ਅਡਾਨੀ ਲਈ ਮੋਦੀ ਦਾ ਵੱਖਰਾ ਰਵੱਈਆ: ਰਾਹੁਲ
ਕੋਜ਼ੀਕੋਡ (ਕੇਰਲਾ), 30 ਨਵੰਬਰ
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਉਦਯੋਗਪਤੀ ਗੌਤਮ ਅਡਾਨੀ ਨਾਲ ਵੱਖਰੀ ਤਰ੍ਹਾਂ ਦਾ ਵਿਵਹਾਰ ਕਰਨ ਅਤੇ ਵਾਇਨਾਡ ਵਿੱਚ ਢਿੱਗਾਂ ਡਿੱਗਣ ਦੀ ਘਟਨਾ ਦੇ ਪੀੜਤਾਂ ਨੂੰ ਬਣਦੀ ਸਹਾਇਤਾ ਮੁਹੱਈਆ ਨਾ ਕਰ ਕੇ ਉਨ੍ਹਾਂ ਨਾਲ ਭੇਦਭਾਵ ਕਰਨ ਦਾ ਦੋਸ਼ ਲਗਾਇਆ। ਰਾਹੁਲ ਨੇ ਮੁੱਕਮ ਵਿੱਚ ਆਪਣੀ ਭੈਣ ਤੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨਾਲ ਮਿਲ ਕੇ ਸਾਂਝੀ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ। ਵਾਇਨਾਡ ਲੋਕ ਸਭਾ ਹਲਕੇ ਤੋਂ ਆਪਣੀ ਪਹਿਲੀ ਤੇ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਪ੍ਰਿਯੰਕਾ ਗਾਂਧੀ ਵਾਡਰਾ ਪਹਿਲੀ ਵਾਰ ਵਾਇਨਾਡ ਲੋਕ ਸਭਾ ਹਲਕੇ ਦੇ ਦੌਰੇ ’ਤੇ ਆਈ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਮੋਦੀ ਭਾਰਤ ਦੇ ਲੋਕਾਂ ਦੇ ਮੁਕਾਬਲੇ ਉਦਯੋਗਪਤੀ ਗੌਤਮ ਅਡਾਨੀ ਨਾਲ ਵੱਖਰੀ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਜਦਕਿ ਸੰਵਿਧਾਨ ਕਹਿੰਦਾ ਹੈ ਕਿ ਸਾਰਿਆਂ ਨਾਲ ਇੱਕੋ ਵਰਗਾ ਵਿਵਹਾਰ ਹੋਣਾ ਚਾਹੀਦਾ ਹੈ। ਅੱਗੇ, ਉਨ੍ਹਾਂ ਮੋਦੀ ’ਤੇ ਵਾਇਨਾਡ ਦੇ ਲੋਕਾਂ ਨਾਲ ਭੇਦਭਾਵ ਕਰਨ ਦੇ ਦੋੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਉਹ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਇੱਛੁਕ ਨਹੀਂ ਹਨ।
ਰਾਹੁਲ ਨੇ ਢਿੱਗਾਂ ਡਿੱਗਣ ਦੀ ਘਟਨਾ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੇ ਯੂਡੀਐੱਫ ਇਸ ਘਟਨਾ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਤੇ ਖੁਸ਼ਹਾਲੀ ਗੁਆਉਣ ਵਾਲੇ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ, ‘‘ਬਦਕਿਸਮਤੀ ਨਾਲ, ਅਸੀਂ ਸਰਕਾਰ ਵਿੱਚ ਨਹੀਂ ਹਾਂ ਅਤੇ ਅਸੀਂ ਉਹ ਨਹੀਂ ਕਰ ਸਕਦੇ ਜੋ ਕਿ ਸਰਕਾਰ ਕਰ ਸਕਦੀ ਹੈ।’’ -ਪੀਟੀਆਈ