ਮੋਦੀ ਦੀਆਂ ਗਾਰੰਟੀਆਂ ਝੂਠੀਆਂ: ਖੜਗੇ
ਪੁੱਡੂਚੇਰੀ, 15 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੀਆਂ ਗਈਆਂ ਗਾਰੰਟੀਆਂ ‘ਝੂਠੀਆਂ’ ਹਨ ਕਿਉਂਕਿ ਉਨ੍ਹਾਂ ਵਿੱਚੋਂ ਕੋਈ ਵੀ ਗਾਰੰਟੀ ਪੂਰੀ ਨਹੀਂ ਹੋਈ ਹੈ। ਕਾਂਗਰਸ ਦੇ ਪੁੱਡੂਚੇਰੀ ਲੋਕ ਸਭਾ ਸੀਟ ਤੋਂ ਉਮੀਦਵਾਰ ਵੀ ਵੈਥਿਲਿੰਗਮ ਦੇ ਸਮਰਥਨ ਵਿੱਚ ਇੱਥੇ ‘ਇੰਡੀਆ’ ਗੱਠਜੋੜ ਵੱਲੋਂ ਕਰਵਾਈ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਨੌਜਵਾਨਾਂ ਨੂੰ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਪਰ ਇਹ ਪੂਰਾ ਨਹੀਂ ਹੋਇਆ।
ਖੜਗੇ ਨੇ ਕਿਹਾ, ‘‘ਇਸੇ ਤਰ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀਆਂ ਕੀਮਤਾਂ ਵਿੱਚ ਵਾਧਾ ਜਾਂ ਉਨ੍ਹਾਂ ਦੀਆਂ ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਨਹੀਂ ਮਿਲ ਰਿਹਾ ਹੈ। ਵਿਦੇਸ਼ ਵਿੱਚ ਜਮ੍ਹਾ ਕਾਲੇ ਧਨ ਦੀ ਵਾਪਸੀ ਤੋਂ ਹਰੇਕ ਵਿਅਕਤੀ ਨੂੰ 15 ਲੱਖ ਰੁਪਏ ਮਿਲਣ ਦਾ ਵਾਅਦਾ ਵੀ ਅਜੇ ਤੱਕ ਪੂਰਾ ਨਹੀਂ ਹੋਇਆ ਹੈ।’’
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਗਾਰੰਟੀਆਂ ਜਾਂ ਵਾਅਦੇ ਝੂਠੇ ਹਨ ਅਤੇ ਲੋਕਾਂ ਨੂੰ ਧੋਖਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਲੋਕਾਂ ਲਈ ‘ਇੰਡੀਆ’ ਗੱਠਜੋੜ ਦਾ ਸਮਰਥਨ ਕਰਨ ਅਤੇ ‘ਉਨ੍ਹਾਂ ਦੇ ਮੌਲਿਕ ਅਧਿਕਾਰਾਂ ਅਤੇ ਲੋਕਤੰਤਰ ਦੀ ਸੁਰੱਖਿਆ ਯਕੀਨੀ ਬਣਾਉਣ’ ਦਾ ਮੌਕਾ ਹੋਵੇਗਾ। ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਨੇ ਮਹਿੰਗਾਈ ਨੂੰ ਰੋਕਣ ਲਈ ਕੁੱਝ ਨਹੀਂ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵਾਂ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਪ੍ਰੇਸ਼ਾਨ ਕਰਨ ਤੇ ਉਨ੍ਹਾਂ ’ਤੇ ਆਪਣੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਦਬਾਅ ਪਾਉਣ ਲਈ ਈਡੀ, ਸੀਬੀਆਈ ਅਤੇ ਆਮਦਨ ਕਰ ਵਰਗੀਆਂ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਹਨ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੂਬਿਆਂ ਦੇ ਰਾਜਪਾਲਾਂ ਦੀ ਵਰਤੋਂ ਵਿਰੋਧੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਪ੍ਰੇਸ਼ਾਨ ਕਰਨ ਲਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁੱਡੂਚੇਰੀ ਵਿੱਚ ਕਾਂਗਰਸ ਨੇਤਾ ਵੀ ਨਾਰਾਇਣਸਾਮੀ (ਜਿਨ੍ਹਾਂ ਖੜਗੇ ਦੇ ਭਾਸ਼ਨ ਦਾ ਤਾਮਿਲ ਵਿੱਚ ਅਨੁਵਾਦ ਕੀਤਾ) ਨੂੰ ਉਸ ਸਮੇਂ ਉਪ ਰਾਜਪਾਲ ਦੇ ਹੱਥੋਂ ਪ੍ਰੇਸ਼ਾਨੀ ਝੱਲਣੀ ਪਈ ਸੀ, ਜਦੋਂ ਉਹ ਪੁੱਡੂਚੇਰੀ ਸਰਕਾਰ ਦੀ ਅਗਵਾਈ ਕਰ ਰਹੇ ਸੀ।
ਖੜਗੇ ਨੇ ਦੋਸ਼ ਲਾਇਆ ਕਿ ਇਹੀ ਕੁੱਝ ਹੁਣ ਤਾਮਿਲਨਾਡੂ ਵਿੱਚ ਵੀ ਦੇਖਿਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੂੰ ਵੀ ਰਾਜਪਾਲ ਦੇ ਹੱਥੋਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਤਾਮਿਲਨਾਡੂ ਦੇ ਰਾਜਪਾਲ ਮੁੱਖ ਮੰਤਰੀ ਤਰਫ਼ੋਂ ਉਨ੍ਹਾਂ ਨੂੰ ਭੇਜੀਆਂ ਗਈਆਂ ਫਾਈਲਾਂ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਰਹੇ ਹਨ ਅਤੇ ‘ਲੋਕਾਂ ਲਈ ਚੰਗੀਆਂ ਯੋਜਨਾਵਾਂ ਦੀ ਮਨਜ਼ੂਰੀ ਰੋਕ ਰਹੇ ਹਨ।’
ਖੜਗੇ ਨੇ ਕਿਹਾ, ‘‘ਜੇਕਰ ਚੁਣੇ ਗਏ ਮੁੱਖ ਮੰਤਰੀਆਂ ਦਾ ਇਹ ਹਾਲ ਹੈ ਤਾਂ ਲੋਕਤੰਤਰ ਕਿਵੇਂ ਕੰਮ ਕਰ ਸਕਦਾ ਹੈ? ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਪ੍ਰਧਾਨ ਮੰਤਰੀ ਸੰਵਿਧਾਨ ਦੀ ਪਾਲਨਾ ਕਰ ਰਹੇ ਹਨ।’’ ਇਹ ਜ਼ਿਕਰ ਕਰਦਿਆਂ ਕਿ ਕਾਂਗਰਸ ਪੁੱਡੂਚੇਰੀ ਨੂੰ ਸੂਬੇ ਦਾ ਦਰਜਾ ਦਿਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਕਾਂਗਰਸ ਨੇਤਾ ਨੇ ਕਿਹਾ ਕਿ ਭਾਜਪਾ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਮੁੱਦੇ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਹੈ। -ਪੀਟੀਆਈ
ਕਾਂਗਰਸ ਨੇ ਚੋਣ ਪ੍ਰਚਾਰ ਲਈ ਗੀਤ ਜਾਰੀ ਕੀਤਾ
ਨਵੀਂ ਦਿੱਲੀ: ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਅੱਜ ਚੋਣ ਪ੍ਰਚਾਰ ਨਾਲ ਸਬੰਧਤ ਇਕ ਗੀਤ (ਪ੍ਰਚਾਰ ਗੀਤ) ਜਾਰੀ ਕੀਤਾ। ਇਹ ਗੀਤ ਮਹਿਲਾਵਾਂ, ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਲਈ ‘ਨਿਆਂ’ ਦੇ ਨਾਲ-ਨਾਲ ਭਾਗੀਦਾਰੀ ਨਿਆਂ ’ਤੇ ਆਧਾਰਿਤ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਅਤੇ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਕਾਂਗਰਸ ਹੈੱਡਕੁਆਰਟਰ ਵਿੱਚ ‘ਹਮ ਸਾਥ ਹੈਂ ਤੋ ਹਾਥ ਯੇ ਹਾਲਾਤ ਬਦਲ ਦੇਗਾ’ ਬੋਲਾਂ ਵਾਲਾ ਇਹ ਗੀਤ ਜਾਰੀ ਕੀਤਾ। ਰਮੇਸ਼ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਕਾਂਗਰਸ ਦੀ ਪ੍ਰਚਾਰ ਮੁਹਿੰਮ ਦਾ ਪਹਿਲਾ ਗੇੜ ਸੀ-‘ਮੇਰੇ ਵਿਕਾਸ ਕਾ ਦੋ ਹਿਸਾਬ’’। ਇਸ ਮਗਰੋਂ ਸਾਡੀ ਚੋਣ ਮੁਹਿੰਮ ‘ਹਾਥ ਬਦਲੇਗਾ ਹਾਲਾਤ’ ਸ਼ੁਰੂ ਹੋਈ। ਇਸ ਦੇ ਨਾਲ ਹੀ ਕਾਂਗਰਸ ਨੇ ਆਪਣਾ ‘ਨਿਆਂ ਪੱਤਰ’ ਜਾਰੀ ਕੀਤਾ ਸੀ।’’ -ਪੀਟੀਆਈ