For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਦੇਸ਼ ਦੀ ਜਨਤਾ ਦੇ ਵਿਕਾਸ ਲਈ ਕੰਮ ਕੀਤਾ: ਰਾਜਨਾਥ

08:11 AM May 27, 2024 IST
ਮੋਦੀ ਨੇ ਦੇਸ਼ ਦੀ ਜਨਤਾ ਦੇ ਵਿਕਾਸ ਲਈ ਕੰਮ ਕੀਤਾ  ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਖੰਨਾ ਮੰਡੀ ਵਿੱਚ ਸਵਾਗਤ ਕਰਦੇ ਹੋਏ ਭਾਜਪਾ ਆਗੂ। -ਫੋਟੋ: ਓਬਰਾਏ
Advertisement

ਮਨੋਜ ਸ਼ਰਮਾ/ਜੋਗਿੰਦਰ ਸਿੰਘ ਓਬਰਾਏ
ਬਠਿੰਡਾ/ਖੰਨਾ, 26 ਮਈ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ ਜਨਤਾ ਲਈ ਜਿੰਨਾ ਕੰਮ ਕੀਤਾ ਹੈ, ਉਹ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਉਹ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਪੰਜਾਬ ਦੇ ਦੌਰੇ ’ਤੇ ਹਨ ਅਤੇ ਉਨ੍ਹਾਂ ਅੱਜ ਬਠਿੰਡਾ ਤੇ ਖੰਨਾ ’ਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਾ ਰਾਮ ਵਾਲਮੀਕਿ ਦੀ ਹਮਾਇਤ ’ਚ ਅੱਜ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ’ਚ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਨਵੀਂ ਸੋਚ ਨਾਲ ਨਵੇਂ ਭਾਰਤ ਦਾ ਨਿਰਮਾਣ ਸਿਰਫ਼ ਭਾਰਤ ਵਾਸੀ ਹੀ ਨਹੀਂ ਸਗੋਂ ਪੂਰੀ ਦੁਨੀਆ ਦੇਖ ਰਹੀ ਹੈ ਕਿਉਂਕਿ ਭਾਰਤ ਦਾ ਜੋ ਅਰਥਚਾਰਾ 11ਵੇਂ ਸਥਾਨ ’ਤੇ ਸੀ, ਉਹ ਸਿਰਫ਼ 8 ਸਾਲ ਅੰਦਰ 5ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਪੰਡਿਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਮਨਮੋਹਨ ਸਿੰਘ ਦੀ ਸਰਕਾਰ ਦੇਖੀ ਹੈ ਪਰ ਦੇਸ਼ ਅੰਦਰ ਵਿਕਾਸ ਸਿਰਫ਼ ਨਰਿੰਦਰ ਮੋਦੀ ਦੇ ਰਾਜ ਵਿਚ ਦੇਖਣ ਨੂੰ ਮਿਲਿਆ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ 10 ਸਾਲਾਂ ਵਿੱਚ ਹਰ ਵਰਗ ਦਾ ਖਿਆਲ ਰੱਖਿਆ ਹੈ। ਦੇਸ਼ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਫ਼ਿਰਕਾਪ੍ਰਸਤ ਤੇ ਪਰਿਵਾਰਵਾਦੀ ਪਾਰਟੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਭੜਕਾ ਕੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਤੇ ਦਿੱਲੀ ਵਿੱਚ ‘ਆਪ’ ਦੀ ਸਰਕਾਰ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਜੇਲ੍ਹ ਗਏ ਪਰ ਫ਼ਿਰ ਵੀ ਉਨ੍ਹਾਂ ਮੁੱਖ ਮੰਤਰੀ ਦੀ ਕੁਰਸੀ ਨਹੀਂ ਛੱਡੀ ਜਦਕਿ ਉਨ੍ਹਾਂ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਸੀ। ਇਸ ਮੌਕੇ ਭਾਜਪਾ ਉਮੀਦਵਾਰ ਗੇਜਾ ਰਾਮ, ਪ੍ਰੋ. ਭੁਪਿੰਦਰ ਸਿੰਘ ਚੀਮਾ, ਇਕਬਾਲ ਸਿੰਘ ਚੰਨੀ, ਬਿਕਰਮਜੀਤ ਸਿੰਘ ਚੀਮਾ, ਤਰੁਨ ਲੂੰਬਾ, ਪ੍ਰਿੰਸੀਪਲ ਜਤਿੰਦਰ ਸ਼ਰਮਾ, ਨਰੇਸ਼ ਕੁਮਾਰ ਆਨੰਦ, ਆਸ਼ੀਸ਼ ਸੂਦ, ਸੁਖਜੀਤ ਸਿੰਘ, ਜਗਤਾਰ ਸਿੰਘ, ਰਾਮ ਸਰੂਪ, ਡਾ. ਭਗਵਾਨ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।
ਇਸੇ ਮਗਰੋਂ ਬਠਿੰਡਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਸਿੱਧੂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਨੇ ਕਿਹਾ ਕਿ ਦੇਸ਼ ਵਾਰ-ਵਾਰ ਚੋਣਾਂ ਨਹੀਂ ਚਾਹੁੰਦਾ ਤੇ ਅਗਲੇ ਪੰਜ ਸਾਲ ਬਾਅਦ ‘ਇੱਕ ਦੇਸ਼ ਇੱਕ ਚੋਣ’ ਹੋਵੇਗੀ। ਪੰਜਾਬ ਦੀ ‘ਆਪ’ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭੂ-ਮਾਫੀਆ, ਖਣਨ ਮਾਫੀਆ, ਸ਼ਰਾਬ ਮਾਫੀਆ ਦਾ ਜ਼ੋਰ ਹੈ ਅਤੇ ਚਿੱਟੇ ਅਤੇ ਹੈਰੋਇਨ ਵਰਗੇ ਨਸ਼ਿਆਂ ਨੇ ਪੰਜਾਬ ਨੂੰ ਖੋਖਲਾ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ 2027 ਵਿੱਚ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਹੋਵੇਗਾ। ਕੇਜਰੀਵਾਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਜਨਾਥ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਣਨ ਤੋਂ ਬਾਅਦ ਦਿੱਲੀ ਦੇ ਕੋਨੇ-ਕੋਨੇ ’ਚ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹ ਗਈਆਂ ਹਨ। ਨੇਤਾ ਵਿਚ ਨੈਤਿਕਤਾ ਹੋਣੀ ਚਾਹੀਦੀ ਹੈ। ਜੇਕਰ ਕੋਈ ਦੋਸ਼ ਹਨ ਤਾਂ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਰਾਜਨਾਥ ਨੇ ਕਿਹਾ ਕਿ ਕਾਂਗਰਸ ਦੇ ਰਾਜ ਦੌਰਾਨ ਈਡੀ ਕੁਝ ਨਹੀਂ ਕਰ ਸਕੀ, ਪਰ ਸਾਡੇ ਸ਼ਾਸਨ ਦੌਰਾਨ ਕਰੋੜਾਂ ਰੁਪਏ ਜ਼ਬਤ ਕੀਤੇ ਗਏ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਸਿੰਗਲਾ, ਦਿਆਲ ਸਿੰਘ ਸੋਢੀ, ਰਾਕੇਸ਼ ਜੈਨ, ਸੂਰਤ ਤੋਂ ਨਿਰਵਿਰੋਧ ਚੁਣੇ ਗਏ ਸੰਸਦ ਮੈਂਬਰ ਮੁਕੇਸ਼ ਦਲਾਲ, ਜਸਵਿੰਦਰ ਜੱਸੀ ਸਮੇਤ ਕਈ ਭਾਜਪਾ ਆਗੂ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×