For the best experience, open
https://m.punjabitribuneonline.com
on your mobile browser.
Advertisement

ਮੋਦੀ ਯੂਪੀ ਤੋਂ ਕਰਨਗੇ ਚੋਣ ਮੁਹਿੰਮ ਦਾ ਆਗਾਜ਼

07:19 AM Mar 31, 2024 IST
ਮੋਦੀ ਯੂਪੀ ਤੋਂ ਕਰਨਗੇ ਚੋਣ ਮੁਹਿੰਮ ਦਾ ਆਗਾਜ਼
ਮੇਰਠ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੀਆਂ ਤਿਆਰੀਆਂ ਦੇਖਦੇ ਹੋਏ ਅਧਿਕਾਰੀ। -ਫੋਟੋ: ਪੀਟੀਆਈ
Advertisement

ਮੇਰਠ/ਲਖਨਊ, 30 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਮੇਰਠ ਵਿੱਚ ਰੈਲੀ ਨਾਲ ਉੱਤਰ ਪ੍ਰਦੇਸ਼ ਵਿੱਚ ਆਪਣੀ ਲੋਕ ਸਭਾ ਚੋਣ ਮੁਹਿੰਮ ਦਾ ਆਗਾਜ਼ ਕਰਨਗੇ। ਭਾਜਪਾ ਨੇ ਟੀਵੀ ਲੜੀਵਾਰ ‘ਰਮਾਇਣ’ ਦੇ ਅਦਾਕਾਰ ਅਰੁਣ ਗੋਵਿਲ ਨੂੰ ਇਸ ਸੰਸਦੀ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਹੈ। ਸੂਤਰਾਂ ਮੁਤਾਬਕ, ਗੋਵਿਲ ਤੋਂ ਇਲਾਵਾ ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਪ੍ਰਧਾਨ ਜੈਅੰਤ ਚੌਧਰੀ ਵੀ ਪ੍ਰਧਾਨ ਮੰਤਰੀ ਨਾਲ ਮੰਚ ਸਾਂਝਾ ਕਰਨਗੇ।
ਰਾਮਾਨੰਦ ਸਾਗਰ ਦੇ ਲੜੀਵਾਰ ‘ਰਾਮਾਇਣ’ ਵਿੱਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਮਗਰੋਂ ਗੋਵਿਲ ਦਾ ਨਾਮ ਆਮ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਗਿਆ ਸੀ। ਇੱਕ ਭਾਜਪਾ ਆਗੂ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਅਯੁੱਧਿਆ ਵਿੱਚ ਭਗਵਾਨ ਰਾਮ ਦੇ ਮੂਰਤੀ ਪ੍ਰਾਣ ਪ੍ਰਤਿਸ਼ਠਾ ਮਗਰੋਂ ਸੂਬੇ ਵਿੱਚ ਅਰੁਣ ਗੋਵਿਲ ਦੇ ਹਲਕੇ ਤੋਂ ਚੋਣ ਮੁਹਿੰਮ ਦਾ ਆਗਾਜ਼ ਕਰ ਰਹੇ ਹਨ। ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਕਾਰਨ ਗੋਵਿਲ ਦਾ ਕਾਫੀ ਮਾਣ-ਸਨਮਾਨ ਹੈ।’’
ਭਾਜਪਾ ਦੇ ਸੂਬਾ ਜਨਰਲ ਸਕੱਤਰ ਅਨੂਪ ਗੁਪਤਾ ਨੂੰ ਪ੍ਰਧਾਨ ਮੰਤਰੀ ਦੀ ਰੈਲੀ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਜਪਾ ਦੇ ਇੱਕ ਹੋਰ ਸੀਨੀਅਰ ਆਗੂ ਨੇ ਦੱਸਿਆ ਕਿ ਰੈਲੀ ਵਿੱਚ ਮੇਰਠ ਤੋਂ ਇਲਾਵਾ ਇਸ ਦੇ ਨਾਲ ਲੱਗਦੇ ਸੰਸਦੀ ਹਲਕਿਆਂ ਬਾਗ਼ਪਤ, ਬਿਜਨੌਰ, ਮੁਜ਼ਫਰਨਗਰ ਅਤੇ ਕੈਰਾਨਾ ਤੋਂ ਵੀ ਲੋਕ ਸ਼ਾਮਲ ਹੋਣਗੇ। ਪਾਰਟੀ ਦੇ ਸੀਨੀਅਰ ਆਗੂ ਅਤੇ ਐੱਮਐੱਲਸੀ ਗੋਵਿੰਦ ਨਾਰਾਇਣ ਸ਼ੁਕਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਮੇਰਠ ਰੈਲੀ ਪੱਛਮੀ ਯੂਪੀ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਿੱਚ ਐੱਨਡੀਏ ਯੂਪੀ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ ’ਤੇ ਜਿੱਤ ਦਰਜ ਕਰੇਗੀ।
ਇੱਕ ਹੋਰ ਆਗੂ ਨੇ ਕਿਹਾ, ‘‘ਯੂਪੀ ਵਿੱਚ 2024 ਦੀਆਂ ਚੋਣਾਂ ਦੀ ਇਹ ਪਹਿਲੀ ਰੈਲੀ ਹੈ। ਪਾਰਟੀ ਕਾਰਕੁਨ ਉਤਸ਼ਾਹਿਤ ਹਨ ਕਿ ਪ੍ਰਧਾਨ ਮੰਤਰੀ ਮੇਰਠ ਤੋਂ ਚੋਣ ਮੁਹਿੰਮ ਦਾ ਆਗਾਜ਼ ਕਰ ਰਹੇ ਹਨ।’’ ਉਧਰ, ਆਰਐੱਲਡੀ ਦੇ ਤਰਜਮਾਨ ਅਤੀਰ ਰਿਜ਼ਵੀ ਮੁਤਾਬਕ, ਪਾਰਟੀ ਪ੍ਰਧਾਨ ਜੈਅੰਤ ਚੌਧਰੀ ਰੈਲੀ ਦੌਰਾਨ ਭਾਜਪਾ ਆਗੂਆਂ ਨਾਲ ਮੰਚ ਸਾਂਝਾ ਕਰਨਗੇ। ਇਸੇ ਦੌਰਾਨ ਸਥਾਨਕ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਦੀ ਰੈਲੀ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਧਾਰਾ 144 ਤਹਿਤ ਰੈਲੀ ਵਾਲੀ ਥਾਂ ਦੇ ਅੱਠ ਕਿਲੋਮੀਟਰ ਘੇਰੇ ਵਿੱਚ ਡਰੋਨ, ਪਤੰਗ ਤੇ ਗੁਬਾਰੇ ਉਡਾਣ ’ਤੇ ਪਾਬੰਦੀ ਲਗਾਈ ਗਈ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×