For the best experience, open
https://m.punjabitribuneonline.com
on your mobile browser.
Advertisement

ਮੋਦੀ ਤਾਨਾਸ਼ਾਹੀ ਲਾਗੂ ਕਰਨ ਦੇ ਮਿਸ਼ਨ ’ਤੇ: ਕੇਜਰੀਵਾਲ

07:28 AM May 12, 2024 IST
ਮੋਦੀ ਤਾਨਾਸ਼ਾਹੀ ਲਾਗੂ ਕਰਨ ਦੇ ਮਿਸ਼ਨ ’ਤੇ  ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਹਮਰੁਤਬਾ ਭਗਵੰਤ ਮਾਨ ਮਹਿਰੌਲੀ ’ਚ ਰੋਡ ਸ਼ੋਅ ਦੌਰਾਨ ਹੱਥ ਹਿਲਾ ਕੇ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ/ਏਜੰਸੀਆਂ
ਨਵੀਂ ਦਿੱਲੀ, 11 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਤਰਿਮ ਜ਼ਮਾਨਤ ’ਤੇ ਰਿਹਾਅ ਹੋਣ ਤੋਂ ਇਕ ਦਿਨ ਮਗਰੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ ਕਿ ਉਹ(ਮੋਦੀ) ਦੇਸ਼ ਵਿਚ ਤਾਨਾਸ਼ਾਹੀ ਲਾਗੂ ਕਰਨ ਲਈ ‘ਇਕ ਰਾਸ਼ਟਰ ਇਕ ਮਿਸ਼ਨ’ ਉੱਤੇ ਹਨ। ਕੇਜਰੀਵਾਲ ਨੇ ਕਿਹਾ ਕਿ ਪੀਐੱਮ ਮੋਦੀ ਵਿਰੋਧੀ ਧਿਰਾਂ ਦੇ ਸਾਰੇ ਆਗੂਆਂ ਨੂੰ ਸਲਾਖਾਂ ਪਿੱਛੇ ਡੱਕਣਾ ਤੇ ਆਪਣੀ ਹੀ ਪਾਰਟੀ (ਭਾਜਪਾ) ਦੇੇ ਆਗੂਆਂ ਨੂੰ ‘ਸਿਆਸੀ ਤੌਰ ’ਤੇ ਖ਼ਤਮ’ ਕਰਨਾ ਚਾਹੁੰਦੇ ਹਨ।
ਇਥੇ ‘ਆਪ’ ਹੈੱਡਕੁਆਰਟਰ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ‘ਆਪ’ ਸੁਪਰੀਮੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਚੋਣਾਂ ਵਿਚ ਖ਼ੁਦ ਲਈ ਨਹੀਂ ਬਲਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਈ ਵੋਟਾਂ ਮੰਗ ਰਹੇ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਮੋਦੀ ਅਗਲੇ ਸਾਲ 75 ਸਾਲਾਂ ਦੇ ਹੋਣ ਉੱਤੇ ‘ਸੇਵਾਮੁਕਤ’ ਹੋ ਜਾਣਗੇ ਤੇ ਸ਼ਾਹ ਉਨ੍ਹਾਂ ਦੇ ਜਾਨਸ਼ੀਨ ਹੋਣਗੇ। ਮੁੱਖ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਕਿ ਆਮ ਆਦਮੀ ਪਾਰਟੀ (ਆਪ) ਕੇਂਦਰ ਵਿਚ ਬਣਨ ਵਾਲੀ ਅਗਲੀ ਸਰਕਾਰ ਦਾ ਹਿੱਸਾ ਹੋਵੇਗੀ ਤੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਮਿਲੇਗਾ। ਕੇਜਰੀਵਾਲ ਨੇ ਕਿਹਾ, ‘‘ਜੇਲ੍ਹ ’ਚੋਂ ਰਿਹਾਈ ਮਗਰੋਂ ਪਿਛਲੇ 20 ਘੰਟਿਆਂ ਦੌਰਾਨ ਮੈਂ ਕਈ ਚੋਣ ਮਾਹਿਰਾਂ ਤੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਇਸ ਦੌਰਾਨ ਮੈਨੂੰ ਪਤਾ ਲੱਗਾ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਨਹੀਂ ਬਣ ਰਹੀ।’’ ਉਂਜ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਤੋਂ ਪਹਿਲਾਂ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਤੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਨਾਲ ਕੇਂਦਰੀ ਦਿੱਲੀ ਦੇ ਕਨਾਟ ਪਲੇਸ ਵਿਚ ਹਨੂਮਾਨ ਮੰਦਰ ’ਚ ਮੱਥਾ ਟੇਕਿਆ। ਇਸ ਮੌਕੇ ‘ਆਪ’ ਨੇਤਾ ਸੌਰਭ ਭਾਰਦਵਾਜ, ਆਤਿਸ਼ੀ ਅਤੇ ਸੰਜੈ ਸਿੰਘ ਵੀ ਮੌਜੂਦ ਸਨ। ਮੁੱਖ ਮੰਤਰੀ ਨੇ ਆਪਣੇ ਮੰਦਰ ਦੇ ਦੌਰੇ ਬਾਰੇ ਐੱਕਸ ’ਤੇ ਪੋਸਟ ਕੀਤਾ। ਉਨ੍ਹਾਂ ਨੇ ਲਿਖਿਆ, ‘‘ਕਨਾਟ ਪਲੇਸ ਸਥਿਤ ਪ੍ਰਾਚੀਨ ਹਨੂਮਾਨ ਮੰਦਰ ’ਚ ਪਹੁੰਚ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸ਼ਿਵ ਮੰਦਰ ਵਿੱਚ ਮਹਾਦੇਵ ਅਤੇ ਸ਼ਨੀਦੇਵ ਮਹਾਰਾਜ ਦੀ ਪੂਜਾ ਕੀਤੀ ਅਤੇ ਦੇਸ਼ ਦੀ ਖੁਸ਼ਹਾਲੀ ਅਤੇ ਦੇਸ਼ ਨੂੰ ਤਾਨਾਸ਼ਾਹੀ ਤੋਂ ਮੁਕਤ ਕਰਨ ਦੀ ਤਾਕਤ ਦੇਣ ਲਈ ਪ੍ਰਾਰਥਨਾ ਕੀਤੀ ਹੈ।’’ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਕੇਜਰੀਵਾਲ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ।

Advertisement

ਨਵੀਂ ਦਿੱਲੀ ’ਚ ਰੈਲੀ ਕਰਦੇ ਹੋਏ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ। -ਫੋਟੋ: ਮੁਕੇਸ਼ ਅਗਰਵਾਲ

ਕੇਜਰੀਵਾਲ ਨੇ ‘ਆਪ’ ਹੈੱਡਕੁਆਰਟਰ ਵਿਚ ਕਿਹਾ, ‘‘ਇਹ ਲੋਕ ਇੰਡੀਆ ਗੱਠਜੋੜ ਨੂੰ ਉਸ ਦੇ ਪ੍ਰਧਾਨ ਮੰਤਰੀ ਚਿਹਰੇ ਬਾਰੇ ਸਵਾਲ ਕਰਦੇ ਹਨ। ਮੈਂ ਭਾਜਪਾ ਨੂੰ ਸਵਾਲ ਪੁੱਛਦਾ ਹਾਂ ਕਿ ਉਨ੍ਹਾਂ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਮੋਦੀ ਜੀ ਅਗਲੇ ਸਾਲ 17 ਸਤੰਬਰ ਨੂੰ 75 ਸਾਲਾਂ ਦੇ ਹੋ ਰਹੇ ਹਨ। ਉਨ੍ਹਾਂ ਨੇ ਹੀ ਇਹ ਨਿਯਮ ਬਣਾਇਆ ਸੀ ਕਿ ਜਿਹੜੇ ਲੋਕ 75 ਸਾਲਾਂ ਦੇ ਹੋ ਜਾਣਗੇ, ਉਨ੍ਹਾਂ ਨੂੰ ਸੇਵਾਮੁਕਤ ਕਰ ਦਿੱਤਾ ਜਾਵੇਗਾ। ਉਨ੍ਹਾਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ, ਸੁਮਿੱਤਰਾ ਮਹਾਜਨ ਨੂੰ ਸੇਵਾ ਮੁਕਤ ਕੀਤਾ।’’ ਮੁੱਖ ਮੰਤਰੀ ਨੇ ਕਿਹਾ, ‘‘ਮੋਦੀ ਅਗਲੇ ਸਾਲ ਸੇਵਾ ਮੁਕਤ ਹੋ ਜਾਣਗੇ। ਉਹ ਅਮਿਤ ਸ਼ਾਹ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਵੋਟਾਂ ਮੰਗ ਰਹੇ ਹਨ। ਕੀ ਸ਼ਾਹ, ਮੋਦੀ ਜੀ ਦੀ ਗਾਰੰਟੀ ਨੂੰ ਪੂਰਾ ਕਰਨਗੇ?’’ ਕੇਜਰੀਵਾਲ ਨੇ ਆਪਣੀ ਤਕਰੀਰ ਦੌਰਾਨ ਇਕ ਹੋਰ ਵਾਅਦਾ ਕੀਤਾ ਕਿ ਜੇਕਰ ਭਾਜਪਾ ਲੋਕ ਸਭਾ ਚੋਣਾਂ ਜਿੱਤ ਗਈ ਤਾਂ ਮਮਤਾ ਬੈਨਰਜੀ, ਤੇਜਸਵੀ ਯਾਦਵ, ਐੱਮ.ਕੇ.ਸਟਾਲਿਨ, ਪਿਨਾਰਈ ਵਿਜਯਨ ਤੇ ਊਧਵ ਠਾਕਰੇ ਸਣੇ ਵਿਰੋਧੀ ਧਿਰ ਦੇ ਸਾਰੇ ਆਗੂ ਜੇਲ੍ਹ ਵਿਚ ਹੋਣਗੇ।
ਕੇਜਰੀਵਾਲ ਨੇ ਦੋਸ਼ ਲਾਇਆ, ‘‘ਪ੍ਰਧਾਨ ਮੰਤਰੀ ਨੇ ਬਹੁਤ ਖ਼ਤਰਨਾਕ ਮਿਸ਼ਨ ਸ਼ੁਰੂ ਕੀਤਾ ਹੈ। ਇਸ ਮਿਸ਼ਨ ਦਾ ਨਾਮ ‘ਇਕ ਰਾਸ਼ਟਰ, ਇਕ ਆਗੂ’ ਹੈ। ਮੋਦੀ ਜੀ ਦੇਸ਼ ਦੇ ਸਾਰੇ ਆਗੂਆਂ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਇਹ ਕੰਮ ਦੋ ਪੱਧਰਾਂ ’ਤੇ ਚੱਲ ਰਿਹੈ- ਵਿਰੋਧੀ ਧਿਰ ਦੇ ਸਾਰੇ ਆਗੂਆਂ ਨੂੰ ਜੇਲ੍ਹ ਭੇਜਿਆ ਜਾਵੇਗਾ ਅਤੇ ਭਾਜਪਾ ਆਗੂਆਂ ਨੂੰ ਸਿਆਸੀ ਤੌਰ ’ਤੇ ਖ਼ਤਮ ਕੀਤਾ ਜਾਵੇਗਾ।’’ ‘ਆਪ’ ਸੁਪਰੀਮੋ ਨੇ ਦੋਸ਼ ਲਾਇਆ, ‘‘ਜੇਕਰ ਉਹ ਚੋਣਾਂ ਜਿੱਤਦੇ ਹਨ, ਉਹ ਭਾਜਪਾ ਦੇ ਕਿਸੇ ਆਗੂ ਨੂੰ ਨਹੀਂ ਛੱਡਣਗੇ। ਉਨ੍ਹਾਂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਸੁਮਿੱਤਰਾ ਮਹਾਜਨ ਨੂੰ ਸਿਆਸੀ ਤੌਰ ’ਤੇ ਖ਼ਤਮ ਕੀਤਾ। ਉਨ੍ਹਾਂ ਸ਼ਿਵਰਾਜ ਸਿੰਘ ਦਾ ਸਿਆਸੀ ਕਰੀਅਰ ਖ਼ਤਮ ਕੀਤਾ। ਸ਼ਿਵਰਾਜ ਸਿੰਘ ਨੇ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੀਆਂ ਚੋਣਾਂ ਜਿੱਤ ਕੇ ਦਿੱਤੀਆਂ, ਪਰ ਇਸ ਦੇ ਬਾਵਜੂਦ ਉਨ੍ਹਾਂ ਚੌਹਾਨ ਨੂੰ ਮੁੱਖ ਮੰਤਰੀ ਨਹੀਂ ਬਣਾਇਆ। ਉਨ੍ਹਾਂ ਵਸੁੰਧਰਾ ਰਾਜੇ, ਖੱਟਰ, ਰਮਨ ਸਿੰਘ ਨੂੰ ਵੀ ਸਿਆਸੀ ਤੌਰ ’ਤੇ ਖ਼ਤਮ ਕੀਤਾ।’’ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਇਸ ਫਹਿਰਿਸਤ ’ਚ ਅਗਲਾ ਨੰਬਰ ਯੋਗੀ ਆਦਿੱਤਿਆਨਾਥ ਦਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ, ‘‘ਮੈਂ ਲਿਖ ਕੇ ਦੇ ਸਕਦਾ ਹਾਂ ਕਿ ਜੇਕਰ ਉਹ ਲੋਕ ਸਭਾ ਚੋਣਾਂ ਜਿੱਤ ਗਏ ਤਾਂ ਯੂਪੀ ਦੇ ਮੁੱਖ ਮੰਤਰੀ ਨੂੰ ਬਦਲ ਦੇਣਗੇ। ਉਹ ਯੋਗੀ ਆਦਿੱਤਿਆਨਾਥ ਦੀ ਸਿਆਸਤ ਤੇ ਉਸ ਨੂੰ ਸਿਆਸੀ ਤੌਰ ’ਤੇ ਖਤਮ ਕਰ ਦੇਣਗੇ।’’ ‘ਆਪ’ ਦੇ ਕੌਮੀ ਕਨਵੀਨਰ ਨੇ ਕਿਹਾ, ‘‘ਇਹ ‘ਇਕ ਰਾਸ਼ਟਰ ਇਕ ਆਗੂ’ ਤਾਨਾਸ਼ਾਹੀ ਹੈ ਤੇ ਦੇਸ਼ ਵਿਚ ਸਿਰਫ਼ ਇਕ ਤਾਨਾਸ਼ਾਹ ਹੀ ਬਚੇਗਾ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦੇਸ਼ ਦੇ 4000 ਸਾਲ ਪੁਰਾਣੇ ਇਤਿਹਾਸ ਵਿਚ ਕਈ ਮੌਕੇ ਆਏ ਜਦੋਂ ਤਾਨਾਸ਼ਾਹ ਪੈਦਾ ਹੋਏ ਤੇ ਉਨ੍ਹਾਂ ਦੇਸ਼ ’ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ, ਪਰ ਲੋਕਾਂ ਨੇ ਉਨ੍ਹਾਂ ਨੂੰ ਜੜ੍ਹੋਂ ਉਖਾੜ ਸੁੱਟਿਆ। ਕੇਜਰੀਵਾਲ ਨੇ ਕਿਹਾ ਕਿ ਉਹ ਦੇਸ਼ ਵਿਚੋਂ ‘ਤਾਨਾਸ਼ਾਹੀ ਖਤਮ’ ਕਰਨ ਲਈ ਦੇਸ਼ ਭਰ ਵਿਚ ਚੋਣ ਪ੍ਰਚਾਰ ਲਈ ਅਣਥੱਕ ਕੰਮ ਕਰਨਗੇ। ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਨਾਲ ਦੇਸ਼ ਨੂੰ ਸੁਨੇਹਾ ਦਿੱਤਾ ‘ਕੋਈ ਕੇਸ ਨਹੀਂ ਹੋਵੇਗਾ ਤੇ ਇਸ ਦੇ ਬਾਵਜੂਦ ਮੈਂ ਤੁਹਾਨੂੰ ਗ੍ਰਿਫਤਾਰ ਕਰਾਵਾਂਗਾ।’’
ਈਡੀ ਦੀ ਗ੍ਰਿਫ਼ਤਾਰੀ ਮਗਰੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਾ ਦੇਣ ਦੀ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਮੇਰੇ ਲਈ ਮੁੱਖ ਮੰਤਰੀ ਦਾ ਅਹੁਦਾ ਕੋਈ ਮਾਅਨੇ ਨਹੀਂ ਰੱਖਦਾ। ਮੈਂ ਮੁੱਖ ਮੰਤਰੀ ਵਜੋਂ ਅਸਤੀਫ਼ਾ ਨਹੀਂ ਦਿੱਤਾ ਕਿਉਂਕਿ ਇਕ ਸਾਜ਼ਿਸ਼ ਘੜੀ ਗਈ ਤਾਂ ਕਿ ਇਕ ਝੂਠੇ ਕੇਸ ਵਿਚ ਅਸਤੀਫ਼ੇ ਲਈ ਮੈਨੂੰ ਮਜਬੂਰ ਕੀਤਾ ਜਾ ਸਕੇ।’’ ਕੇਜਰੀਵਾਲ ਨੇ ਦਾਅਵਾ ਕੀਤਾ ਕਿ ‘ਸਾਰੇ ਚੋਰ ਤੇ ਡਕੈਤ’ ਭਾਜਪਾ ਨੇ ਆਪਣੇ ਵਿਚ ਸ਼ਾਮਲ ਕਰ ਲਏ ਹਨ। ਮੁੱਖ ਮੰਤਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਜੇਕਰ ਭ੍ਰਿਸ਼ਟਾਚਾਰ ਖਿਲਾਫ਼ ਲੜਾਈ ਬਾਰੇ ਸਬਕ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਤੋਂ ਸਿੱਖਣਾ ਚਾਹੀਦਾ ਹੈ। ਅਸੀਂ ਭ੍ਰਿਸ਼ਟਾਚਾਰੀਆਂ ਨੂੰ ਜੇਲ੍ਹ ਭੇਜਿਆ ਤੇ ਆਪਣੇੇ (ਭ੍ਰਿਸ਼ਟ) ਮੰਤਰੀਆਂ ਨੂੰ ਵੀ ਨਹੀਂ ਛੱਡਿਆ।’’ ਮੁੱਖ ਮੰਤਰੀ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਨੇ ਪਾਰਟੀ(ਆਪ) ਦੇ ਚਾਰ ਆਗੂਆਂ ਨੂੰ ਜੇਲ੍ਹ ਭੇਜ ਕੇ ‘ਆਪ’ ਨੂੰ ਖ਼ਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਨੂੰ ਲੱਗਦਾ ਸੀ ਕਿ ਪਾਰਟੀ ਖ਼ਤਮ ਹੋ ਜਾਵੇਗੀ। ਪਰ ‘ਆਪ’ ਮਹਿਜ਼ ਪਾਰਟੀ ਨਹੀਂ ਇਕ ਸੋਚ ਹੈ, ਜਿੰਨਾ ਤੁਸੀਂ ਇਸ ਨੂੰ ਸੱਟ ਮਾਰੋਗੇ, ਓਨਾ ਸਾਡੀ ਪਾਰਟੀ ਹੋਰ ਤਰੱਕੀ ਕਰੇਗੀ।’’ ਕੇਜਰੀਵਾਲ ਨੇ ਕਿਹਾ, ‘‘ਕਿਸੇ ਨੂੰ ਇਹ ਆਸ ਨਹੀਂ ਸੀ ਕਿ ਮੈਂ ਚੋਣਾਂ ਵਿਚਾਲੇ ਜੇਲ੍ਹ ਵਿਚੋਂ ਬਾਹਰ ਆ ਜਾਵਾਂਗਾ, ਪਰ ਤੁਹਾਡੀਆਂ ਪ੍ਰਾਰਥਨਾਵਾਂ ਤੇ ਭਗਵਾਨ ਹਨੂਮਾਨ ਦੇ ਆਸ਼ੀਰਵਾਦ ਕਰਕੇ ਮੈਂ ਅੱਜ ਤੁਹਾਡੇ ਸਾਰਿਆਂ ਦੇ ਨਾਲ ਹਾਂ।’’ ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਜੀ ਭ੍ਰਿਸ਼ਟਾਚਾਰ ਖਿਲਾਫ਼ ਕਿਵੇਂ ਲੜਨਾ ਹੈ, ਇਹ ਅਰਵਿੰਦ ਕੇਜਰੀਵਾਲ ਤੋਂ ਸਿੱਖੋ।

Advertisement

ਕੇਜਰੀਵਾਲ ਵੱਲੋਂ ਦੱਖਣੀ ਤੇ ਪੂਰਬੀ ਦਿੱਲੀ ਹਲਕਿਆਂ ’ਚ ਰੋਡ ਸ਼ੋਅ

ਨਵੀਂ ਦਿੱਲੀ: ‘ਆਪ’ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਆਪਣੇ ਹਮਰੁਤਬਾ ਭਗਵੰਤ ਮਾਨ ਨਾਲ ਦੱਖਣੀ ਦਿੱਲੀ ਹਲਕੇ ਵਿਚ ਪਾਰਟੀ ਉਮੀਦਵਾਰ ਸਹੀ ਰਾਮ ਪਹਿਲਵਾਨ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ। ਇਸ ਮੌਕੇ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਮੌਜੂਦ ਸਨ। ਕੇਜਰੀਵਾਲ ਤੇ ਮਾਨ ਦੇ ਖੁੱਲ੍ਹੀ ਛੱਤ ਵਾਲੇ ਵਾਹਨ ਪਿੱਛੇ ‘ਆਪ’ ਵਾਲੰਟੀਅਰ ਹੱਥਾਂ ਵਿਚ ਪਾਰਟੀ ਦੇ ਝੰਡੇ ਚੁੱਕੀ ਤੇ ਨਾਅਰੇ ਮਾਰਦੇ ਤੁਰ ਰਹੇ ਸਨ। ਕੇਜਰੀਵਾਲ ਪੂਰਬੀ ਦਿੱਲੀ ਹਲਕੇ ਤੋਂ ਆਪ ਉਮੀਦਵਾਰ ਕੁਲਦੀਪ ਕੁਮਾਰ ਦੀ ਹਮਾਇਤ ਵਿਚ ਕੱਢੇ ਰੋਡਸ਼ੋਅ ਵਿੱਚ ਵੀ ਸ਼ਾਮਲ ਹੋਏ। ਇਸੇ ਦੌਰਾਨ ਪਾਰਟੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਕੇਜਰੀਵਾਲ ਨੇ ਐਤਵਾਰ ਨੂੰ ਸਿਵਲ ਲਾਈਨਜ਼ ਵਿਚਲੀ ਆਪਣੀ ਸਰਕਾਰੀ ਰਿਹਾਇਸ਼ ’ਤੇ ‘ਆਪ ਦੇ ਸਾਰੇ ਵਿਧਾਇਕਾਂ ਦੀ ਮੀਟਿੰਗ ਸੱਦੀ ਹੈ। ਬੈਠਕ ਵਿਚ ਦਿੱਲੀ ’ਚ ਲੋਕ ਸਭਾ ਚੋਣਾਂ ਬਾਰੇ ਚਰਚਾ ਦੇ ਆਸਾਰ ਹਨ। -ਪੀਟੀਆਈ

ਲੋਕਾਂ ਨੇ ਹੰਕਾਰੀ ਆਗੂਆਂ ਦਾ ਭਰਮ ਤੋੜਿਆ: ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ‘ਆਪ’ ਹੈੱਡਕੁਆਰਟਰ ’ਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਆਗੂ ਨੇ ਇਹ ਭਰਮ ਪਾਲਿਆ ਹੈ ਕਿ ਉਹ ਲੋਕਾਂ ਤੋਂ ਵੱਡਾ ਹੈ ਤਾਂ ਉਦੋਂ ਹੀ ਲੋਕਾਂ ਨੇ ਉਸ ਦਾ ਭਰਮ ਤੋੜਿਆ ਹੈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਦਫ਼ਤਰ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਥੋੜ੍ਹੀ ਦੂਰ ਹੀ ਸੰਨਾਟਾ ਛਾਇਆ ਹੋਇਆ ਹੈ। ਮਾਨ ਨੇ ਕਿਹਾ ਕਿ ਕੇਜਰੀਵਾਲ ਦੀ ਰਿਹਾਈ ਮਗਰੋਂ ਹੁਣ ਸਾਡੀ ਜ਼ਿੰਮੇਵਾਰੀ ਵਧ ਗਈ ਹੈ, ਕਿਉਂਕਿ ਸਿਰਫ਼ 20 ਦਿਨ ਬਚੇ ਹਨ। ਦਿੱਲੀ ਵਿੱਚ 25 ਮਈ ਨੂੰ ਅਤੇ ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਹਨ। ਉਨ੍ਹਾਂ ਕਿਹਾ, ‘‘ਸਾਡੇ ਕੋਲ ਪ੍ਰਚਾਰ ਲਈ 30 ਮਈ ਤੱਕ ਦਾ ਸਮਾਂ ਹੈ। ਇਸ ਲਈ ਜਿੱਥੇ ਪਹਿਲਾਂ ਅਸੀਂ 12 ਘੰਟੇ ਕੰਮ ਕਰਦੇ ਸੀ, ਉੱਥੇ ਇਨ੍ਹਾਂ 20 ਦਿਨਾਂ ਵਿੱਚ ਸਾਨੂੰ 18 ਘੰਟੇ ਕੰਮ ਕਰਨਾ ਪੈਣਾ ਹੈ।’’ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਜਿੱਤ ਰਹੀ ਹੈ।

Advertisement
Author Image

sukhwinder singh

View all posts

Advertisement