ਚੀਨ ਦੇ ਭਾਰਤੀ ਖੇਤਰ ਵਿੱਚ ਦਾਖ਼ਲ ਹੋਣ ਸਮੇਂ ਸੁੱਤੇ ਪਏ ਸਨ ਮੋਦੀ: ਖੜਗੇ
ਜੈਪੁਰ, 4 ਅਪਰੈਲ
ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲਾ ਤੇਜ਼ ਕਰਦਿਆਂ ਉਨ੍ਹਾਂ ਨੂੰ ‘ਝੂਠਿਆਂ ਦਾ ਸਰਦਾਰ’ ਦੱਸਿਆ ਅਤੇ ਦੋਸ਼ ਲਗਾਇਆ ਕਿ ਚੀਨ ਭਾਰਤੀ ਖੇਤਰ ਵਿੱਚ ਦਾਖ਼ਲ ਹੋ ਚੁੱਕਾ ਹੈ ਅਤੇ ਪ੍ਰਧਾਨ ਮੰਤਰੀ ਅਫ਼ੀਮ ਖਾ ਕੇ ਸੁੱਤੇ ਪਏ ਹਨ। ਰਾਜਸਥਾਨ ਦੇ ਚਿਤੌੜਗੜ੍ਹ ਵਿੱਚ ਕਾਂਗਰਸੀ ਉਮੀਦਵਾਰ ਉਦੈ ਲਾਲ ਆਂਜਨਾ ਦੇ ਹੱਕ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਖੜਗੇ ਨੇ ਕਿਹਾ ਕਿ ਮੋਦੀ ਦੇਸ਼ ਬਾਰੇ ਨਹੀਂ ਸੋਚਦੇ ਹਨ ਬਲਕਿ ਉਹ ਤਾਂ ਗਾਂਧੀ ਪਰਿਵਾਰ ਨੂੰ ਗਾਲ੍ਹਾਂ ਕੱਢਣ ਵਿੱਚ ਰੁੱਝੇ ਹੋਏ ਹਨ ਜਦਕਿ ਗਾਂਧੀ ਪਰਿਵਾਰ ਦੇ ਮੈਂਬਰਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਹੈ।ਖੜਗੇ ਨੇ ਕਿਹਾ, ‘‘ਮੋਦੀ ਕਹਿੰਦੇ ਹਨ ਕਿ ਉਨ੍ਹਾਂ ਦਾ 56 ਇੰਚ ਦਾ ਸੀਨਾ ਹੈ ਤੇ ਉਹ ਨਹੀਂ ਡਰਦੇ ਹਨ।’’ ਉਨ੍ਹਾਂ ਕਿਹਾ, ‘‘ਜੇਕਰ ਤੁਸੀਂ ਨਹੀਂ ਡਰਦੇ ਹੋ ਤਾਂ ਤੁਸੀਂ ਸਾਡੀ ਜ਼ਮੀਨ ਦਾ ਵੱਡਾ ਹਿੱਸਾ ਚੀਨ ਲਈ ਕਿਉਂ ਛੱਡ ਦਿੱਤਾ। ਉਹ ਅੰਦਰ ਵੜ ਆਏ ਹਨ ਅਤੇ ਤੁਸੀਂ ਸੁੱਤੇ ਪਏ ਹੋ। ਕੀ ਤੁਸੀਂ ਨੀਂਦ ਦੀਆਂ ਗੋਲੀਆਂ ਖਾਧੀਆਂ ਹੋਈਆਂ ਨੇ? ਕੀ ਤੁਸੀਂ ਰਾਜਸਥਾਨ ਦੇ ਖੇਤਾਂ ’ਚੋਂ ਅਫ਼ੀਮ ਖਾਧੀ ਹੋਈ ਹੈ।’’ ਖੜਗੇ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਚਿੰਤਾ ਨਹੀਂ ਹੈ ਬਲਕਿ ਉਹ ਗਾਂਧੀ ਪਰਿਵਾਰ ਨੂੰ ਗਾਲ੍ਹਾਂ ਕੱਢਣ ਵਿੱਚ ਰੁੱਝੇ ਹੋਏ ਹਨ। ਕਾਂਗਰਸੀ ਆਗੂ ਨੇ ਕਿਹਾ, ‘‘ਮੋਦੀ ਝੂਠਿਆਂ ਦੇ ਸਰਦਾਰ ਹਨ। 1989 ਤੋਂ ਬਾਅਦ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਪ੍ਰਧਾਨ ਮੰਤਰੀ ਜਾਂ ਮੰਤਰੀ ਨਹੀਂ ਬਣਿਆ ਹੈ ਅਤੇ ਮੋਦੀ ਅਜੇ ਵੀ ਵੰਸ਼ਵਾਦ ਵਾਲੀ ਸਿਆਸਤ ਦੀ ਗੱਲ ਕਰਦੇ ਹਨ।’’ -ਪੀਟੀਆਈ