For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਵੱਲੋਂ ਮੋਦੀ ਦਾ ਵਿਰੋਧ

09:09 AM May 24, 2024 IST
ਕਿਸਾਨਾਂ ਵੱਲੋਂ ਮੋਦੀ ਦਾ ਵਿਰੋਧ
ਪਟਿਆਲਾ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਕਿਸਾਨ ਆਗੂ ਤੇ ਕਾਰਕੁਨ। -ਫੋਟੋ: ਏਐੱਨਆਈ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਮਈ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਅੱਜ ਪਟਿਆਲਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਰੋਧ ’ਚ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਕਿਸਾਨਾਂ ਅਤੇ ਬੀਬੀਆਂ ਨੇ ਸ਼ਿਰਕਤ ਕੀਤੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਇਹ ਰੋਸ ਮੁਜ਼ਾਹਰਾ ਮਿਨੀ ਸਕੱਤਰੇਤ ਨੇੜੇ ਕੀਤਾ ਗਿਆ, ਜਿਸ ਨੂੰ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਨਕ ਸਿੰਘ ਭਟਾਲ, ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾ ਤੇ ਸੂਬਾ ਪ੍ਰਚਾਰਕ ਸਕੱਤਰ ਜਗਤਾਰ ਸਿੰਘ ਕਾਲਾਝਾੜ ਤੇ ਹਰਿੰਦਰ ਕੌਰ ਬਿੰਦੂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਕਿਰਤੀ ਲੋਕਾਂ ਨੂੰ ਪਛਾੜ ਕੇ ਕਾਰਪੋਰੇਟਾਂ ਦੇ ਪੱਖ ਪੂਰ ਰਹੀ ਹੈ ਅਤੇ ਜੋ ਪਿਛਲੇ ਅੰਦੋਲਨ ਦੌਰਾਨ ਤਿੰਨ ਕਾਲੇ ਕਾਨੂੰਨ ਭਾਜਪਾ ਸਰਕਾਰ ਲੈ ਕੇ ਆਈ ਸੀ, ਉਸ ਨੂੰ ਕਿਰਤੀ ਲੋਕਾਂ ਨੇ ਇਕੱਠੇ ਹੋ ਕੇ ਰੱਦ ਕਰਵਾਇਆ ਅਤੇ ਉਸ ਦੌਰਾਨ ਮੋਦੀ ਸਰਕਾਰ ਨੇ ਜੋ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸਨ ਉਹ ਮੰਗਾਂ ਲਾਗੂ ਕਰਵਾਉਣ ਲਈ ਲਗਾਤਾਰ ਕਿਸਾਨ ਮੁਜ਼ਾਹਰੇ ਕਰ ਰਹੇ ਹਨ। ਇਨ੍ਹਾਂ ਮੰਗਾਂ ਦੇ ਵਿੱਚ ਸਾਰੀਆਂ ਫਸਲਾਂ ਦੇ ਉੱਪਰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਅਤੇ ਜਨਤਕ ਵੰਡ ਪ੍ਰਣਾਲੀ ਦਾ ਕਾਨੂੰਨ ਸਹੀ ਤਰੀਕੇ ਨਾਲ ਬਣਾਉਣਾ, ਖੇਤੀ ਫਸਲਾਂ ’ਤੇ ਸਰਕਾਰੀ ਤੌਰ ’ਤੇ ਬੀਮਾ ਤੇ ਸਾਰੇ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਕਰਨਾ ਆਦਿ ਸ਼ਾਮਲ ਹਨ।
ਕਿਸਾਨ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੋ ਰਹਿੰਦੀਆਂ ਮੰਗਾਂ ਮੰਨਵਾਉਣ ਵਾਸਤੇ ਦੁਬਾਰਾ ਫੇਰ ਕਿਸਾਨ ਦਿੱਲੀ ਵੱਲ ਜਾ ਰਹੇ ਸੀ ਤਾਂ ਇੱਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਕੇ ਸ਼ਹੀਦ ਤੇ ਅਨੇਕਾਂ ਹੋਰ ਕਿਸਾਨ ਜ਼ਖ਼ਮੀ ਕਰਨ ਸਮੇਤ ਕਿਸਾਨਾਂ ਦੇ ਟਰੈਕਟਰ ਤੇ ਹੋਰ ਸਾਧਨ ਤੋੜ ਦਿੱਤੇ ਗਏ। ਕੁਝ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਮੋਦੀ ਸਰਕਾਰ ਕਿਸਾਨ ਪੱਖੀ ਨੀਤੀਆਂ ਲਾਗੂ ਨਹੀਂ ਕਰਨਾ ਚਾਹੁੰਦੀ ਅਤੇ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੋਗਰਾਮ ਉਲੀਕੇ ਗਏ ਹਨ ਕਿ ਉਨ੍ਹਾਂ ਤਹਿਤ ਭਾਜਪਾ ਆਗੂਆਂ ਦਾ ਭਾਰਤ ਵਿੱਚ ਵਿਰੋਧ ਕੀਤਾ ਜਾਵੇਗਾ। ਰੈਲੀ ਦੌਰਾਨ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਬਰਾਸ, ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਮਾਲੇਰਕੋਟਲੇ ਦੇ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਭੂੰਦਨ, ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਨੈਣੇਵਾਲ, ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਮੋਗਾ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸੈਦੋਕੇ, ਮਾਨਸਾ ਜ਼ਿਲ੍ਹੇ ਦੇ ਜਨਰਲ ਸਕੱਤਰ ਇੰਦਰਜੀਤ ਝੱਬਰ ਵੀ ਸ਼ਾਮਲ ਹੋਏ।

Advertisement

ਕਾਂਗਰਸੀ ਵਰਕਰਾਂ ਨੇ ‘ਮੋਦੀ ਗੋ ਬੈਕ’ ਦੇ ਨਾਅਰੇ ਲਾਏ

ਪ੍ਰਧਾਨ ਮੰਤਰੀ ਖ਼ਿਲਾਫ਼ ਪ੍ਰਦਰਸ਼ਨ ਕਰਦੀਆਂ ਹੋਈਆਂ ਮਹਿਲਾ ਕਾਂਗਰਸ ਦੀਆਂ ਕਾਰਕੁਨਾਂ।

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਇੱਥੇ ਅੱਜ ਪੰਜਾਬ ਦੀ ਮਹਿਲਾ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਟਿਆਲਾ ਫੇਰੀ ਦਾ ਵਿਰੋਧ ਕਰਦਿਆਂ ਜਿਉਂ ਹੀ ‘ਨਰਿੰਦਰ ਮੋਦੀ ਗੋ ਬੈਕ’ ਅਤੇ ‘ਨਰਿੰਦਰ ਮੋਦੀ ਕਿਸਾਨ ਵਿਰੋਧੀ’ ਦੇ ਨਾਅਰੇ ਲਗਾਏ ਤਾਂ ਭਾਜਪਾ ਦੇ ਕੁਝ ਕਾਰਕੁਨਾਂ ਨੇ ਮਹਿਲਾਵਾਂ ਨਾਲ ਬਦਸਲੂਕੀ ਕੀਤੀ। ਇਸ ਦੌਰਾਨ ਪੁਲੀਸ ਮੂਕ ਦਰਸ਼ਕ ਬਣੀ ਰਹੀ। ਮਹਿਲਾ ਕਾਂਗਰਸ ਦੀ ਸੂਬਾ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਕਿਹਾ ਕਿ ਉਹ ਭਾਜਪਾਈਆਂ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਰੈਲੀ ਵਿੱਚ ਬੱਸਾਂ ਰਾਹੀਂ ਦਿਹਾੜੀ ’ਤੇ ਲਿਆਂਦੇ ਬੰਦੇ ਸ਼ਾਮਲ ਹੋਏ ਸਨ। ਇਸ ਦੇ ਬਾਵਜੂਦ ਭਾਜਪਾ ਵੱਡਾ ਇਕੱਠ ਜੁਟਾਉਣ ’ਚ ਨਾਕਾਮ ਰਹੀ। ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਮਹਿਲਾ ਕਾਂਗਰਸ ਨੇ ਸਿਰ ’ਤੇ ਕਾਲੀਆਂ ਚੁੰਨੀਆਂ ਲੈ ਕੇ ਮੋਦੀ ਦੀ ਪਟਿਆਲਾ ਫੇਰੀ ਦਾ ਵਿਰੋਧ ਕੀਤਾ। ਬੀਬੀ ਰੰਧਾਵਾ ਨੇ ਕਿਹਾ ਕਿ ਪੁਲੀਸ ਦੇ ਖ਼ੁਫ਼ੀਆ ਵਿਭਾਗ ਨੂੰ ਮੋਦੀ ਫੇਰੀ ਦਾ ਵਿਰੋਧ ਕਰਨ ਦੀ ਸੂਹ ਮਿਲਣ ’ਤੇ ਪੁਲੀਸ ਵੱਲੋਂ ਮਹਿਲਾ ਕਾਂਗਰਸ ਆਗੂਆਂ ਦੇ ਘਰਾਂ ਦੀ ਨਿਗਰਾਨੀ ਕੀਤੀ ਗਈ ਤੇ ਕਈ ਮਹਿਲਾਵਾਂ ਨੂੰ ਘਰੋਂ ਨਿਕਲਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਮੋਦੀ ਦੀ ਪੰਜਾਬ ਫੇਰੀ ਸਿਰਫ਼ ਮਹਿਲਾ ਕਾਂਗਰਸ ਲਈ ਹੀ ਨਹੀਂ, ਸਗੋਂ ਕਿਸਾਨਾਂ ਤੇ ਆਮ ਲੋਕਾਂ ਲਈ ਵੀ ਸਿਰਦਰਦੀ ਬਣੀ ਹੋਈ ਹੈ ਕਿਉਂਕਿ ਥਾਂ-ਥਾਂ ਤੇ ਲੋਕਾਂ ਨੂੰ ਨਾਕਾਬੰਦੀ ਕਰਕੇ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਸ਼ਨ ਵਿੱਚ ਪੰਜਾਬ ਦੇ ਵਿਕਾਸ ਬਾਰੇ ਕੋਈ ਗੱਲ ਨਹੀਂ ਕੀਤੀ। ਇਸ ਮੌਕੇ ਰੇਖਾ ਅਗਰਵਾਲ, ਬੀਬੀ ਭੱਠਲ ਅਤੇ ਹੋਰ ਮਹਿਲਾ ਆਗੂ ਵੀ ਹਾਜ਼ਰ ਸਨ।

Advertisement
Author Image

joginder kumar

View all posts

Advertisement
Advertisement
×