ਮੋਦੀ ਵੱਲੋਂ ਬਾਇਡਨ ਨਾਲ ਗੱਲਬਾਤ
ਰੀਓ ਡੀ ਜਨੇਰੀਓ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ20 ਸੰਮੇਲਨ ਤੋਂ ਇਕ ਪਾਸੇ ਅੱਜ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਸੰਖੇਪ ਗੱਲਬਾਤ ਕੀਤੀ। ਅਮਰੀਕਾ ਦੇ ਰਾਸ਼ਟਰਪਤੀ ਲਈ ਹਾਲ ਵਿੱਚ ਹੋਈਆਂ ਚੋਣਾਂ ਤੋਂ ਬਾਅਦ ਦੋਹਾਂ ਆਗੂਆਂ ਦੀ ਇਹ ਪਹਿਲੀ ਮੁਲਾਕਾਤ ਹੈ। ਇਹ ਸਪੱਸ਼ਟ ਨਹੀਂ ਸੀ ਹੋਇਆ ਕਿ ਦੋਹਾਂ ਆਗੂਆਂ ਵਿਚਾਲੇ ਕੀ ਗੱਲਬਾਤ ਹੋਈ। ਜੀ20 ਸੰਮੇਲਨ ’ਚ ਗਰੀਬੀ ਤੇ ਭੁੱਖਮਰੀ ਖ਼ਤਮ ਕਰਨ ਤੇ ਜਲਵਾਯੂ ਬਦਲਾਅ ਨਾਲ ਨਜਿੱਠਣ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਸਮੂਹ ਦੇ ਆਗੂਆਂ ਵੱਲੋਂ ਰੂਸ-ਯੂਕਰੇਨ ਜੰਗ ਅਤੇ ਗਾਜ਼ਾ ਦੇ ਹਾਲਾਤ ਬਾਰੇ ਚਰਚਾ ਕੀਤੇ ਜਾਣ ਦੀ ਵੀ ਆਸ ਹੈ। ਇਸ ਮੁਲਾਕਾਤ ਦੀ ਇਕ ਤਸਵੀਰ ਦੇ ਨਾਲ ਮੋਦੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਰੀਓ ਡੀ ਜਨੈਰੀਓ ਵਿੱਚ ਜੀ20 ਸੰਮੇਲਨ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਨਾਲ। ਉਨ੍ਹਾਂ ਨੂੰ ਮਿਲ ਕੇ ਹਮੇਸ਼ਾ ਖੁਸ਼ੀ ਹੁੰਦੀ ਹੈ।’’ ਇਸ ਤਸਵੀਰ ਵਿੱਚ ਮੋਦੀ ਤੇ ਬਾਇਡਨ ਇਕ-ਦੂਜੇ ਦਾ ਹੱਥ ਫੜੀ ਅਤੇ ਗੱਲਬਾਤ ਵਿੱਚ ਮਸ਼ਰੂਫ ਦਿਖਾਈ ਦੇ ਰਹੇ ਹਨ। -ਪੀਟੀਆਈ
ਆਲਮੀ ਆਗੂਆਂ ਨਾਲ ਕੀਤੀ ਗੱਲਬਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ, ਸਿੰਗਾਪੁਰ ਤੇ ਸਪੇਨ ਦੇ ਆਗੂਆਂ ਤੋਂ ਇਲਾਵਾ ਵਿਸ਼ਵ ਦੇ ਵੱਖ ਵੱਖ ਆਗੂਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਨਿੱਘੇ ਸਵਾਗਤ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸਿਓ ਲੂਲਾ ਡਾ ਸਿਲਵਾ ਦਾ ਧੰਨਵਾਦ ਕੀਤਾ।