਜੋਖ਼ਮ ਭਰਪੂਰ ਹੋ ਸਕਦੀ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਬਣਨ ਨਾਲ ਭਾਰਤ ਨੂੰ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਵ੍ਹਾਈਟ ਹਾਊਸ ਦੀ ਦੌੜ ਵਿੱਚ ਭਾਵੇਂ ਕੋਈ ਵੀ ਜਿੱਤੇ ਪਰ ਅਮਰੀਕਾ ਨਾਲ ਉਸ ਦੇ ਰਣਨੀਤਕ ਸਬੰਧ ਖਰਾਬ ਨਾ ਹੋਣ।
ਗੁਰਪਤਵੰਤ ਸਿੰਘ ਪੰਨੂ ਦੇ ਕੇਸ ਦੇ ਮੱਦੇਨਜ਼ਰ ਮਾਮਲੇ ਹੋਰ ਜ਼ਿਆਦਾ ਪੇਚੀਦਾ ਹੋ ਗਏ ਹਨ। ਇੱਕ ਅਮਰੀਕੀ ਅਦਾਲਤ ਨੇ ਹਾਲ ਹੀ ਵਿੱਚ ਖਾਲਿਸਤਾਨੀ ਆਗੂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਪ੍ਰਮੁੱਖ ਭਾਰਤੀ ਅਹਿਲਕਾਰਾਂ ਨੂੰ ਸੰਮਨ ਜਾਰੀ ਕੀਤੇ ਹਨ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਗ਼ੈਰ-ਜ਼ਰੂਰੀ ਕਰਾਰ ਦੇ ਕੇ ਦਰਕਿਨਾਰ ਕਰ ਦਿੱਤਾ ਹੈ ਪਰ ਇਹ ਮੁੱਦਾ ਭਾਰਤ-ਅਮਰੀਕਾ ਸਬੰਧਾਂ ਵਿੱਚ ਇੱਕ ਅੜਿੱਕਾ ਬਣਿਆ ਹੋਇਆ ਹੈ ਜਿਸ ਕਰ ਕੇ ਕੂਟਨੀਤਕ ਰਿਸ਼ਤੇ ਵਿਗੜ ਸਕਦੇ ਹਨ।
ਪਹਿਲੀਆਂ ਫੇਰੀਆਂ ਦੇ ਉਲਟ ਇਸ ਵਾਰ ਕੁਆਡ ਸ਼ਿਖਰ ਵਾਰਤਾ ਅਤੇ ਭਵਿੱਖ ਦੇ ਸੰਯੁਕਤ ਰਾਸ਼ਟਰ ਸ਼ਿਖਰ ਸੰਮੇਲਨ ਜਿਹੀਆਂ ਬਹੁਧਿਰੀ ਵਾਰਤਾਵਾਂ ਉੱਪਰ ਧਿਆਨ ਕੇਂਦਰਿਤ ਰਹੇਗਾ ਜੋ ਇੱਕ ਸੁਲਝੀ ਹੋਈ ਪਹੁੰਚ ਜਾਪਦੀ ਹੈ। ਇਸ ਦੇ ਏਜੰਡੇ ਵਿੱਚ ਖੇਤਰੀ ਸੁਰੱਖਿਆ, ਤਕਨਾਲੋਜੀ ਅਤੇ ਜਲਵਾਯੂ ਤਬਦੀਲੀ ਬਾਰੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਆਲਮੀ ਪੱਧਰ ’ਤੇ ਇਕ ਸ਼ਾਂਤੀ ਸਥਾਪਤ ਕਰਨ ਵਾਲੇ ਮੁਲਕ ਦੇ ਤੌਰ ’ਤੇ ਭਾਰਤ ਦੀ ਦਿੱਖ ਨੂੰ ਉਜਾਗਰ ਕਰਨਾ ਸ਼ਾਮਿਲ ਰਹੇਗਾ। ਅਮਰੀਕਾ ਵਿੱਚ ਭਾਰਤੀ ਪਰਵਾਸੀ ਭਾਈਚਾਰੇ ਅਤੇ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨਾਲ ਮੁਲਾਕਾਤਾਂ ਆਰਥਿਕ ਸਾਂਝੇਦਾਰੀ ਲਈ ਉਨ੍ਹਾਂ ਦੀ ਸਰਕਾਰ ਦੇ ਉਦੇਸ਼ ਨੂੰ ਰੇਖਾਂਕਿਤ ਕਰਨਗੀਆਂ। ਭੂ-ਰਾਜਸੀ ਮੋੜ ਘੋੜਾਂ ’ਚੋਂ ਗੁਜ਼ਰਦਿਆਂ ਅਤੇ ਅਮਰੀਕੀ ਚੁਣਾਵੀ ਰਾਜਨੀਤੀ ਨਾਲ ਸਮਤੋਲ ਬਿਠਾਉਂਦਿਆਂ ਇਹ ਫੇਰੀ ਇੱਕ ਵਧੇਰੇ ਪੁਖਤਾ, ਦੀਰਘਕਾਲੀ ਕੂਟਨੀਤਕ ਸੰਕਲਪ ਉੱਪਰ ਫੋਕਸ ਨੂੰ ਉਜਾਗਰ ਕਰੇਗੀ।