ਬੇਕਸੂੁਰਾਂ ਨੂੰ ਜੇਲ੍ਹੀਂ ਡੱਕਣ ਤੇ ਬਦਲਾ ਲੈਣ ਦਾ ਕੰਮ ਕਰਦੇ ਨੇ ਮੋਦੀ: ਕੇਜਰੀਵਾਲ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 7 ਅਕਤੂਬਰ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਐਨਫੋਰਸਮੈਂਟ ਡਾਇਰੈਕਟੋਰਟ (ਈਡੀ) ਵੱਲੋਂ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਮਾਰੇ ਛਾਪੇ ਨੂੰ ਸਿਆਸਤ ਤੋਂ ਪ੍ਰੇਰਿਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਕਸੂਰ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਤੇ ਬਦਲੇ ਦੀ ਕਾਰਵਾਈ ਕਰਨ ਲਈ ਸਵੇਰ ਤੋਂ ਸ਼ਾਮ ਤੱਕ ਕੰਮ ਕਰ ਰਹੇ ਹਨ ਪਰ ਦੇਸ਼ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਪ੍ਰਧਾਨ ਮੰਤਰੀ ਆਪਣੇ ਦੋਸਤ ਲਈ ਹੀ ਕੰਮ ਕਰ ਰਹੇ ਹਨ। ਕੇਜਰੀਵਾਲ ਨੇ ਆਖਿਆ, ‘ਇਨ੍ਹਾਂ ਨੇ ਸਾਡੇ ਸਾਰੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅੱਜ ਈਡੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ। ਇਹ ਜਾਂਚ ਭ੍ਰਿਸ਼ਟਾਚਾਰ ਵਿਰੁੱਧ ਨਹੀਂ ਸਗੋਂ ‘ਆਪ’ ਅਤੇ ਇਸ ਦੇ ਆਗੂਆਂ ਨੂੰ ਖਤਮ ਕਰਨ ਲਈ ਕੀਤੀ ਜਾ ਰਹੀ ਹੈ।’ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜ਼ਾਹਿਰ ਹੈ ਕਿ ਇਹ ਜਾਂਚ ਭ੍ਰਿਸ਼ਟਾਚਾਰ ਵਿਰੁੱਧ ਨਹੀਂ ਚੱਲ ਰਹੀ। ਅਜਿਹਾ ਲੱਗਦਾ ਹੈ ਜਿਵੇਂ ਪ੍ਰਧਾਨ ਮੰਤਰੀ ਕਿਸੇ ਪਾਰਟੀ (ਆਪ) ਤੇ ਉਸ ਦੇ ਨੇਤਾਵਾਂ ਨੂੰ ਤਬਾਹ ਕਰਨ ਲਈ ਸਾਰੀਆਂ ਏਜੰਸੀਆਂ ਅਤੇ ਸਾਧਨਾਂ ਦੀ ਵਰਤੋਂ ਕਰ ਰਹੇ ਹਨ।
ਮੋਦੀ ‘ਨਫ਼ਰਤ’ ਨਾਂ ਦੀ ਬਿਮਾਰੀ ਦਾ ਸ਼ਿਕਾਰ: ਸੰਜੈ ਸਿੰਘ
ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ “ਹੇਟ ਡਿਜ਼ੀਜ਼” ਨਾਮੀ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਗਏ ਜੋ ਕਿ ਲਾਇਲਾਜ ਬਿਮਾਰੀ ਹੈ। ਉਨ੍ਹਾਂ ਆਖਿਆ, ‘ਮਨੀਸ਼ ਸਿਸੋਦੀਆ ਨੂੰ 17 ਮਹੀਨੇ ਜੇਲ੍ਹ ’ਚ ਰੱਖਿਆ ਗਿਆ ਪਰ ਉਨ੍ਹਾਂ ਦੇ ਘਰੋਂ ਇੱਕ ਰੁਪਿਆ ਵੀ ਨਹੀਂ ਮਿਲਿਆ। ਕੇਜਰੀਵਾਲ ਨੂੰ ਛੇ ਮਹੀਨੇ ਜੇਲ੍ਹ ਵਿੱਚ ਡੱਕਿਆ ਗਿਆ। ਉਨ੍ਹਾਂ ਨੂੰ ਇਨਸੁਲਿਨ ਨਹੀਂ ਦਿੱਤੀ। ਪ੍ਰਧਾਨ ਮੰਤਰੀ ਦੇਸ਼ ਨੂੰ ਦੱਸਣ ਕਿ ਉਨ੍ਹਾਂ ਦੇ ਘਰੋਂ ਕੀ ਮਿਲਿਆ? ਸਤੇਂਦਰ ਜੈਨ ਨੂੰ ਦੋ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਰੱਖਿਆ ਹੋਇਆ ਹੈ।’ ਸੰਜੈ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਦੀ ਕਹਿਣੀ ਤੇ ਕਥਨੀ ’ਚ ਫਰਕ ਹੈ ਕਿਉਂਕਿ ਉਹ ਪਹਿਲਾਂ ਕੁਝ ਵਿਅਕਤੀਆਂ ਨੂੰ ਭ੍ਰਿਸ਼ਟ ਤੇ ਬੇਈਮਾਨ ਦੱਸਦੇ ਹਨ ਫਿਰ ਅਗਲੇ ਦਿਨ ਉਨ੍ਹਾ ਨੂੰ ਗਲੇ ਲਾ ਲੈਂਦੇ ਹਨ।