ਮੋਦੀ ਨੇ ਪੁਲਵਾਮਾ ਹਮਲੇ ਦਾ ਸਿਆਸੀ ਲਾਹਾ ਲਿਆ: ਰੇਵੰਤ ਰੈੱਡੀ
ਹੈਦਰਾਬਾਦ, 11 ਮਈ
ਕਾਂਗਰਸ ਆਗੂ ਮਨੀਸ਼ੰਕਰ ਅਈਅਰ ਦੀ ਇੱਕ ਪੁਰਾਣੀ ਵੀਡੀਓ ’ਤੇ ਭਾਜਪਾ ਦੇ ਹੰਗਾਮੇ ਦਰਮਿਆਨ ਤਿਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਬੀਤੇ ਦਿਨ 2019 ’ਚ ਪੁਲਵਾਮਾ ਦਹਿਸ਼ਤੀ ਹਮਲੇ ਅਤੇ ਪਾਕਿਸਤਾਨ ਅੰਦਰ ਬਾਲਾਕੋਟ ’ਚ ਇੱਕ ਦਹਿਸ਼ਤੀ ਟਿਕਾਣੇ ’ਤੇ ਜਵਾਬੀ ਕਾਰਵਾਈ ’ਤੇ ਸਵਾਲ ਚੁੱਕੇ ਹਨ।
ਤਿਲੰਗਾਨਾ ’ਚ ਮੀਡੀਆ ਨਾਲ ਗੱਲਬਾਤ ਕਰਦਿਆਂ ਰੈੱਡੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੀਆਰਪੀਐੱਫ ਦੇ ਕਾਫਲੇ ’ਤੇ ਹੋਏ ਭਿਆਨਕ ਹਮਲੇ ’ਚ 40 ਜਵਾਨਾਂ ਦੀ ਮੌਤ ਅਤੇ ਉਸ ਤੋਂ ਬਾਅਦ ਹੋਈ ਹਵਾਈ ਹਮਲਿਆਂ ਤੋਂ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਐੱਨਡੀਏ ਸਰਕਾਰ ’ਤੇ ਪੁਲਵਾਮਾ ਹਮਲਾ ਰੋਕਣ ’ਚ ਨਾਕਾਮ ਰਹਿਣ ਦਾ ਦੋਸ਼ ਲਾਉਂਦਿਆਂ ਤਿਲੰਗਾਨਾ ਦੇ ਮੁੱਖ ਮੰਤਰੀ ਨੇ ਕਿਹਾ, ‘ਮੋਦੀ ਲਈ ਹਰ ਚੀਜ਼ ਸਿਆਸਤ ਹੈ। ਹਰ ਚੀਜ਼ ਚੋਣਾਂ ਜਿੱਤਣ ਬਾਰੇ ਹੈ। ਉਨ੍ਹਾਂ ਦਾ ਸੋਚਣ ਢੰਗ ਦੇਸ਼ ਲਈ ਚੰਗਾ ਨਹੀਂ ਹੈ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਨੂੰ ਮੋਦੀ ਤੇ ਭਾਜਪਾ ਤੋਂ ਛੁਟਕਾਰਾ ਮਿਲੇ।’ ਉਨ੍ਹਾਂ ਕਿਹਾ, ‘ਉਨ੍ਹਾਂ ਤੋਂ ਕੁਝ ਵੀ ਪੁੱਛੋ ਅਤੇ ਉਹ ‘ਜੈ ਸ੍ਰੀਰਾਮ’ ਨਾਲ ਜਵਾਬ ਦੇਣਗੇ। ਉਹ ਪੁਲਵਾਮਾ ਹਮਲਾ ਰੋਕਣ ’ਚ ਨਾਕਾਮ ਰਹੇ।’ ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੁਲਵਾਮਾ ਹਮਲੇ ਅਤੇ ਭਾਰਤੀ ਹਵਾਈ ਸੈਨਾ ਦੀ ਜਵਾਬੀ ਕਾਰਵਾਈ ਤੋਂ ਸਿਆਸੀ ਤੇ ਚੋਣ ਲਾਹਾ ਲੈਣ ਦੀ ਕੋਸ਼ਿਸ਼ ਕੀਤੀ। -ਏਐੱਨਆਈ