ਮੋਦੀ ਦੇ ਫਰਵਰੀ ’ਚ ਵ੍ਹਾਈਟ ਹਾਊਸ ਆਉਣ ਦੀ ਸੰਭਾਵਨਾ: ਟਰੰਪ
* ਅਮਰੀਕੀ ਰਾਸ਼ਟਰਪਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਦਾਅਵਾ
ਵਾਸ਼ਿੰਗਟਨ, 28 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੈਰ-ਕਾਨੂੰਨੀ ਪਰਵਾਸੀਆਂ ਬਾਰੇ ‘ਜੋ ਸਹੀ ਹੈ’ ਉਹ ਉਹੀ ਕਰਨਗੇ ਅਤੇ ਇਸ ਗੱਲ ਨੂੰ ਮੁੱਖ ਰੱਖਦਿਆਂ ਭਾਰਤ ਨਾਲ ਗੱਲਬਾਤ ਚੱਲ ਰਹੀ ਹੈ। ਰਾਸ਼ਟਰਪਤੀ ਟਰੰਪ ਨੇ ਬੀਤੇ ਦਿਨ ਫਲੋਰਿਡਾ ਤੋਂ ਸੰਯੁਕਤ ਬੇਸ ਐਂਡਰਿਊਜ਼ ’ਤੇ ਵਾਪਸ ਜਾਣ ਸਮੇਂ ਏਅਰ ਫੋਰਸ ਵਨ ’ਤੇ ਸਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਦੇ ਫਰਵਰੀ ਵਿੱਚ ਵ੍ਹਾਈਟ ਹਾਊਸ ਆਉਣ ਦੀ ਸੰਭਾਵਨਾ ਹੈ।
ਵੱਖਰੇ ਤੌਰ ’ਤੇ ਦੋਵਾਂ ਨੇਤਾਵਾਂ ਵਿਚਕਾਰ ਫੋਨ ਕਾਲ ਦੇ ਰੀਡਆਊਟ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਕਿ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਅਤੇ ਨਿਰਪੱਖ ਦੁਵੱਲੇ ਵਪਾਰਕ ਸਬੰਧਾਂ, ਡੂੰਘੇ ਭਾਰਤ-ਅਮਰੀਕਾ ਸਹਿਯੋਗ ਵੱਲ ਕਦਮ ਵਧਾਉਣ ਬਾਰੇ ਵਿਚਾਰ ਚਰਚਾ ਕੀਤੀ। ਬੀਤੇ ਦਿਨ ਟਰੰਪ ਫਲੋਰੀਡਾ ਦੇ ਰਿਟ੍ਰੀਟ ’ਤੇ ਹਾਊਸ ਰਿਪਬਲਿਕਨਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਵ੍ਹਾਈਟ ਹਾਊਸ ਨੇ ਕਿਹਾ ਕਿ ਆਪਣੀ ਫੋਨ ਕਾਲ ਦੌਰਾਨ ਦੋਵਾਂ ਨੇਤਾਵਾਂ ਨੇ ਮੋਦੀ ਦੇ ਅਮਰੀਕਾ ਦੌਰੇ ਦੀ ਯੋਜਨਾ ’ਤੇ ਵੀ ਚਰਚਾ ਕੀਤੀ। ਏਅਰ ਫੋਰਸ ਵਨ ’ਤੇ ਸਵਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੂੰ ਪੁੱਛਿਆ ਗਿਆ ਕਿ ਕੀ ਉਹ (ਮੋਦੀ) ਗੈਰ-ਕਾਨੂੰਨੀ ਪਰਵਾਸੀਆਂ ਨੂੰ ਲੈਣ ਲਈ ਸਹਿਮਤ ਹੋਏ ਸਨ। ਟਰੰਪ ਨੇ ਕਿਹਾ, “ਉਹ (ਮੋਦੀ) ਉਹੀ ਕਰਨਗੇ ਜੋ ਸਹੀ ਹੈ। ਅਸੀਂ ਚਰਚਾ ਕਰ ਰਹੇ ਹਾਂ।” ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ’ਤੇ ਹੋਈ ਗੱਲਬਾਤ ਬਾਰੇ ਟਰੰਪ ਨੇ ਕਿਹਾ, ‘ਮੈਂ ਅੱਜ ਸਵੇਰੇ (ਸੋਮਵਾਰ ਨੂੰ) ਉਨ੍ਹਾਂ ਨਾਲ ਲੰਮੀ ਗੱਲਬਾਤ ਕੀਤੀ। ਉਹ ਸੰਭਵ ਹੈ ਕਿ ਅਗਲੇ ਮਹੀਨੇ ਫਰਵਰੀ ’ਚ ਵ੍ਹਾਈਟ ਹਾਊਸ ਆਉਣਗੇ। ਭਾਰਤ ਨਾਲ ਸਾਡੇ ਬਹੁਤ ਚੰਗੇ ਸਬੰਧ ਹਨ।’ ਟਰੰਪ ਨੇ ਦੱਸਿਆ ਕਿ ਮੋਦੀ ਨਾਲ ਗੱਲਬਾਤ ਦੌਰਾਨ ਸਾਰੇ ਵਿਸ਼ਿਆਂ ’ਤੇ ਚਰਚਾ ਹੋਈ। ਟਰੰਪ ਨੇ ਭਾਰਤ ਨੂੰ ਅਮਰੀਕਾ ’ਚ ਬਣੇ ਸੁਰੱਖਿਆ ਉਪਕਰਨਾਂ ਦੀ ਖਰੀਦ ਵਧਾਉਣ ਅਤੇ ਢੁੱਕਵੇਂ ਦੁਵੱਲੇ ਵਪਾਰ ਸਬੰਧਾਂ ਦੀ ਦਿਸ਼ਾ ’ਚ ਅੱਗੇ ਵਧਣ ਦੀ ਅਪੀਲ ਕੀਤੀ। ਮੋਦੀ ਤੇ ਟਰੰਪ ਨੇ ਅਮਰੀਕਾ-ਭਾਰਤ ਰਣਨੀਤਕ ਭਾਈਵਾਲੀ ਅਤੇ ਹਿੰਦ-ਪ੍ਰਸ਼ਾਂਤ ‘ਕੁਆਡ’ ਭਾਈਵਾਲੀ ਮਜ਼ਬੂਤ ਕਰਨ ਦੀ ਆਪਣੀ ਪ੍ਰਤੀਬੱਧਤਾ ’ਤੇ ਜ਼ੋਰ ਦਿੱਤਾ। -ਪੀਟੀਆਈ
ਟਰੰਪ ਵੱਲੋਂ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ
ਵਾਸ਼ਿੰਗਟਨ:
ਰਾਸ਼ਟਰਪਤੀ ਡੋਨਲਡ ਟਰੰਪ ਨੇ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰ ਕੇ ਰੱਖਿਆ ਮੰਤਰੀ ਪੀਟ ਹੈਗਸੇਥ ਨੂੰ ਟਰਾਂਸਜੈਂਡਰ ਸੈਨਿਕਾਂ ਸਬੰਧੀ ਪੈਂਟਾਗਨ ਦੀ ਨੀਤੀ ’ਚ ਸੋਧ ਕਰਨ ਦਾ ਨਿਰਦੇਸ਼ ਦਿੱਤਾ ਹੈ। ਟਰੰਪ ਦੇ ਇਸ ਕਾਰਜਕਾਰੀ ਹੁਕਮ ਨਾਲ ਭਵਿੱਖ ’ਚ ਅਮਰੀਕੀ ਸੈਨਾ ਵਿੱਚ ਟਰਾਂਸਜੈਂਡਰ ਸੈਨਿਕਾਂ ਦੀ ਭਰਤੀ ’ਤੇ ਪਾਬੰਦੀ ਲਗ ਸਕਦੀ ਹੈ। ਟਰੰਪ ਨੇ ਉਨ੍ਹਾਂ ਸੈਨਿਕਾਂ ਨੂੰ ਵੀ ਬਹਾਲ ਕਰਨ ਦਾ ਹੁਕਮ ਦਿੱਤਾ ਜਿਨ੍ਹਾਂ ਨੂੰ ਕੋਵਿਡ-19 ਟੀਕੇ ਲਗਵਾਉਣ ਤੋਂ ਇਨਕਾਰ ਕਰਨ ਕਾਰਨ ਹਟਾ ਦਿੱਤਾ ਗਿਆ ਸੀ। ਟਰੰਪ ਦੇ ਕਾਰਜਕਾਰੀ ਹੁਕਮ ’ਚ ਅਮਰੀਕਾ ਲਈ ਮਿਜ਼ਾਈਲ ਰੱਖਿਆ ਕਵਚ ਦੀ ਤਾਇਤਾਨੀ ਦੀ ਤਜਵੀਜ਼ ਵੀ ਹੈ। -ਪੀਟੀਆਈ
ਚੀਨ, ਭਾਰਤ ਤੇ ਬ੍ਰਾਜ਼ੀਲ ਉੱਚ ਟੈਕਸ ਵਾਲੇ ਮੁਲਕਾਂ ’ਚ ਸ਼ਾਮਲ
ਵਾਸ਼ਿੰਗਟਨ:
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਉਨ੍ਹਾਂ ਮੁਲਕਾਂ ’ਤੇ ਟੈਕਸ ਲਾਉਣਗੇ ਜੋ ਅਮਰੀਕਾ ਨੂੰ ਨੁਕਸਾਨ ਪਹੁੰਚਾਉਂਦੇ ਹਨ। ਉਨ੍ਹਾਂ ਚੀਨ, ਭਾਰਤ ਤੇ ਬ੍ਰਾਜ਼ੀਲ ਨੂੰ ਉੱਚ ਟੈਕਸ ਵਾਲੇ ਮੁਲਕਾਂ ਵਿੱਚ ਸ਼ਾਮਲ ਕੀਤਾ। ਟਰੰਪ ਨੇ ਚੀਨੀ ਐਪ ‘ਡੀਪਸੀਕ’ ਦੇ ਅਚਾਨਕ ਉਭਾਰ ਨੂੰ ਮਸਨੂਈ ਬੌਧਿਕਤਾ (ਏਆਈ) ਵਿਕਸਿਤ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਲਈ ‘ਚਿਤਾਵਨੀ’ ਕਰਾਰ ਦਿੱਤਾ। ਡੋਨਲਡ ਟਰੰਪ ਨੇ ਫਲੋਰੀਡਾ ’ਚ ਹਾਊਸ ਰਿਪਬਲਿਕਨਾਂ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਉਨ੍ਹਾਂ ਬਾਹਰੀ ਮੁਲਕਾਂ ਤੇ ਬਾਹਰੀ ਲੋਕਾਂ ’ਤੇ ਟੈਕਸ ਲਾਉਣ ਜਾ ਰਹੇ ਹਾਂ ਜੋ ਅਸਲ ’ਚ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਇਰਾਦਾ ਬੇਸ਼ੱਕ ਸਾਨੂੰ ਨੁਕਸਾਨ ਪਹੁੰਚਾਉਣਾ ਹੈ ਪਰ ਉਹ ਖਾਸ ਤੌਰ ’ਤੇ ਆਪਣੇ ਦੇਸ਼ ਨੂੰ ਚੰਗਾ ਬਣਾਉਣਾ ਚਾਹੁੰਦੇ ਹਨ।’ ਉਨ੍ਹਾਂ ਕਿਹਾ, ‘ਦੇਖੋ ਦੂਜੇ ਕੀ ਕਰਦੇ ਹਨ। ਚੀਨ ਬਹੁਤ ਜ਼ਿਆਦਾ ਟੈਕਸ ਲੈਂਦਾ ਹੈ ਅਤੇ ਭਾਰਤ, ਬ੍ਰਾਜ਼ੀਲ ਤੇ ਕਈ ਹੋਰ ਮੁਲਕਾਂ ’ਚ ਵੀ ਇਹੀ ਸਥਿਤੀ ਹੈ। ਇਸ ਲਈ ਅਸੀਂ ਹੁਣ ਅਜਿਹਾ ਹੋਰ ਨਹੀਂ ਹੋਣ ਦੇਵਾਂਗੇ ਅਤੇ ਅਸੀਂ ਅਮਰੀਕਾ ਨੂੰ ਸਭ ਤੋਂ ਅੱਗੇ ਲਿਜਾਵਾਂਗੇ।’ ਉਨ੍ਹਾਂ ਕਿਹਾ ਕਿ ਅਮਰੀਕਾ ਇੱਕ ਬਹੁਤ ਹੀ ਨਿਰਪੱਖ ਪ੍ਰਣਾਲੀ ਸਥਾਪਤ ਕਰੇਗਾ ਜਿਸ ਨਾਲ ਸਾਡੇ ਖਜ਼ਾਨੇ ’ਚ ਧਨ ਆਵੇਗਾ ਅਤੇ ਅਮਰੀਕਾ ਮੁੜ ਬਹੁਤ ਖੁਸ਼ਹਾਲ ਹੋ ਜਾਵੇਗਾ। ਟਰੰਪ ਨੇ ਕੰਪਨੀਆਂ ਨੂੰ ਕਿਹਾ ਕਿ ਜੇ ਉਹ ਟੈਕਸ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਉਹ ਅਮਰੀਕਾ ਆ ਕੇ ਨਿਰਮਾਣ ਇਕਾਈਆਂ ਸਥਾਪਤ ਕਰਨ। ਇਸੇ ਦੌਰਾਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਚੀਨੀ ਐਪ ‘ਡੀਪਸੀਕ’ ਦਾ ਅਚਾਨਕ ਉਭਾਰ ਹੋਣਾ ਮਸਨੂਈ ਬੌਧਿਕਤਾ ਵਿਕਸਿਤ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਲਈ ‘ਇੱਕ ਚਿਤਾਵਨੀ ਹੋਣੀ ਚਾਹੀਦੀ ਹੈ’ ਕਿਉਂਕਿ ਉਨ੍ਹਾਂ ਨੂੰ ਜਿੱਤਣ ਲਈ ਮੁਕਾਬਲੇ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ। ਟਰੰਪ ਨੇ ਇਹ ਵੀ ਕਿਹਾ ਕਿ ‘ਡੀਪਸੀਕ’ ਇੱਕ ਸਕਾਰਾਤਮਕ ਵਿਕਾਸ ਹੈ ਕਿਉਂਕਿ ਇਹ ਸਸਤਾ ਹੈ। -ਪੀਟੀਆਈ