ਐਤਕੀਂ ਪ੍ਰਧਾਨ ਮੰਤਰੀ ਨਹੀਂ ਬਣਨਗੇ ਮੋਦੀ: ਰਾਹੁਲ
ਕਨੌਜ, 10 ਮਈ
ਯੂਪੀ ’ਚ ‘ਇੰਡੀਆ’ ਗੱਠਜੋੜ ਦਾ ਤੂਫ਼ਾਨ ਆਉਣ ਦਾ ਦਾਅਵਾ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਐਤਕੀਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਨਹੀਂ ਬੈਠਣਗੇ। ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨਾਲ ਕਨੌਜ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ,‘ਤੁਸੀਂ ਲਿਖ ਕੇ ਗਾਰੰਟੀ ਲੈ ਲਓ ਕਿ ਨਰਿੰਦਰ ਮੋਦੀ ਐਤਕੀਂ ਪ੍ਰਧਾਨ ਮੰਤਰੀ ਨਹੀਂ ਬਣਨ ਜਾ ਰਹੇ ਹਨ। ਉਨ੍ਹਾਂ ਦਾ ਕੰਮ ਖ਼ਤਮ ਹੋਇਆ।’’ ਕਨੌਜ ਤੋਂ ਅਖਿਲੇਸ਼ ਯਾਦਵ ਖੁਣ ਚੋਣ ਲੜ ਰਹੇ ਹਨ। ਭਾਜਪਾ ਦੇ ਚੋਣ ਹਾਰਨ ਦੀ ਭਵਿੱਖਬਾਣੀ ਕਰਦਿਆਂ ਰਾਹੁਲ ਨੇ ਕਿਹਾ,‘‘ਆਪ ਲਿਖ ਕੇ ਲੇ ਲੋ। ਮੋਦੀ ਚੁਣਾਵ ਹਾਰਨੇ ਵਾਲੇ ਹੈਂ।’’ ਕਨੌਜ ’ਚ ‘ਇੰਡੀਆ’ ਗੱਠਜੋੜ ਦੀ ਰੈਲੀ ਨੂੰ ‘ਆਪ’ ਆਗੂ ਸੰਜੈ ਸਿੰਘ ਨੇ ਵੀ ਸੰਬੋਧਨ ਕੀਤਾ। ਰਾਹੁਲ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਨੇ ਪਿਛਲੇ ਕੁਝ ਸਾਲਾਂ ਤੋਂ ਚੋਣਾਂ ਦੀ ਤਿਆਰੀ ਵਿੱਢੀ ਹੋਈ ਸੀ। ਉਨ੍ਹਾਂ ਭਾਰਤ ਜੋੜੋ ਯਾਤਰਾ, ਨਿਆਏ ਯਾਤਰਾ ਅਤੇ ਵਿਰੋਧੀ ਧਿਰਾਂ ਦੀਆਂ ਮੀਟਿੰਗਾਂ ਦਾ ਹਵਾਲਾ ਦਿੱਤਾ। ‘ਨਫ਼ਰਤ ਕੇ ਬਾਜ਼ਾਰ ਮੇਂ ਮੁਹੱਬਤ ਕੀ ਦੁਕਾਨ ਭੀ ਖੋਲ੍ਹੀ ਹੈ।’ ਮੋਦੀ ਵੱਲੋਂ ਕਾਂਗਰਸ ’ਤੇ ਅਡਾਨੀ-ਅੰਬਾਨੀ ਨਾਲ ਗੰਢਤੁੱਪ ਦੇ ਲਾਏ ਗਏ ਦੋਸ਼ਾਂ ’ਤੇ ਰਾਹੁਲ ਨੇ ਕਿਹਾ,‘‘ਤੁਸੀਂ 10 ਸਾਲਾਂ ਦਾ ਰਾਜ ਦੇਖਿਆ ਹੋਵੇਗਾ, ਮੋਦੀ ਜੀ ਨੇ ਅਡਾਨੀ ਅਤੇ ਅੰਬਾਨੀ ਦੇ ਨਾਮ ਤੱਕ ਨਹੀਂ ਲਏ ਸਨ। ਪਰ ਹੁਣ ਉਹ ਉਨ੍ਹਾਂ ਬੰਦਿਆਂ ਦੇ ਨਾਮ ਲੈ ਰਹੇ ਹਨ ਜਿਨ੍ਹਾਂ ਤੋਂ ਉਹ ਆਸ ਰਖਦੇ ਹਨ ਕਿ ਉਹ ਉਨ੍ਹਾਂ ਨੂੰ ਬਚਾਅ ਸਕਦੇ ਹਨ। ਮੋਦੀ ਆਖ ਰਹੇ ਹਨ ‘ਇੰਡੀਆ’ ਬਲਾਕ ਨੇ ਮੈਨੂੰ ਘੇਰ ਲਿਆ ਹੈ, ਮੈਂ ਹਾਰ ਰਿਹਾ ਹਾਂ। ਮੈਨੂੰ ਬਚਾਅ ਲਓ, ਅਡਾਨੀ-ਅੰਬਾਨੀ ਜੀ ਮੈਨੂੰ ਬਚਾਅ ਲਓ।’’ ਦੋਵੇਂ ਕਾਰੋਬਾਰੀਆਂ ਨੂੰ ਮੋਦੀ ਦੇ ਦੋਸਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਿਰਫ਼ ਪ੍ਰਧਾਨ ਮੰਤਰੀ ਹੀ ਜਾਣਦੇ ਹਨ ਕਿ ਕਿਹੜੇ ਟੈਂਪੂ ਅਤੇ ਕਿਹੋ ਜਿਹਾ ਪੈਸਾ ਅਡਾਨੀ ਜੀ ਭੇਜਦੇ ਹਨ। ਪ੍ਰਧਾਨ ਮੰਤਰੀ ਨੂੰ ਟੈਂਪੂ ਦਾ ਨਿੱਜੀ ਤਜਰਬਾ ਹੈ। ਰੈਲੀ ਵਾਲੀ ਥਾਂ ’ਤੇ ਵਾਹਨਾਂ ਨੂੰ ਪਹੁੰਚਣ ਤੋਂ ਰੋਕਣ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਇਸ ਨਾਲ ਅਖਿਲੇਸ਼ ਯਾਦਵ ਨੂੰ ਕਨੌਜ ’ਚ ਜਿੱਤ ਹਾਸਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਹੈ। ਇਸੇ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਨੇ ਵੀ ਗਲਤੀਆਂ ਕੀਤੀਆਂ ਹਨ ਅਤੇ ਉਸ ਨੂੰ ਭਵਿੱਖ ਵਿੱਚ ਸਿਆਸਤ ’ਚ ਬਦਲਾਅ ਲਿਆਉਣ ਦੀ ਲੋੜ ਹੈ।
ਆਪਣੇ ਸੰਬੋਧਨ ’ਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਚੋਣਾਂ ਦੇ ਪਹਿਲੇ ਤਿੰਨ ਗੇੜਾਂ ’ਚ ਬਹੁਤ ਘੱਟ ਵੋਟਾਂ ਮਿਲੀਆਂ ਹਨ। ‘ਆਪ’ ਆਗੂ ਸੰਜੈ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਸੰਵਿਧਾਨ ਅਤੇ ਰਾਖਵੇਂਕਰਨ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਜੋ ਵੀ ਬਾਬਾਸਾਹੇਬ ਦੇ ਸੰਵਿਧਾਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨਗੇ, ਉਸ ਦੀਆਂ ਜ਼ਮਾਨਤਾਂ ਜ਼ਬਤ ਕਰਾਵਾਂਗੇ। -ਪੀਟੀਆਈ
ਪ੍ਰਧਾਨ ਮੰਤਰੀ ਸਮਾਜਿਕ-ਆਰਥਿਕ ਜਨਗਣਨਾ ਬਾਰੇ ਚੁੱਪ ਤੋੜਨ: ਰਮੇਸ਼
ਨਵੀਂ ਦਿੱਲੀ: ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਮਾਜਿਕ-ਆਰਥਿਕ ਜਨਗਣਨਾ ਕਰਾਉਣ ਅਤੇ ਜਾਤੀ ਆਧਾਰਿਤ ਰਾਖਵਾਂਕਰਨ ’ਤੇ 50 ਫੀਸਦ ਦੀ ਹੱਦ ਹਟਾਉਣ ਦੇ ਮੁੱਦੇ ’ਤੇ ਆਪਣੀ ਚੁੱਪ ਤੋੜਨੀ ਚਾਹੀਦੀ ਹੈ। ਐਕਸ ’ਤੇ ਪਾਈ ਪੋਸਟ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਾਤੀ ਆਧਾਰਿਤ ਜਣਗਣਨਾ ਬਾਰੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ ਅੱਜ ਨੰਦੁਰਬਾਰ ’ਚ ਆਪਣੇ ਬਾਰੇ ਕਈ ਦਾਅਵੇ ਕੀਤੇ ਹਨ। ਇਸ ’ਚੋਂ ਕਈ ਸਵਾਲ ਪੈਦਾ ਹੁੰਦੇ ਹਨ ਪਰ ਮੈਂ ਸਿਰਫ਼ ਤਿੰਨ ਸਵਾਲ ਪੁੱਛਣਾ ਚਾਹੁੰਦਾ ਹਾਂ। ਹਰ ਕੋਈ ਜਾਣਦਾ ਹੈ ਕਿ ਅਸਲ ਗਿਣਤੀ ਸਾਹਮਣੇ ਆਏ ਬਿਨਾਂ ਹਾਸ਼ੀਏ ’ਤੇ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰ ਨਹੀਂ ਮਿਲ ਸਕਦੇ।’ ਉਨ੍ਹਾਂ ਕਿਹਾ, ‘ਪਹਿਲਾ ਸਵਾਲ ਇਹ ਹੈ ਕਿ 2021 ’ਚ ਜਨਗਣਨਾ ਕਿਉਂ ਨਹੀਂ ਹੋਈ? ਦੂਜਾ ਸਵਾਲ ਇਹ ਹੈ ਕਿ ਕੀ ਪ੍ਰਧਾਨ ਮੰਤਰੀ ਸਮਾਜਿਕ-ਆਰਥਿਕ ਜਨਗਣਨਾ ਬਾਰੇ ਤਾਜ਼ਾ ਅੰਕੜੇ ਚਾਹੁੰਦੇ ਹਨ ਜਾਂ ਨਹੀ? ਤੀਜਾ ਸਵਾਲ ਇਹ ਹੈ ਕਿ ਸੁਪਰੀਮ ਕੋਰਟ ਵੱਲੋਂ ਐੱਸਸੀ, ਐੱਸਟੀ ਤੇ ਪੱਛੜੇ ਵਰਗ ਲਈ ਰਾਖਵਾਂਕਰਨ ਦੀ 50 ਫੀਸਦ ਦੀ ਹੱਦ ਲਗਾਈ ਗਈ ਹੈ। ਕੀ ਪ੍ਰਧਾਨ ਮੰਤਰੀ ਇਸ ਨੂੰ ਹਟਾਉਣਗੇ?’ ਰਮੇਸ਼ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਇਹ ਅਹੁਦਾ ਛੱਡ ਰਹੇ ਹਨ ਅਤੇ ਕਾਂਗਰਸ ਸਰਕਾਰ ਅਜਿਹਾ ਕਰੇਗੀ। -ਪੀਟੀਆਈ