ਮੋਦੀ ਵੱਲੋਂ ਬ੍ਰਾਜ਼ੀਲ ’ਚ ਕਈ ਆਗੂਆਂ ਨਾਲ ਮੁਲਾਕਾਤ
* ਗੀਤਾ ਗੋਪੀਨਾਥ ਵੱਲੋ ਭਾਰਤ ’ਚ ਗਰੀਬੀ ਅਤੇ ਭੁੱਖਮਰੀ ਘਟਾਉਣ ਲਈ ਕੀਤੇ ਯਤਨਾਂ ਦੀ ਸ਼ਲਾਘਾ
ਰੀਓ ਡੀ ਜਨੇਰੀਓ, 19 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਸੰਮੇਲਨ ’ਚ ਸ਼ਮੂਲੀਅਤ ਦੌਰਾਨ ਫਰਾਂਸ, ਬਰਤਾਨੀਆ, ਇਟਲੀ, ਪੁਰਤਗਾਲ, ਇੰਡੋਨੇਸ਼ੀਆ, ਮਿਸਰ ਅਤੇ ਦੱਖਣੀ ਕੋਰੀਆ ਸਮੇਤ ਕਈ ਮੁਲਕਾਂ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਦੁਵੱਲੇ ਸਬੰਧ ਮਜ਼ਬੂਤ ਬਣਾਉਣ ਅਤੇ ਉਨ੍ਹਾਂ ’ਚ ਸੁਧਾਰ ਬਾਰੇ ਵਿਚਾਰ ਵਟਾਂਦਰਾ ਕੀਤਾ। ਮੋਦੀ ਨੇ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਦੀ ਡਿਪਟੀ ਮੈਨੇਜਿੰਗ ਡਾਇਰੈਕਟਰ ਗੀਤਾ ਗੋਪੀਨਾਥ ਅਤੇ ਯੂਰੋਪੀਅਨ ਯੂਨੀਅਨ ਦੀ ਮੁਖੀ ਉਰਸਲਾ ਵੋਨ ਡੇਰ ਲੇਯੇਨ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸੀਓ ਲੂਲਾ ਡਾ ਸਿਲਵਾ ਨਾਲ ਮੀਟਿੰਗ ਕਰਕੇ ਊਰਜਾ, ਬਾਇਓ ਈਂਧਣ, ਰੱਖਿਆ ਅਤੇ ਖੇਤੀਬਾੜੀ ਵਰਗੇ ਸੈਕਟਰਾਂ ’ਚ ਸਹਿਯੋਗ ਦੀ ਵਚਨਬੱਧਤਾ ਦੁਹਰਾਈ।
ਪ੍ਰਧਾਨ ਮੰਤਰੀ ਨੇ ਆਪਣੀ ਇਤਾਲਵੀ ਹਮਰੁਤਬਾ ਜਿਓਰਜੀਆ ਮੇਲੋਨੀ ਨਾਲ ਮੁਲਾਕਾਤ ਕਰਕੇ ਰੱਖਿਆ, ਸੁਰੱਖਿਆ, ਵਪਾਰ ਅਤੇ ਤਕਨਾਲੋਜੀ ਦੇ ਖੇਤਰਾਂ ’ਚ ਸਬੰਧ ਹੋਰ ਗੂੜ੍ਹੇ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ। ਮੋਦੀ ਨੇ ‘ਐਕਸ’ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ। ਅਸੀਂ ਸੱਭਿਆਚਾਰ, ਸਿੱਖਿਆ ਅਤੇ ਹੋਰ ਅਜਿਹੇ ਕਈ ਖੇਤਰਾਂ ’ਚ ਸਹਿਯੋਗ ਵਧਾਉਣ ਬਾਰੇ ਵੀ ਚਰਚਾ ਕੀਤੀ। ਭਾਰਤ-ਇਟਲੀ ਦੋਸਤੀ ਧਰਤੀ ਨੂੰ ਬਿਹਤਰ ਬਣਾਉਣ ’ਚ ਵੱਡਾ ਯੋਗਦਾਨ ਪਾ ਸਕਦੀ ਹੈ।’’ ਵਿਦੇਸ਼ ਮੰਤਰਾਲੇ ਮੁਤਾਬਕ ਦੋਵੇਂ ਆਗੂਆਂ ਨੇ ਭਾਰਤ-ਇਟਲੀ ਸਾਂਝੀ ਰਣਨੀਤਕ ਕਾਰਜ ਯੋਜਨਾ 2025-29 ਨੂੰ ਹੋਰ ਹੱਲਾਸ਼ੇਰੀ ਦੇਣ ਦਾ ਵੀ ਸਵਾਗਤ ਕੀਤਾ।
ਭਾਰਤ ’ਚ ਜਨਮੀ ਆਰਥਿਕ ਮਾਹਿਰ ਗੀਤਾ ਗੋਪੀਨਾਥ ਨੇ ‘ਐਕਸ’ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰੀਓ ’ਚ ਜੀ20 ਸਿਖਰ ਸੰਮੇਲਨ ਦੌਰਾਨ ਮੁਲਾਕਾਤ ਕਰਕੇ ਬਹੁਤ ਵਧੀਆ ਲੱਗਿਆ। ਉਨ੍ਹਾਂ ਭਾਰਤ ’ਚ ਭੁੱਖਮਰੀ ਅਤੇ ਗਰੀਬੀ ਘਟਾਉਣ ਲਈ ਕੀਤੇ ਯਤਨਾਂ ਬਾਰੇ ਜਾਣਕਾਰੀ ਦਿੱਤੀ। ਭਾਰਤ ਵੱਲੋਂ ਚੁੱਕੇ ਗਏ ਕਈ ਕਦਮਾਂ ਤੋਂ ਦੁਨੀਆ ਨੂੰ ਸਿੱਖਣ ਦੀ ਲੋੜ ਹੈ।’’ ਸ੍ਰੀ ਮੋਦੀ ਨੇ ਇਸ ਪੋਸਟ ਦੇ ਜਵਾਬ ’ਚ ਕਿਹਾ, ‘‘ਭਾਰਤ ਭੋਜਨ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਗਰੀਬੀ ਦੇ ਖ਼ਾਤਮੇ ਲਈ ਵਚਨਬੱਧ ਹੈ। ਅਸੀਂ ਆਪਣੀਆਂ ਸਫ਼ਲਤਾਵਾਂ ਨੂੰ ਅੱਗੇ ਵਧਾਵਾਂਗੇ ਅਤੇ ਸਾਰਿਆਂ ਲਈ ਉੱਜਵਲ ਭਵਿੱਖ ਯਕੀਨੀ ਬਣਾਉਣ ਵਾਸਤੇ ਆਪਣੀ ਸਮੂਹਿਕ ਤਾਕਤ ਅਤੇ ਸਰੋਤਾਂ ਦੀ ਵਰਤੋਂ ਕਰਾਂਗੇ।’’ -ਪੀਟੀਆਈ
ਜੀ-20 ਸੰਮੇਲਨ: ਗਾਜ਼ਾ ਲਈ ਵਧੇਰੇ ਸਹਾਇਤਾ ਅਤੇ ਯੂਕਰੇਨ ’ਚ ਜੰਗ ਖ਼ਤਮ ਕਰਨ ਦਾ ਸੱਦਾ
ਰੀਓ ਦੀ ਜਨੇਰੀਓ:
ਦੁਨੀਆ ਦੇ 20 ਵੱਡੇ ਅਰਥਚਾਰਿਆਂ ਦੇ ਆਗੂਆਂ ਨੇ ਸੋਮਵਾਰ ਨੂੰ ਇਕ ਸਾਂਝਾ ਐਲਾਨਨਾਮਾ ਜਾਰੀ ਕਰਕੇ ਭੁੱਖਮਰੀ ਨਾਲ ਸਿੱਝਣ ਲਈ ਇਕ ਆਲਮੀ ਸਮਝੌਤੇ, ਜੰਗ ਮਾਰੇ ਗਾਜ਼ਾ ਲਈ ਵਧੇਰੇ ਸਹਾਇਤਾ ਅਤੇ ਪੱਛਮੀ ਏਸ਼ੀਆ ਤੇ ਯੂਕਰੇਨ ’ਚ ਜੰਗ ਖ਼ਤਮ ਕਰਨ ਦਾ ਸੱਦਾ ਦਿੱਤਾ ਹੈ। ਇਸ ਐਲਾਨਨਾਮੇ ’ਚ ਗੱਲਾਂ ਤਾਂ ਬਹੁਤ ਕੀਤੀਆਂ ਗਈਆਂ ਹਨ ਪਰ ਉਨ੍ਹਾਂ ਟੀਚਿਆਂ ਨੂੰ ਸਰ ਕਰਨ ਦੇ ਵੇਰਵੇ ਨਹੀਂ ਦਿੱਤੇ ਗਏ। ਸਾਂਝੇ ਬਿਆਨ ਨੂੰ ਜੀ-20 ਗਰੁੱਪ ਦੇ ਮੈਂਬਰਾਂ ਨੇ ਵੱਡੀ ਗਿਣਤੀ ’ਚ ਹਮਾਇਤ ਦਿੱਤੀ ਪਰ ਪੂਰੀ ਤਰ੍ਹਾਂ ਨਾਲ ਸਰਬਸੰਮਤੀ ਨਹੀਂ ਬਣ ਸਕੀ। ਇਸ ’ਚ ਅਰਬਪਤੀਆਂ ’ਤੇ ਭਵਿੱਖ ਦੇ ਆਲਮੀ ਟੈਕਸ ਲਗਾਉਣ ਅਤੇ ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ਦੇ ਵਿਸਤਾਰ ਸਮੇਤ ਹੋਰ ਸੁਧਾਰਾਂ ਦਾ ਵੀ ਸੱਦਾ ਦਿੱਤਾ ਗਿਆ। ਤਿੰਨ ਰੋਜ਼ਾ ਸੰਮੇਲਨ ਦੇ ਬੁੱਧਵਾਰ ਨੂੰ ਰਸਮੀ ਤੌਰ ’ਤੇ ਖ਼ਤਮ ਹੋਣ ਤੋਂ ਪਹਿਲਾਂ ਮਾਹਿਰਾਂ ਨੇ ਸ਼ੱਕ ਜਤਾਇਆ ਸੀ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਲਾਸੀਓ ਲੂਲਾ ਡਾ ਸਿਲਵਾ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਦੀ ਅਗਵਾਈ ਹੇਠ ਬਣਨ ਵਾਲੀ ਨਵੀਂ ਸਰਕਾਰ ਨੂੰ ਲੈ ਕੇ ਇਥੇ ਇਕੱਠੇ ਹੋਣ ਵਾਲੇ ਆਗੂਆਂ ਨੂੰ ਕਿਸੇ ਸਮਝੌਤੇ ’ਤੇ ਪਹੁੰਚਣ ਲਈ ਰਾਜ਼ੀ ਕਰ ਸਕਣਗੇ। ਉਂਜ ਅਰਜਨਟੀਨਾ ਨੇ ਸ਼ੁਰੂਆਤੀ ਖਰੜੇ ਦੀ ਭਾਸ਼ਾ ਨੂੰ ਚੁਣੌਤੀ ਦਿੱਤੀ ਸੀ ਅਤੇ ਉਹ ਇਕਲੌਤਾ ਮੁਲਕ ਸੀ ਜਿਸ ਨੇ ਪੂਰੇ ਦਸਤਾਵੇਜ਼ ਦੀ ਹਮਾਇਤ ਨਹੀਂ ਕੀਤੀ। ਆਜ਼ਾਦ ਸਿਆਸੀ ਸਲਾਹਕਾਰ ਅਤੇ ਬ੍ਰਾਜ਼ੀਲ ਦੇ ਸਾਬਕਾ ਮੰਤਰੀ ਥੌਮਸ ਟਰੌਮੈਨ ਨੇ ਕਿਹਾ ਕਿ ਅਜਿਹੇ ਪਲ ਵੀ ਆਏ ਸਨ ਜਦੋਂ ਕੋਈ ਐਲਾਨਨਾਮਾ ਨਾ ਹੋਣ ਦਾ ਜੋਖਮ ਸੀ ਪਰ ਚਿਤਾਵਨੀਆਂ ਦੇ ਬਾਵਜੂਦ ਇਹ ਲੂਲਾ ਡਾ ਸਿਲਵਾ ਲਈ ਵਧੀਆ ਨਤੀਜਾ ਹੈ। ਇਜ਼ਰਾਈਲ ’ਤੇ ਹਮਾਸ ਦੇ ਹਮਲੇ ਦੇ ਕਰੀਬ ਇਕ ਸਾਲ ਬਾਅਦ ਐਲਾਨਨਾਮੇ ’ਚ ਬਿਨ੍ਹਾਂ ਦੂਸ਼ਣਬਾਜ਼ੀ ਦੇ ਜੰਗਾਂ ਦੀ ਨਿੰਦਾ ਕੀਤੀ ਗਈ ਅਤੇ ਸ਼ਾਂਤੀ ਦਾ ਸੱਦਾ ਦਿੱਤਾ ਗਿਆ। ਇਸ ’ਚ ਹਮਾਸ ਵੱਲੋਂ ਬੰਧਕ ਬਣਾਏ ਗਏ ਵਿਅਕਤੀਆਂ ਦਾ ਕੋਈ ਜ਼ਿਕਰ ਨਹੀਂ ਸੀ। -ਏਪੀ
ਸਟਾਰਮਰ ਤੋਂ ਮਾਲਿਆ, ਨੀਰਵ ਅਤੇ ਭੰਡਾਰੀ ਦੀ ਹਵਾਲਗੀ ਮੰਗੀ
ਨਵੀਂ ਦਿੱਲੀ (ਟਨਸ):
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ ’ਚ ਜੀ-20 ਸਿਖਰ ਸੰਮੇਲਨ ਦੌਰਾਨ ਆਪਣੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨਾਲ ਮੁਲਾਕਾਤ ਕਰਕੇ ਯੂਕੇ ’ਚ ਬੈਠੇ ਵਿੱਤੀ ਘੁਟਾਲਿਆਂ ਦੇ ਭਗੌੜਿਆਂ ਵਿਜੈ ਮਾਲਿਆ, ਨੀਰਵ ਮੋਦੀ ਅਤੇ ਸੰਜੇ ਭੰਡਾਰੀ ਦੀ ਹਵਾਲਗੀ ਦਾ ਮੁੱਦਾ ਵੀ ਚੁੱਕਿਆ। ਉਂਜ ਵਿਦੇਸ਼ ਮੰਤਰਾਲੇ ਮੁਤਾਬਕ ਸਟਾਰਮਰ ਨਾਲ ਗੱਲਬਾਤ ਦੌਰਾਨ ਮੋਦੀ ਨੇ ਭਗੌੜਿਆਂ ਦੇ ਨਾਮ ਨਹੀਂ ਲਏ। ਇਸ ਦੌਰਾਨ ਉਨ੍ਹਾਂ ਬੇਲਫਾਸਟ ਅਤੇ ਮਾਨਚੈਸਟਰ ’ਚ ਦੋ ਨਵੇਂ ਭਾਰਤੀ ਕੌਂਸੁਲੇਟ ਖੋਲ੍ਹਣ ਦਾ ਐਲਾਨ ਵੀ ਕੀਤਾ। ਮੋਦੀ ਅਤੇ ਸਟਾਰਮਰ ਨੇ ਦੋਵੇਂ ਮੁਲਕਾਂ ਦੇ ਪਰਵਾਸੀਆਂ ਸਬੰਧੀ ਮਾਮਲਿਆਂ ਨਾਲ ਸਿੱਝਣ ’ਚ ਤੇਜ਼ੀ ਲਿਆਉਣ ’ਤੇ ਵੀ ਸਹਿਮਤੀ ਜਤਾਈ। ਉਨ੍ਹਾਂ ਮੁਕਤ ਵਪਾਰ ਸਮਝੌਤੇ ਦੀਆਂ ਸ਼ਰਤਾਂ ਫੌਰੀ ਲਾਗੂ ਕਰਨ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਰਤਾਨੀਆ ਨਾਲ ਵਿਆਪਕ ਰਣਨੀਤਕ ਭਾਈਵਾਲੀ ਨੂੰ ਤਰਜੀਹ ਦਿੱਤੀ ਜਾਵੇਗੀ। ਦੋਵੇਂ ਆਗੂਆਂ ਨੇ ਤਕਨਾਲੋਜੀ, ਹਰਿਤ ਊਰਜਾ ਅਤੇ ਕਾਢਾਂ ਜਿਹੇ ਖੇਤਰਾਂ ’ਚ ਵੀ ਰਲ ਕੇ ਕੰਮ ਕਰਨ ਦਾ ਫ਼ੈਸਲਾ ਲਿਆ ਹੈ।