For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਦੇਸ਼ ਦੇ ਜਵਾਨਾਂ ਨੂੰ ਮਜ਼ਦੂਰ ਬਣਾਇਆ: ਰਾਹੁਲ

06:39 AM May 23, 2024 IST
ਮੋਦੀ ਨੇ ਦੇਸ਼ ਦੇ ਜਵਾਨਾਂ ਨੂੰ ਮਜ਼ਦੂਰ ਬਣਾਇਆ  ਰਾਹੁਲ
ਕਾਂਗਰਸੀ ਆਗੂ ਰਾਹੁਲ ਗਾਂਧੀ ਮਹੇਂਦਰਗੜ੍ਹ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ
Advertisement

* ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਅਗਨੀਵੀਰ ਯੋਜਨਾ ਰੱਦ ਕਰਨ ਦਾ ਐਲਾਨ
* ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕਰਨ ਦਾ ਕੀਤਾ ਵਾਅਦਾ

Advertisement

ਪੀਟੀਆਈ/ਪੀਪੀ ਵਰਮਾ
ਮਹੇਂਦਰਗੜ੍ਹ/ਸੋਨੀਪਤ/ਪੰਚਕੂਲਾ, 22 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਜੇਕਰ ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਅਗਨੀਵੀਰ ਯੋਜਨਾ ਖਤਮ ਕਰਕੇ ਇਸ ਨੂੰ ਕੂੜੇਦਾਨ ’ਚ ਸੁੱਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਲੋਕ ਸਭਾ ਚੋਣਾਂ ਲਈ ਹਰਿਆਣਾ ’ਚ ਆਪਣੀਆਂ ਰੈਲੀਆਂ ’ਚ ਕਾਂਗਰਸ ਪ੍ਰਧਾਨ ਨੇ ਕਿਸਾਨਾਂ ਦੇ ਮੁੱਦੇ ਵੀ ਪ੍ਰਧਾਨ ਮੰਤਰੀ ਨੂੰ ਘੇਰਿਆ। ਉਨ੍ਹਾਂ ਅੱਜ ਮਹੇਂਦਰਗੜ੍ਹ, ਸੋਨੀਪਤ ਤੇ ਪੰਚਕੂਲਾ ’ਚ ਸੰਬੋਧਨ ਕੀਤਾ।

ਕਾਂਗਰਸ ਆਗੂ ਰਾਹੁਲ ਗਾਂਧੀ ਪੰਚਕੂਲਾ ਵਿੱਚ ਸਮਾਗਮ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਰਵੀ ਕੁਮਾਰ

ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ 22 ਅਰਬਪਤੀਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਪਰ ਉਸ ਨੇ ਸਾਫ ਤੌਰ ’ਤੇ ਕਿਹਾ ਹੈ ਕਿ ਉਹ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕਰੇਗੀ ਕਿਉਂਕਿ ਇਸ ਨਾਲ ਸਰਕਾਰ ’ਤੇ ਵਿੱਤੀ ਬੋਝ ਵਧ ਜਾਵੇਗਾ। ਭਿਵਾਨੀ-ਮਹੇਂਦਰਗੜ੍ਹ ਲੋਕ ਸਭਾ ਹਲਕੇ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਅਸੀਂ ਕਿਸਾਨਾਂ ਦੀ ਸੁਰੱਖਿਆ ਤੇ ਉਨ੍ਹਾਂ ਨੂੰ ਢੁੱਕਵਾਂ ਮੁਆਵਜ਼ਾ ਦੇਣ ਲਈ ਜ਼ਮੀਨ ਅਧਿਗ੍ਰਹਿਣ ਬਿੱਲ ਲਿਆਏ ਸੀ ਪਰ ਮੋਦੀ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ। ਫਿਰ ਉਹ (ਭਾਜਪਾ) ਤਿੰਨ ਕਾਲੇ ਖੇਤੀ ਕਾਨੂੰਨ ਲਿਆਏ ਅਤੇ ਕਿਸਾਨਾਂ ਨੂੰ ਸੜਕਾਂ ’ਤੇ ਉੱਤਰਨਾ ਪਿਆ।’ ਅਗਨੀਵੀਰ ਯੋਜਨਾ ਬਾਰੇ ਭਾਜਪਾ ਸਰਕਾਰ ਦੀ ਆਲੋਚਨਾ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ, ‘ਇਹ ਸੈਨਾ ਦੀ ਯੋਜਨਾ ਨਹੀਂ ਸਗੋਂ ਪ੍ਰਧਾਨ ਮੰਤਰੀ ਮੋਦੀ ਦੀ ਯੋਜਨਾ ਹੈ। ਸੈਨਾ ਅਜਿਹਾ ਨਹੀਂ ਚਾਹੁੰਦੀ। ਇਹ ਯੋਜਨਾ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਤਿਆਰ ਕੀਤੀ ਗਈ ਸੀ। ਉਨ੍ਹਾਂ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਜਦੋਂ ‘ਇੰਡੀਆ’ ਦੀ ਸਰਕਾਰ ਬਣੇਗੀ ਤਾਂ ਅਸੀਂ ਅਗਨੀਵੀਰ ਯੋਜਨਾ ਨੂੰ ਕੂੜੇਦਾਨ ’ਚ ਸੁੱਟ ਦੇਵਾਂਗੇ।’ ਉਨ੍ਹਾਂ ਕਿਹਾ ਕਿ ਹਰਿਆਣਾ ਅਤੇ ਦੇਸ਼ ਦੇ ਨੌਜਵਾਨਾਂ ਦੇ ਹੱਥਾਂ ’ਚ ਭਾਰਤ ਦੀਆਂ ਸਰਹੱਦਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ, ‘ਦੇਸ਼ਭਗਤੀ ਸਾਡੇ ਨੌਜਵਾਨਾਂ ਦੇ ਖੂਨ ਵਿੱਚ ਹੈ। ਪ੍ਰਧਾਨ ਮੰਤਰੀ ਮੋਦੀ ਨੇ ਹਿੰਦੁਸਤਾਨ ਦੇ ਜਵਾਨਾਂ ਨੂੰ ਮਜ਼ਦੂਰ ਬਣਾ ਦਿੱਤਾ ਹੈ।’ ਭਾਜਪਾ ਸਰਕਾਰ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ, ‘ਉਹ ਕਹਿੰਦੇ ਹਨ ਕਿ ਸ਼ਹੀਦ ਦੋ ਤਰ੍ਹਾਂ ਦੇ ਹੋਣਗੇ। ਇੱਕ ਆਮ ਜਵਾਨ ਅਤੇ ਅਧਿਕਾਰੀ ਜਿਨ੍ਹਾਂ ਨੂੰ ਪੈਨਸ਼ਨ, ਸ਼ਹੀਦ ਦਾ ਦਰਜਾ, ਸਾਰੀਆਂ ਸਹੂਲਤਾਂ ਮਿਲਣਗੀਆਂ ਅਤੇ ਦੂਜਾ ਗਰੀਬ ਪਰਿਵਾਰ ਦਾ ਵਿਅਕਤੀ ਜਿਸ ਨੂੰ ਅਗਨੀਵੀਰ ਦਾ ਨਾਂ ਦਿੱਤਾ ਗਿਆ ਹੈ। ਅਗਨੀਵੀਰਾਂ ਨੂੰ ਨਾ ਸ਼ਹੀਦ ਦਾ ਦਰਜਾ ਮਿਲੇਗਾ, ਨਾ ਪੈਨਸ਼ਨ ਤੇ ਨਾ ਹੀ ਕੰਟੀਨ ਦੀ ਸਹੂਲਤ।’ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਚਾਰ ਜੂਨ ਨੂੰ ਇੰਡੀਆ ਗੱਠਜੋੜ ਸੱਤਾ ’ਚ ਆਵੇਗਾ ਤਾਂ ਹਰਿਆਣਾ ਤੇ ਹੋਰ ਸੂਬਿਆਂ ’ਚ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ।
ਸੋਨੀਪਤ ’ਚ ਵੱਖਰੀ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਭਾਜਪਾ ਸੱਤਾ ’ਚ ਆਈ ਤਾਂ ਉਹ ਸੰਵਿਧਾਨ ਬਦਲ ਦੇਵੇਗੀ। ਉਨ੍ਹਾਂ ਕਿਹਾ, ‘ਇਹ ਜੰਗ ਤੇ ਚੋਣਾਂ ਸੰਵਿਧਾਨ ਤੇ ਗਰੀਬਾਂ ਦੇ ਹੱਕਾਂ ਦੀ ਰਾਖੀ ਲਈ ਹਨ।’ ਰਾਹੁਲ ਨੇ ਕਿਹਾ ਕਿ ਲੰਘੇ 10 ਸਾਲਾਂ ਅੰਦਰ ਮੋਦੀ ਸਰਕਾਰ ਨੇ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਇੱਕ ਪਾਸੇ ਅਰਬਪਤੀ ਹਨ ਤੇ ਦੂਜੇ ਪਾਸੇ ਕਿਸਾਨ, ਮਜ਼ਦੂਰ ਤੇ ਬੇਰੁਜ਼ਗਾਰ ਨੌਜਵਾਨ ਹਨ। ਅਮੀਰ ਦਿਨੋਂ-ਦਿਨ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ।
ਰਾਹੁਲ ਗਾਂਧੀ ਨੇ ਪੰਚਕੂਲਾ ਵਿੱਚ ਕਿਹਾ ਕਿ ਸੰਵਿਧਾਨ ਸਿਰਫ ਇੱਕ ਕਿਤਾਬ ਨਹੀਂ ਹੈ ਸਗੋਂ ਸੱਤਾ ਦਾ ਤਬਾਦਲਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਦੋ ਕਾਨੂੰਨ ਚਲ ਰਹੇ ਹਨ। ਇੱਕ ਅਮੀਰਾਂ ਲਈ ਅਤੇ ਇੱਕ ਗਰੀਬਾਂ ਲਈ। ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਸਮਰਿੱਧ ਭਾਰਤ ਫਾਊਂਡੇਸ਼ਨ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ ਕਿ ਦੇਸ਼ ਦੀ 90 ਫੀਸਦ ਆਬਾਦੀ ਦਲਿਤ, ਆਦਿਵਾਸੀ, ਓਬੀਸੀ ਅਤੇ ਘੱਟ ਗਿਣਤੀ ਭਾਈਚਾਰੇ ਦੀ ਹੈ ਅਤੇ ਇਨ੍ਹਾਂ ਦੀ ਨਾ ਕਾਰਪੋਰੇਟ ਜਗਤ ਵਿੱਚ, ਨਾ ਮੀਡੀਆ ਅਤੇ ਨਾ ਹੀ ਕੇਂਦਰ ਸਰਕਾਰ ਵਿੱਚ ਕੋਈ ਸੁਣਵਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਗਰੀਬ ਲੋਕਾਂ ਨੂੰ ਕਿਤੇ ਵੀ ਕੋਈ ਭਾਗੇਦਾਰੀ ਨਹੀਂ ਮਿਲ ਰਹੀ ਤੇ ਇਨ੍ਹਾਂ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾਉਣਾ ਉਨ੍ਹਾਂ ਦਾ ਮਿਸ਼ਨ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਸੋਚ ਰਹੇ ਹਨ ਕਿ ਉਹ ਜਿੱਤ ਰਹੇ ਹਨ ਪਰ ਸੱਚਾਈ ਇਹ ਹੈ ਕਿ ਉਹ ਹਾਰਨ ਵਾਲੇ ਹਨ।

Advertisement
Author Image

joginder kumar

View all posts

Advertisement
Advertisement
×