For the best experience, open
https://m.punjabitribuneonline.com
on your mobile browser.
Advertisement

ਅਰਬਪਤੀਆਂ ਲਈ ਕਠਪੁਤਲੀ ਰਾਜਾ ਨੇ ਮੋਦੀ: ਰਾਹੁਲ ਗਾਂਧੀ

07:14 AM May 12, 2024 IST
ਅਰਬਪਤੀਆਂ ਲਈ ਕਠਪੁਤਲੀ ਰਾਜਾ ਨੇ ਮੋਦੀ  ਰਾਹੁਲ ਗਾਂਧੀ
ਰਾਹੁਲ ਗਾਂਧੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 11 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਨਜ਼ ਕਸਦਿਆਂ ਉਨ੍ਹਾਂ ਨੂੰ ‘ਅਰਬਪਤੀਆਂ’ ਦਾ ‘ਕਠਪੁਤਲੀ ਰਾਜਾ’ ਕਰਾਰ ਦਿੱਤਾ। ਕਾਂਗਰਸ ਨੂੰ ‘ਅਡਾਨੀ ਤੇ ਅੰਬਾਨੀ’ ਤੋਂ ‘ਟੈਂਪੂ ਵਿੱਚ ਨਕਦੀ’ ਮਿਲਣ ਦੀ ਟਿੱਪਣੀ ’ਤੇ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਆਪਣੇ ਹਮਲੇ ਜਾਰੀ ਰੱਖੇ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ 4 ਜੂਨ ਨੂੰ ਚੋਣ ਨਤੀਜਿਆਂ ਤੋਂ ਬਾਅਦ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਬਣਨਗੇ।
ਰਾਹੁਲ ਨੇ ‘ਐਕਸ’ ’ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਜਿਸ ’ਚ ਬੀਤੇ ਦਿਨ ਲਖਨਊ ’ਚ ਇੱਕ ਸਮਾਗਮ ਦੌਰਾਨ ਉਨ੍ਹਾਂ ਦੇ ਭਾਸ਼ਣ ਦੇ ਕੁਝ ਹਿੱਸੇ ਸਨ। ਵੀਡੀਓ ਨਾਲ ਉਨ੍ਹਾਂ ਲਿਖਿਆ, ‘ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਇੱਕ ਰਾਜਾ ਹਨ। ਇੱਕ ‘ਕਠਪੁਤਲੀ ਰਾਜਾ’ ਜਿਸ ਦੀ ਡੋਰ ‘ਟੈਂਪੂ ਅਰਬਪਤੀਆਂ’ ਦੇ ਹੱਥ ਵਿੱਚ ਹੈ।’ ਰਾਹੁਲ ਗਾਂਧੀ ਨੇ ਲਖਨਊ ’ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੂੰ ਇੱਕ ਰਾਜਾ ਦੱਸਿਆ ਸੀ। ਉਨ੍ਹਾਂ ਕਿਹਾ, ‘ਮੋਦੀ ਜੀ ਇੱਕ ਰਾਜਾ ਹਨ। ਉਹ ਪ੍ਰਧਾਨ ਮੰਤਰੀ ਨਹੀਂ ਹਨ। ਉਨ੍ਹਾਂ ਨੂੰ ਕੈਬਨਿਟ, ਸੰਸਦ ਜਾਂ ਸੰਵਿਧਾਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ 21ਵੀਂ ਸਦੀ ਦੇ ਰਾਜਾ ਹਨ ਅਤੇ ਦੋ ਜਾਂ ਤਿੰਨ ਫਾਇਨਾਂਸਰਾਂ ਲਈ ਅੱਗੇ ਹਨ ਜਿਨ੍ਹਾਂ ਕੋਲ ਅਸਲ ਸ਼ਕਤੀ ਹੈ।’ ਇਸੇ ਦੌਰਾਨ ਕਾਂਗਰਸ ਆਗੂ ਨੇ ਅੱਜ ਦਾਅਵਾ ਕੀਤਾ ਕਿ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੀ ਹਨੇਰੀ ਸਾਰੇ ਪਾਸੇ ਹੈ ਅਤੇ ਨਰਿੰਦਰ ਮੋਦੀ ਚਾਰ ਜੂਨ ਮਗਰੋਂ ਪ੍ਰਧਾਨ ਮੰਤਰੀ ਨਹੀਂ ਹੋਣਗੇ। ਉਨ੍ਹਾਂ ਆਪਣੀ ਭੈਣ ਪ੍ਰਿਯੰਕਾ ਗਾਂਧੀ ਵਾਡਰਾ ਵੱਲੋਂ ਮਹਾਰਾਸ਼ਟਰ ਦੇ ਨੰਦੂਰਬਾਰ ’ਚ ਕੀਤੀ ਰੈਲੀ ’ਚ ਜੁੜੇ ਇਕੱਠ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਇਹ ਗੱਲ ਕਹੀ। ਰਾਹੁਲ ਗਾਂਧੀ ਨੇ ਲਿਖਿਆ, ‘ਮਹਾਰਾਸ਼ਟਰ ਹੋਵੇ ਜਾਂ ਉੱਤਰ ਪ੍ਰਦੇਸ਼, ਹਰਿਆਣਾ ਹੋਵੇ ਜਾਂ ਬਿਹਾਰ ਹਰ ਪਾਸੇ ‘ਇੰਡੀਆ’ ਦੀ ਹਨੇਰੀ ਚੱਲ ਰਹੀ ਹੈ। ਮੈਂ ਫਿਰ ਕਹਿੰਦਾ ਹਾਂ ਕਿ ਚਾਰ ਜੂਨ ਮਗਰੋਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨਹੀਂ ਰਹਿਣ ਵਾਲੇ।’ ਪ੍ਰਿਯੰਕਾ ਗਾਂਧੀ ਦੀ ਰੈਲੀ ’ਚ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਲਿਖਿਆ, ‘ਨੰਦੂਰਬਾਰ, ਮਹਾਰਾਸ਼ਟਰ ਦੀ ਜਨਤਾ ਦੇ ਇਸ ਜੋਸ਼ ਨਾਲ ਭਰੇ ਸਵਾਗਤ ਲਈ ਦਿਲੋਂ ਸ਼ੁਕਰੀਆ। ਮਹਾਰਾਸ਼ਟਰ ਦਾ ਸੰਦੇਸ਼ ਸਪੱਸ਼ਟ ਹੈ ਕਿ ‘ਇੰਡੀਆ’ ਦੀ ਸਰਕਾਰ ਬਣਨ ਜਾ ਰਹੀ ਹੈ।’ ਜ਼ਿਕਰਯੋਗ ਹੈ ਕਿ ਨੰਦੂਰਬਾਰ ਲੰਮੇ ਸਮੇਂ ਤੱਕ ਕਾਂਗਰਸ ਦਾ ਗੜ੍ਹ ਰਿਹਾ ਹੈ ਪਰ 2014 ’ਚ ਪਾਰਟੀ ਇੱਥੋਂ ਹਾਰ ਗਈ ਸੀ। ਭਾਜਪਾ ਦੀ ਹਿਨਾ ਗਾਵਿਤ ਨੇ ਕਾਂਗਰਸ ਦੇ ਨੌਂ ਵਾਰ ਸੰਸਦ ਮੈਂਬਰ ਰਹੇ ਮਾਣਿਕਰਾਓ ਗਾਵਿਤ ਨੂੰ ਹਰਾਇਆ ਸੀ ਜੋ 1981 ਤੋਂ ਇਸ ਸੀਟ ’ਤੇ ਕਾਬਜ਼ ਸੀ। ਇਸ ਵਾਰ ਹਿਨਾ ਗਾਵਿਤ ਦੇ ਮੁੱਖ ਵਿਰੋਧੀ ਕਾਂਗਰਸ ਉਮੀਦਵਾਰ ਗੋਵਾਲ ਪਡਵੀ ਹਨ। -ਪੀਟੀਆਈ

Advertisement

‘ਵਾਈਐੱਸਆਰਸੀਪੀ, ਟੀਡੀਪੀ ਤੇ ਜਨ ਸੈਨਾ ਭਾਜਪਾ ਦੀ ‘ਬੀ’ ਟੀਮ’

ਕਡੱਪਾ (ਆਂਧਰਾ ਪ੍ਰਦੇਸ਼): ਆਂਧਰਾ ਪ੍ਰਦੇਸ਼ ਦੇ ਕਡੱਪਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਵਾਈਐੱਸਆਰਸੀਪੀ, ਟੀਡੀਪੀ ਤੇ ਜਨ ਸੈਨਾ ਨੂੰ ਭਾਜਪਾ ਦੀ ‘ਬੀ’ ਟੀਮ ਕਰਾਰ ਦਿੱਤਾ। ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਅਤੇ ਸੂਬੇ ’ਚ ਹੋਰ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦਾ ਮਤਲਬ ਬਾਬੂ (ਤੇਲਗੂ ਦੇਸ਼ਮ ਪਾਰਟੀ ਦੇ ਮੁਖੀ ਚੰਦਰ ਬਾਬੂ ਨਾਇਡੂ), ਜਗਨ ਤੇ ਪਵਨ (ਜਨ ਸੈਨਾ ਦੇ ਬਾਨੀ ਪਵਨ ਕਲਿਆਣ) ਹੈ। ਉਨ੍ਹਾਂ ਦੋਸ਼ ਲਾਇਆ ਤਿੰਨਾਂ ਆਗੂਆਂ ਦਾ ‘ਰਿਮੋਟ ਕੰਟਰੋਲ’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ। ਸਾਬਕਾ ਮੁੱਖ ਮੰਤਰੀ ਵਾਈਐੱਸ ਰਾਜਸ਼ੇਖਰ ਰੈੱਡੀ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪੂਰੇ ਆਂਧਰਾ ਪ੍ਰਦੇਸ਼ ’ਚ ਰਾਜਸ਼ੇਖਰ ਰੈੱਡੀ ਦੀ ਪੈਦਲ ਯਾਤਰਾ ਉਨ੍ਹਾਂ ਦੀ ‘ਭਾਰਤ ਜੋੜੋ ਯਾਤਰਾ’ ਲਈ ਪ੍ਰੇਰਨਾ ਸੀ। ਉਨ੍ਹਾਂ ਕਿਹਾ ਕਿ ਅੱਜ ਆਂਧਰਾ ਪ੍ਰਦੇਸ਼ ਨੂੰ ਭਾਜਪਾ ਦੀ ‘ਬੀ’ ਟੀਮ ਚਲਾ ਰਹੀ ਹੈ। -ਪੀਟੀਆਈ

ਰਾਹੁਲ ਗਾਂਧੀ ਵੱਲੋਂ ਜਨਤਕ ਬਹਿਸ ਦਾ ਸੱਦਾ ਪ੍ਰਵਾਨ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਬਾਰੇ ਜਨਤਕ ਬਹਿਸ ਲਈ ਦੋ ਸਾਬਕਾ ਜੱਜਾਂ ਤੇ ਦੇਸ਼ ਦੇ ਇੱਕ ਅਹਿਮ ਨਾਗਰਿਕ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਅੱਜ ਕਿਹਾ ਕਿ ਅਹਿਮ ਸਿਆਸੀ ਪਾਰਟੀਆਂ ਲਈ ਇੱਕ ਸਾਂਝੇ ਮੰਚ ਤੋਂ ਆਪਣਾ ਨਜ਼ਰੀਆ ਪੇਸ਼ ਕਰਨਾ ਇੱਕ ਸਕਾਰਾਤਮਕ ਪਹਿਲ ਹੋਵੇਗੀ। ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇੱਕ ਪੋਸਟ ’ਚ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਦੇਸ਼ ਪ੍ਰਧਾਨ ਮੰਤਰੀ ਜੀ ਦੇ ਇਸ ਸੰਵਾਦ ’ਚ ਹਿੱਸਾ ਲੈਣ ਦੀ ਆਸ ਰੱਖਦਾ ਹੈ। ਕਾਂਗਰਸ ਆਗੂ ਨੇ ਐਕਸ ’ਤੇ ਜਸਟਿਸ (ਸੇਵਾਮੁਕਤ) ਮਦਨ ਬੀ ਲੋਕੁਰ, ਜਸਟਿਸ (ਸੇਵਾਮੁਕਤ) ਅਜੀਤ ਪੀ ਸ਼ਾਹ ਅਤੇ ਐੱਨ ਰਾਮ ਨਾਲ ਆਪਣਾ ਜਵਾਬ ਸਾਂਝਾ ਕੀਤਾ ਜਿਨ੍ਹਾਂ ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਰਾਹੁਲ ਤੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਅਹਿਮ ਚੋਣ ਮੁੱਦਿਆਂ ’ਤੇ ਬਹਿਸ ਲਈ ਇੱਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ ਸੀ। ਰਾਹੁਲ ਗਾਂਧੀ ਨੇ ਕਿਹਾ, ‘ਕਾਂਗਰਸ ਇਸ ਪਹਿਲ ਦਾ ਸਵਾਗਤ ਕਰਦੀ ਹੈ ਅਤੇ ਚਰਚਾ ਦਾ ਸੱਦਾ ਸਵੀਕਾਰ ਕਰਦੀ ਹੈ।’ -ਪੀਟੀਆਈ

Advertisement
Author Image

sukhwinder singh

View all posts

Advertisement
Advertisement
×