ਝੂਠ ਬੋਲ ਕੇ ਨੌਜਵਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕ ਰਹੇ ਨੇ ਮੋਦੀ: ਖੜਗੇ
ਨਵੀਂ ਦਿੱਲੀ, 19 ਜੁਲਾਈ
ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਉਨ੍ਹਾਂ ਦੇ ਉਸ ਬਿਆਨ ਨੂੰ ਲੈ ਕੇ ਨਿਸ਼ਾਨਾ ਸੇਧਿਆ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅੱਠ ਕਰੋੜ ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ। ਖੜਗੇ ਨੇ ਮੋਦੀ ’ਤੇ ਇਕ ਤੋਂ ਬਾਅਦ ਇਕ ਝੂਠ ਬੋਲ ਕੇ ਨੌਜਵਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦਾ ਦੋਸ਼ ਵੀ ਲਗਾਇਆ। ਪ੍ਰਧਾਨ ਮੰਤਰੀ ਮੋਦੀ ਵੱਲੋਂ ਪਿਛਲੇ ਹਫ਼ਤੇ ਬਿਆਨ ਦਿੱਤਾ ਗਿਆ ਸੀ ਕਿ ਪਿਛਲੇ ਤਿੰਨ ਤੋਂ ਚਾਰ ਸਾਲਾਂ ਵਿੱਚ ਪੈਦਾ ਹੋਈਆਂ ਅੱਠ ਕਰੋੜ ਨਵੀਆਂ ਨੌਕਰੀਆਂ ਨੇ ਬੇਰੁਜ਼ਗਾਰੀ ਦਾ ਝੂਠ ਫੈਲਾਉਣ ਵਾਲਿਆਂ ਦਾ ਮੂੰਹ ਬੰਦ ਕਰ ਦਿੱਤਾ। ਖੜਗੇ ਵੱਲੋਂ ਇਸੇ ਸਬੰਧ ਵਿੱਚ ਮੋਦੀ ’ਤੇ ਇਹ ਸ਼ਬਦੀ ਹਮਲਾ ਕੀਤਾ ਗਿਆ। -ਪੀਟੀਆਈ
ਬਜਟ ਵਿੱਚ ਸਰਮਾਏਦਾਰਾਂ ਨੂੰ ਹੋਰ ਅਮੀਰ ਬਣਾਉਣ ਦੀ ਕੋਸ਼ਿਸ਼ :ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਬਜਟ ਤੋਂ ਪਹਿਲਾਂ ਅੱਜ ਦੋਸ਼ ਲਗਾਇਆ ਕਿ ਬਜਟ ਦਾ ਮਕਸਦ ਬੇਰੁਜ਼ਗਾਰੀ, ਅਮੀਰ-ਗਰੀਬ ਵਿੱਚ ਵਧ ਰਹੇ ਪਾੜੇ ਅਤੇ ਘੱਟ ਰਹੇ ਵਿਦੇਸ਼ੀ ਨਿਵੇਸ਼ ਵਰਗੇ ਮੁੱਦਿਆਂ ਨੂੰ ਹੱਲ ਕਰਨ ਦੀ ਥਾਂ ਕੁਝ ਕੁ ਸਰਮਾਏਦਾਰਾਂ ਨੂੰ ਹੋਰ ਅਮੀਰ ਬਣਾਉਣਾ ਹੋਵੇਗਾ। ਕਾਂਗਰਸ ਦੀ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਦੋਸ਼ ਲਗਾਇਆ ਕਿ ਇਸ ਸਰਕਾਰ ਨੂੰ ਆਮ ਲੋਕਾਂ, ਕਿਸਾਨਾਂ, ਨੌਜਵਾਨਾਂ, ਮਹਿਲਾਵਾਂ ਤੇ ਮੱਧ ਵਰਗ ਤੋਂ ਕੋਈ ਸਰੋਕਾਰ ਨਹੀਂ ਹੈ।