ਮੋਦੀ ਅਸਲ ਲੋਕ ਮੁੱਦਿਆਂ ਤੋਂ ਭਟਕੇ: ਪ੍ਰਿਯੰਕਾ
ਜੈਪੁਰ, 14 ਅਪਰੈਲ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਉਹ ਦੇਸ਼ ਦੇ ਲੋਕਾਂ ਅਤੇ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਭਟਕ ਗਏ ਹਨ। ਉਨ੍ਹਾਂ ਕਿਹਾ ਕਿ ਮੋਦੀ ਦੇ ਨੇੜਲੇ ਲੋਕ ਉਨ੍ਹਾਂ ਨੂੰ ਸੱਚ ਦੱਸਣ ਤੋਂ ਵੀ ਡਰਦੇ ਹਨ। ਪ੍ਰਿਯੰਕਾ ਨੇ ਇੱਥੇ ਜਾਲੋਰ ਵਿੱਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, “ਤੁਹਾਡੀ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ ਹੈ। ਮੈਨੂੰ ਲੱਗਦਾ ਹੈ ਕਿ ਮੋਦੀ ਜੀ ਇਸ ਨੂੰ ਸਮਝਦੇ ਨਹੀਂ। ਮੋਦੀ ਨੂੰ ਸੱਤਾ ਦਾ ਨਸ਼ਾ ਇੰਨਾ ਜ਼ਿਆਦਾ ਚੜ੍ਹ ਗਿਆ ਹੈ ਕਿ ਉਨ੍ਹਾਂ ਦੇ ਅਧਿਕਾਰੀ ਅਤੇ ਸਾਥੀ ਵੀ ਉਨ੍ਹਾਂ ਨੂੰ ਸੱਚ ਦੱਸਣ ਤੋਂ ਡਰਦੇ ਹਨ। ਮੈਨੂੰ ਸੱਚੀ ਲੱਗਦਾ ਹੈ ਕਿ ਮੋਦੀ ਦਾ ਹੁਣ ਦੇਸ਼ ਦੇ ਲੋਕਾਂ ਨਾਲੋਂ ਪੂਰੀ ਤਰ੍ਹਾਂ ਰਾਬਤਾ ਟੁੱਟ ਚੁੱਕਾ ਹੈ।’’ ਉਨ੍ਹਾਂ ਕਿਹਾ ਕਿ ਦੇਸ਼ ’ਚ ਅਜੀਬ ਮਾਹੌਲ ਬਣਿਆ ਹੋਇਆ ਹੈ। ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ -ਪੀਟੀਆਈ
ਕੇਂਦਰ ’ਤੇ ਜਾਂਚ ਏਜੰਸੀਆਂ ਦਾ ਫਾਇਦਾ ਉਠਾਉਣ ਦਾ ਦੋਸ਼
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਜਾਂਚ ਏਜੰਸੀਆਂ ਦਾ ਫਾਇਦਾ ਉਠਾ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਜੇਲ੍ਹਾਂ ਵਿੱਚ ਡੱਕ ਰਿਹਾ ਹੈ। ਉਨ੍ਹਾਂ ਕਿਹਾ, ‘‘ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਡਰਨ ਵਾਲੇ ਨਹੀਂ। ਅਸੀਂ ਆਪਣੇ ਰਸਤੇ ਤੋਂ ਭਟਕਣ ਵਾਲੇ ਨਹੀਂ। ਅਸੀਂ ਹਮੇਸ਼ਾ ਲੜਦੇ ਰਹਾਂਗੇ। ਅਸੀਂ ਤੁਹਾਡੀ ਸੇਵਾ ਲਈ ਹਮੇਸ਼ਾ ਹਾਜ਼ਰ ਰਹਾਂਗੇ। ਇਹ ਹੀ ਸਾਡਾ ਅਸਲ ਧਰਮ ਹੈ।’’