For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਪੋਪ, ਸੂਨਕ, ਮੈਕਰੌਂ ਅਤੇ ਜ਼ੈਲੇਂਸਕੀ ਨਾਲ ਕੀਤੀ ਮੁਲਾਕਾਤ

07:19 AM Jun 15, 2024 IST
ਮੋਦੀ ਨੇ ਪੋਪ  ਸੂਨਕ  ਮੈਕਰੌਂ ਅਤੇ ਜ਼ੈਲੇਂਸਕੀ ਨਾਲ ਕੀਤੀ ਮੁਲਾਕਾਤ
ਜੀ-7 ਸੰਮੇਲਨ ਮੌਕੇ ਪੋਪ ਫਰਾਂਸਿਸ ਨਾਲ ਮੁਲਾਕਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋਆਂ: ਪੀਟੀਆਈ
Advertisement

ਬਾਰੀ, 14 ਜੂਨ
ਇਟਲੀ ਦੇ ਅਪੁਲੀਆ ’ਚ ਚੱਲ ਰਹੇ ਜੀ-7 ਸਿਖਰ ਸੰਮੇਲਨ ਦੇ ਵਿਸ਼ੇਸ਼ ਇਜਲਾਸ ’ਚ ਹਿੱਸਾ ਲੈਣ ਲਈ ਇਥੇ ਪੁੱਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੋਪ ਫਰਾਂਸਿਸ, ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕੀਤੀ। ਮੋਦੀ ਦੀ ਮੇਜ਼ਬਾਨ ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੈਲੋਨੀ ਨੇ ‘ਨਮਸਤੇ’ ਨਾਲ ਸਵਾਗਤ ਕੀਤਾ।
ਦੋਵੇਂ ਆਗੂ ਕੁਝ ਸਮੇਂ ਤੱਕ ਗੱਲਬਾਤ ਕਰਦੇ ਦੇਖੇ ਗਏ ਅਤੇ ਉਨ੍ਹਾਂ ਤਸਵੀਰਾਂ ਵੀ ਖਿਚਵਾਈਆਂ। ਪ੍ਰਧਾਨ ਮੰਤਰੀ ਨੇ ਆਲਮੀ ਆਗੂਆਂ ਨਾਲ ਦੁਵੱਲੇ ਸਬੰਧਾਂ ਦੇ ਨਾਲ ਨਾਲ ਚਲੰਤ ਅਤੇ ਭਖਦੇ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

Advertisement

ਜੀ-7 ਸੰਮੇਲਨ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਮੁਲਾਕਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋਆਂ: ਪੀਟੀਆਈ

ਮੋਦੀ ਨੇ ਵ੍ਹੀਲ ਚੇਅਰ ’ਤੇ ਬੈਠੇ ਕੈਥੋਲਿਕ ਚਰਚ ਦੇ 87 ਵਰ੍ਹਿਆਂ ਦੇ ਮੁਖੀ ਪੋਪ ਫਰਾਂਸਿਸ ਨਾਲ ਗਲਵੱਕੜੀ ਪਾਈ ਅਤੇ ਹਲਕੇ-ਫੁਲਕੇ ਅੰਦਾਜ਼ ’ਚ ਗੱਲਬਾਤ ਕੀਤੀ। ਉਨ੍ਹਾਂ ਪੋਪ ਫਰਾਂਸਿਸ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਹ ਲੋਕਾਂ ਦੀ ਸੇਵਾ ਅਤੇ ਪ੍ਰਿਥਵੀ ਨੂੰ ਬਿਹਤਰ ਬਣਾਉਣ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦੇ ਹਨ। ਪੋਪ ਨੇ ਜੀ-7 ਦੇ ਵਿਸ਼ੇਸ਼ ਇਜਲਾਸ ’ਚ ਮਸਨੂਈ ਬੌਧਿਕਤਾ (ਏਆਈ), ਊਰਜਾ, ਅਫ਼ਰੀਕਾ ਅਤੇ ਭੂ-ਮੱਧਸਾਗਰ ਜਿਹੇ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਏਆਈ ਦੀ ਬਿਹਤਰ ਵਰਤੋਂ ਕਰਨਾ ਸਾਡੇ ਸਾਰਿਆਂ ’ਤੇ ਨਿਰਭਰ ਹੈ। ਮੋਦੀ ਨੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਨਾਲ ਮੁਲਾਕਾਤ ਕਰਕੇ ਰੱਖਿਆ, ਪਰਮਾਣੂ ਅਤੇ ਪੁਲਾੜ ਜਿਹੇ ਖੇਤਰਾਂ ਸਮੇਤ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਬਣਾਉਣ ਬਾਰੇ ਚਰਚਾ ਕੀਤੀ। ਉਨ੍ਹਾਂ ਆਲਮੀ ਅਤੇ ਖੇਤਰੀ ਮੁੱਦਿਆਂ ਬਾਰੇ ਵੀ ਆਪੋ-ਆਪਣੇ ਵਿਚਾਰ ਪ੍ਰਗਟਾਏ।

ਜੀ-7 ਸੰਮੇਲਨ ਮੌਕੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋਆਂ: ਪੀਟੀਆਈ

ਇਸ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਬਰਤਾਨਵੀ ਹਮਰੁਤਬਾ ਰਿਸ਼ੀ ਸੂਨਕ ਨਾਲ ਮੁਲਾਕਾਤ ਕਰਕੇ ਭਾਰਤ-ਯੂਕੇ ਰਣਨੀਤਕ ਭਾਈਵਾਲੀ ਹੋਰ ਮਜ਼ਬੂਤ ਕਰਨ ਪ੍ਰਤੀ ਵਚਨਬੱਧਤਾ ਦੁਹਰਾਈ। ਉਨ੍ਹਾਂ ਐੱਫਟੀਏ ਸਮਝੌਤੇ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਦੋਵੇਂ ਆਗੂਆਂ ਨੇ ਇਕ-ਦੂਜੇ ਨੂੰ ਗਲਵੱਕੜੀ ਵੀ ਪਾਈ। ਸੂਨਕ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ’ਤੇ ਮੋਦੀ ਨੂੰ ਵਧਾਈ ਦਿੱਤੀ ਜਦਕਿ ਉਨ੍ਹਾਂ ਸੂਨਕ ਨੂੰ ਅਗਲੇ ਮਹੀਨੇ ਹੋਣ ਵਾਲੀਆਂ ਚੋਣਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਜੰਗ ਦੇ ਸ਼ਾਂਤਮਈ ਹੱਲ ਲਈ ਹਰ ਸੰਭਵ ਮਦਦ ਕਰੇਗਾ। ਉਨ੍ਹਾਂ ਕਿਹਾ ਕਿ ਰੂਸ-ਯੂਕਰੇਨ ਜੰਗ ਦਾ ਹੱਲ ਵਾਰਤਾ ਅਤੇ ਕੂਟਨੀਤੀ ਨਾਲ ਹੀ ਕੱਢਿਆ ਜਾ ਸਕਦਾ ਹੈ। -ਪੀਟੀਆਈ

Advertisement
Author Image

joginder kumar

View all posts

Advertisement
Advertisement
×