ਸੈਕਟਰ-39 ’ਚ ਸਬਜ਼ੀ ਮੰਡੀ ਤਬਦੀਲ ਕਰਨ ਸਬੰਧੀ ਨਕਸ਼ੇ ’ਚ ਸੋਧ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਮਈ
ਯੂਟੀ ਪ੍ਰਸ਼ਾਸਨ ਦੇ ਸ਼ਹਿਰੀ ਯੋਜਨਾ ਵਿਕਾਸ ਨੇ ਅਨਾਜ, ਫਲ ਤੇ ਸਬਜ਼ੀ ਮੰਡੀ ਨੂੰ ਸੈਕਟਰ-26 ਤੋਂ ਸੈਕਟਰ-39 ਵਿੱਚ ਤਬਦੀਲ ਕਰਨ ਲਈ ਪਹਿਲਾਂ ਤਿਆਰ ਕੀਤੇ ਨਕਸ਼ੇ ਵਿੱਚ ਸੋਧ ਕਰ ਦਿੱਤੀ ਹੈ। ਇਸ ਤੋਂ ਬਾਅਦ ਸ਼ਹਿਰੀ ਯੋਜਨਾ ਵਿਭਾਗ ਨੇ ਸੋਧਿਆ ਹੋਇਆ ਨਕਸ਼ਾ ਚੰਡੀਗੜ੍ਹ ਦੇ ਖੇਤੀਬਾੜੀ ਵਿਭਾਗ ਨੂੰ ਸੌਂਪ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਇਸ ਨਵੇਂ ਨਕਸ਼ੇ ਵਿੱਚ ਅਨਾਜ, ਫਲ ਤੇ ਸਬਜ਼ੀ ਮੰਡੀ ਦੀ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ। ਇਸ ਤੋਂ ਇਲਾਵਾ ਮੰਡੀ ਵਿੱਚ ਸਾਮਾਨ ਲਿਆਉਣ ਵਾਲੇ ਟਰੱਕਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਜ਼ਿਕਰਯੋਗ ਹੈ ਕਿ ਅਗਸਤ 2023 ਵਿੱਚ ਸ਼ਹਿਰੀ ਯੋਜਨਾ ਵਿਕਾਸ ਨੇ ਮੰਡੀ ਨੂੰ ਤਬਦੀਲ ਕਰਨ ਲਈ ਨਕਸ਼ਾ ਤਿਆਰ ਕੀਤਾ ਸੀ, ਜਿਸ ਵਿੱਚ ਯੂਟੀ ਪ੍ਰਸ਼ਾਸਕ ਦੇ ਤਤਕਾਲੀ ਸਲਾਹਕਾਰ ਵੱਲੋਂ ਕੁਝ ਇਤਰਾਜ਼ ਜਤਾਏ ਗਏ ਸਨ। ਇਸ ਦੇ ਨਾਲ ਹੀ ਨਕਸ਼ੇ ਨੂੰ ਮੁੜ ਤੋਂ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸ਼ਹਿਰੀ ਯੋਜਨਾ ਵਿਭਾਗ ਵੱਲੋਂ ਮੁੜ ਤੋਂ ਮੰਡੀ ਦਾ ਨਕਸ਼ਾ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸੈਕਟਰ-26 ਸਬਜ਼ੀ ਮੰਡੀ ਵਿੱਚ ਆਵਾਜਾਈ ਸਮੱਸਿਆ ਦੇ ਨਿਪਟਾਰੇ ਲਈ ਸਬਜ਼ੀ ਮੰਡੀ ਨੂੰ ਸੈਕਟਰ-39 ਵਿੱਚ ਤਬਦੀਲ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਸੀ। ਇਸ ਲਈ ਸੈਕਟਰ-39 ਵਿਖੇ ਸਥਿਤ ਅਨਾਜ ਮੰਡੀ ਵਿੱਚ ਪ੍ਰਸ਼ਾਸਨ ਨੇ 129 ਵਰਗ ਗਜ ਦੀਆਂ 92 ਦੁਕਾਨਾਂ ਬਣਾਉਣ ਦਾ ਫ਼ੈਸਲਾ ਕੀਤਾ ਸੀ। ਜਿਨ੍ਹਾਂ ਨੂੰ ਫਰੀ ਹੋਲਡ ਦੇ ਆਧਾਰ ’ਤੇ ਦਿੱਤਾ ਜਾਵੇਗਾ। ਇਹ ਦੁਕਾਨਾਂ ਸਾਲ 2007 ਦੇ ਨਿਯਮਾਂ ਅਨੁਸਾਰ ਸੈਕਟਰ-38 ਦੀਆਂ ਦੁਕਾਨਾਂ ਦੇ ਮੌਜੂਦਾ ਕੁਲੈਕਟਰ ਰੇਟ ਦੇ ਆਧਾਰ ’ਤੇ ਨਿਲਾਮ ਕੀਤੀਆਂ ਜਾਣਗੀਆਂ। ਇਸ ਲਈ ਸੈਕਟਰ-26 ਸਬਜ਼ੀ ਮੰਡੀ ਦੇ ਲਾਇਸੈਂਸਧਾਰਕਾਂ ਨੂੰ ਪਹਿਲ ਦਿੱਤੀ ਜਾਵੇਗੀ।