For the best experience, open
https://m.punjabitribuneonline.com
on your mobile browser.
Advertisement

ਮੋਦੀ-ਸ਼ਾਹ ਵੇਚਣ ਵਾਲੇ, ਅੰਬਾਨੀ ਤੇ ਅਡਾਨੀ ਖਰੀਦਦਾਰ: ਖੜਗੇ

07:35 AM Apr 25, 2024 IST
ਮੋਦੀ ਸ਼ਾਹ ਵੇਚਣ ਵਾਲੇ  ਅੰਬਾਨੀ ਤੇ ਅਡਾਨੀ ਖਰੀਦਦਾਰ  ਖੜਗੇ
ਤਿਰੂਵਨੰਤਪੁਰਮ ਵਿੱਚ ਕਾਂਗਰਸ ਉਮੀਦਵਾਰ ਸ਼ਸ਼ੀ ਥਰੂਰ ਤੇ ਹੋਰਨਾਂ ਨਾਲ ਇਕਜੁੱਟਤਾ ਜ਼ਾਹਿਰ ਕਰਦੇ ਹੋਏ ਮਲਿਕਾਰਜੁਨ ਖੜਗੇ। -ਫੋਟੋ: ਪੀਟੀਆਈ
Advertisement

ਕਲਬੁਰਗੀ (ਕਰਨਾਟਕ)/ਤਿਰੂਵਨੰਤਪੁਰਮ, 24 ਅਪਰੈਲ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤੇ ਦਹਾਕਿਆਂ ਪਹਿਲਾਂ ਸਥਾਪਿਤ ਸਰਕਾਰੀ ਫੈਕਟਰੀਆਂ ਅੰਬਾਨੀ ਤੇ ਅਡਾਨੀ ਨੂੰ ਵੇਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮੋਦੀ ਨੂੰ ਚੁੁਣੌਤੀ ਦਿੱਤੀ ਕਿ ਉਹ ਗਾਂਧੀ ਪਰਿਵਾਰ ਸਿਰ ਦੋਸ਼ ਮੜ੍ਹਨ ਦੀ ਥਾਂ ਉਨ੍ਹਾਂ ਕੋਲੋਂ ਲੁੱਟੇ ਪੈਸੇ ਦੀ ਉਗਰਾਹੀ ਕਰਨ। ਖੜਗੇ ਨੇ ਕਿਹਾ ਕਿ 1989 ਤੋਂ ਬਾਅਦ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਪ੍ਰਧਾਨ ਮੰਤਰੀ, ਮੁੱਖ ਮੰਤਰੀ ਜਾਂ ਕੋਈ ਹੋਰ ਮੰਤਰੀ ਨਹੀਂ ਰਿਹਾ। ਉਨ੍ਹਾਂ ਕਿਹਾ, ‘‘ਮੋਦੀ ਕਹਿੰਦੇ ਹਨ ਕਿ ਗਾਂਧੀ ਪਰਿਵਾਰ ਨੇ ਦੇਸ਼ ਨੂੰ ਲੁੱਟਿਆ। ਤੁਸੀਂ ਪ੍ਰਧਾਨ ਮੰਤਰੀ ਹੋ ਲੁੱਟਿਆ ਪੈਸਾ ਬਰਾਮਦ ਕਰੋ।’’ ਖੜਗੇ ਨੇ ਆਪਣੇ ਗ੍ਰਹਿ ਜ਼ਿਲ੍ਹੇ ਕਲਬੁਰਗੀ ਦੇ ਅਫ਼ਜ਼ਲਪੁਰ ਵਿਚ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਮੋਦੀ ਕਹਿੰਦੇ ਹਨ ਕਿ ਉਨ੍ਹਾਂ ਵੱਡੇ ਕੰਮ ਕੀਤੇ ਹਨ। ਤੁਸੀਂ ਕੀ ਕੀਤਾ ਹੈ? ਤੁਸੀਂ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਵੱਲੋਂ ਸਥਾਪਿਤ ਵੱਡੀਆਂ ਫੈਕਟਰੀਆਂ ਨੂੰ ਵੇਚ ਤੇ ਖਾ ਰਹੇ ਹੋ।’’ ਉਨ੍ਹਾਂ ਕਿਹਾ, ‘‘ਅੱਜ ਦੇਸ਼ ਵਿਚ ਕੀ ਹੋ ਰਿਹੈ, ਦੋ ਵੇਚਣ ਵਾਲੇ ਤੇ ਦੋ ਖਰੀਦਦਾਰ ਹਨ। ਵੇਚਣ ਵਾਲੇ ਮੋਦੀ ਤੇ ਸ਼ਾਹ ਅਤੇ ਖਰੀਦਣ ਵਾਲੇ ਅੰਬਾਨੀ ਤੇ ਅਡਾਨੀ ਹਨ।’’ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਮੋਦੀ ਤੇ ਸ਼ਾਹ ‘ਦੇਸ਼ ਦੇ ਲੋਕਾਂ ਲਈ ਨਹੀਂ ਬਲਕਿ ਅੰਬਾਨੀ ਤੇ ਅਡਾਨੀ ਲਈ ਜਿਉਂ ਰਹੇ ਹਨ। ਉਨ੍ਹਾਂ (ਮੋਦੀ ਤੇ ਸ਼ਾਹ) ਨੂੰ ਅੰਬਾਨੀ ਤੇ ਅਡਾਨੀ ਲਈ ਤਾਕਤ ਚਾਹੀਦੀ ਹੈ, ਤੁਹਾਡੇ ਲਈ ਨਹੀਂ।’’ ਕਾਂਗਰਸ ਨੇ ਕਲਬੁਰਗੀ ਤੋਂ ਖੜਗੇ ਦੇ ਜਵਾਈ ਰਾਧਾਕ੍ਰਿਸ਼ਨ ਡੋਡਾਮਨੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਕਲਬੁਰਗੀ ਵਿਚ 7 ਮਈ ਨੂੰ ਚੌਥੇ ਗੇੜ ਤਹਿਤ ਵੋਟਾਂ ਪੈਣੀਆਂ ਹਨ।
ਇਸ ਦੌਰਾਨ ਤਿਰੂਵਨੰਤਪੁਰਮ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ ਪਹਿਲੇ ਗੇੜ ਦੀਆਂ ਲੋਕ ਸਭਾ ਚੋਣਾਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਦ੍ਰਿਸ਼ ਵੋਟਰਾਂ ਤੋਂ ਡਰ ਗਏ ਹਨ, ਤੇ ਇਹੀ ਵਜ੍ਹਾ ਹੈ ਕਿ ਉਹ ਹਮੇਸ਼ਾ ਕਾਂਗਰਸ ਪਾਰਟੀ ਦੀ ਆਲੋਚਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਕੁਝ ਨਹੀਂ ਹੈ ਤਾਂ ਫਿਰ ਪ੍ਰਧਾਨ ਮੰਤਰੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਲੈ ਕੇ ਇੰਨੇ ਫ਼ਿਕਰਮੰਦ ਕਿਉਂ ਹਨ। ਖੜਗੇ ਨੇ ਕਿਹਾ ਕਿ ਉਹ 10 ਤੋਂ 12 ਰਾਜਾਂ ਵਿਚ ਗਏ ਹਨ ਤੇ ਪਾਰਟੀ ਨੂੰ ਵੋਟਰਾਂ ਤੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਕਾਂਗਰਸ ਪ੍ਰਧਾਨ ਨੇ ਕਿਹਾ, ‘‘ਬੇਸ਼ੱਕ ਅਦ੍ਰਿਸ਼ ਹਨੇਰੀ ਨਜ਼ਰ ਨਹੀਂ ਆ ਰਹੀ ਹੈ, ਪਰ ਮੋਦੀ ਜੀ ਇਨ੍ਹਾਂ ਅਦ੍ਰਿਸ਼ ਵੋਟਰਾਂ ਤੋਂ ਡਰਦੇ ਹਨ, ਜੋ ਚੋਣਾਂ ਵਿਚ ਬਾਹਰ ਆਉਣਗੇ ਤੇ ਇਹੀ ਵਜ੍ਹਾ ਹੈ ਕਿ ਉਹ ਹਮੇਸ਼ਾ ਕਾਂਗਰਸ ਦੀ ਨੁਕਤਾਚੀਨੀ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਭਾਜਪਾ ਇਕ ਪਾਸੇ ਕਹਿੰਦੀ ਹੈ ਕਿ ਮੋਦੀ ਨੇ ਕਦੇ ਵੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ। ਫਿਰ ਤੁਸੀਂ ਖਰੀਦੇ...ਖਰੀਦੇ ਦੀ ਥਾਂ, ਮੈਂ ਕਹਾਂਗਾ ਕਿ ਉਨ੍ਹਾਂ ਕਰੀਬ 444 ਵਿਧਾਇਕਾਂ, ਫਿਰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਕਿਉਂ ਨਾ ਸਬੰਧ ਰੱਖਦੇ ਹੋਣ, ਨੂੰ ਭਰਮਾਇਆ।’’ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਫੈਸਲਾ ਕਰਨ ਕਿ ਪ੍ਰਧਾਨ ਮੰਤਰੀ ਜਾਂ ਕਾਂਗਰਸ ਵਿਚੋਂ ਕੌਣ ਝੂਠ ਬੋਲ ਰਿਹੈ। ਉਨ੍ਹਾਂ ਵੱਧ ਬੱਚੇ ਜੰਮਣ ਵਾਲੇ ਭਾਈਚਾਰੇ ਵਜੋਂ ਮੁਸਲਮਾਨਾਂ ਦੇ ਹਵਾਲੇ ਲਈ ਵੀ ਮੋਦੀ ਦੀ ਨੁਕਤਾਚੀਨੀ ਕੀਤੀ। -ਪੀਟੀਆਈ

Advertisement

‘ਘੱਟੋ-ਘੱਟ ਮੇਰੇ ਜਨਾਜ਼ੇ ਵਿਚ ਆਇਓ...’

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਆਪਣੇ ਗ੍ਰਹਿ ਜ਼ਿਲ੍ਹੇ ਕਲਬੁਰਗੀ ਦੇ ਵੋਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ, ‘‘ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਲਈ ਕੋਈ ਕੰਮ ਕੀਤਾ ਹੈ, ਪਰ ਉਹ (ਲੋਕ) ਅਗਾਮੀ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾਉਣਾ ਚਾਹੁੰਦੇ ਤਾਂ ਘੱਟੋ-ਘੱਟ ਮੇਰੇ ਜਨਾਜ਼ੇ ਵਿਚ ਸ਼ਾਮਲ ਜ਼ਰੂਰ ਹੋਣਾ।’’ ਉਨ੍ਹਾਂ ਕਿਹਾ ਕਿ ਲੋਕ ਜੇਕਰ ਕਾਂਗਰਸ ਉਮੀਦਵਾਰ ਲਈ ਵੋਟ ਨਹੀਂ ਪਾਉਂਦੇ, ਉਹ ਸੋਚ ਲੈਣਗੇ ਕਿ ਉਨ੍ਹਾਂ ਲਈ ਕਲਬੁਰਗੀ ਵਿਚ ‘ਕੋਈ ਥਾਂ’ ਨਹੀਂ ਬਚੀ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×