ਚੋਣ ਲੜ ਰਹੇ ਐੱਨਡੀਏ ਉਮੀਦਵਾਰਾਂ ਨੂੰ ਮੋਦੀ ਨੇ ਲਿਖੇ ਪੱਤਰ
ਨਵੀਂ ਦਿੱਲੀ, 17 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੇ ਗੇੜ ਦੀਆਂ ਲੋਕ ਸਭਾ ਚੋਣਾਂ ਲੜ ਰਹੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੇ ਸਾਰੇ ਉਮੀਦਵਾਰਾਂ ਨੂੰ ਨਿੱਜੀ ਤੌਰ ’ਤੇ ਪੱਤਰ ਲਿਖ ਕੇ ਕਿਹਾ ਕਿ ਉਹ ਉਨ੍ਹਾਂ (ਮੋਦੀ) ਵੱਲੋਂ ਦਿੱਤੇ ਸੁਨੇਹੇ ਨੂੰ ਆਪੋ-ਆਪਣੇ ਹਲਕਿਆਂ ਦੇ ਵੋਟਰਾਂ ਤੱਕ ਪਹੁੰਚਾਉਣ। ਸ੍ਰੀ ਮੋਦੀ ਨੇ ਆਪਣੇ ਸੁਨੇਹੇ ਵਿਚ ਕਿਹਾ ਕਿ ਇਹ ਚੋਣਾਂ ਦੇਸ਼ ਦੇ ਅੱਜ ਨੂੰ ਸੁਨਹਿਰੀ ਭਵਿੱਖ ਨਾਲ ਜੋੜਨ ਦਾ ਮੌਕਾ ਹਨ।
ਭਾਜਪਾ ਵਿਚਲੇ ਸੁੂਤਰਾਂ ਨੇ ਮੋਦੀ ਵੱਲੋਂ ਲਿਖੇ ਦੋ ਪੱਤਰਾਂ- ਇਕ ਅੰਗਰੇਜ਼ੀ ਅਤੇ ਦੂਜਾ ਹਿੰਦੀ ਵਿਚ ਜੋ ਕ੍ਰਮਵਾਰ ਕੋਇੰਬਟੂਰ ਤੋਂ ਉਮੀਦਵਾਰ ਕੇ.ਅੰਨਾਮਲਾਈ, ਜੋ ਤਾਮਿਲ ਨਾਡੂ ਭਾਜਪਾ ਦੇ ਪ੍ਰਧਾਨ ਵੀ ਹਨ ਅਤੇ ਉੱਤਰਾਖੰਡ ਦੇ ਪੌੜੀ ਗੜਵਾਲ ਤੋਂ ਚੋਣ ਲੜ ਰਹੇ ਆਪਣੇ ਮੁੱਖ ਬੁਲਾਰੇ ਅਨਿਲ ਬਲੂਨੀ ਨੂੰ ਭੇਜੇ ਗਏ ਹਨ, ਦੀ ਕਾਪੀ ਸਾਂਝੀ ਕੀਤੀ ਹੈ। ਸ੍ਰੀ ਮੋਦੀ ਨੇ ਪੱਤਰ ਵਿਚ ਅੰਨਾਮਲਾਈ ਦੀ ਜਿੱਤ ਦਾ ਭਰੋਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਆਪਣੇ ਹਲਕੇ ਦੇ ਲੋਕਾਂ ਨੂੰ ਦੱਸਣ ਕਿ ਇਹ ਕੋਈ ਸਾਧਾਰਨ ਚੋਣ ਨਹੀਂ ਹੈ। -ਪੀਟੀਆਈ