ਮੋਦੀ ਨਾਕਾਮੀਆਂ ਛੁਪਾਉਣ ਲਈ ਵੰਡੀਆਂ ਪਾਉਣ ਵਾਲੇ ਮੁੱਦੇ ਚੁੱਕ ਰਹੇ ਨੇ: ਕਾਂਗਰਸ
ਨਵੀਂ ਦਿੱਲੀ, 2 ਜੁਲਾਈ
ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਂਝੇ ਸਿਵਲ ਕੋਡ ਦੀ ਜ਼ੋਰਦਾਰ ਵਕਾਲਤ ਕੀਤੇ ਜਾਣ ਦਰਮਿਆਨ ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਹੁਕਮਰਾਨ ਭਾਜਪਾ ਆਪਣੀ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਵੰਡਾਉਣ ਲਈ ‘ਵੰਡਪਾੳੂ’ ਅਤੇ ‘ਧਰੁਵੀਕਰਨ’ ਵਾਲੇ ਮੁੱਦੇ ਚੁੱਕ ਰਹੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਮੋਦੀ ’ਤੇ ਦੋਸ਼ ਲਾਇਆ ਕਿ ਉਹ ਅਜਿਹੇ ਮੁੱਦੇ ਚੁੱਕਣ ਲਈ ‘ਓਵਰਟਾਈਮ’ ਕੰਮ ਕਰ ਰਹੇ ਹਨ ਅਤੇ ਆਮ ਆਦਮੀ ਦੀਆਂ ਰੋਜ਼ਾਨਾ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਕੱਢ ਰਹੇ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ, ‘‘ਪ੍ਰਧਾਨ ਮੰਤਰੀ ਆਮ ਸਹਿਮਤੀ ਬਣਾਉਣ ਦੀ ਕਦੇ ਵੀ ਕੋਸ਼ਿਸ਼ ਨਹੀਂ ਕਰਦੇ ਹਨ। ਜਦੋਂ ਮਨੀਪੁਰ ਸੜ ਰਿਹਾ ਹੈ, ਚੀਨ ਭਾਰਤੀ ਜ਼ਮੀਨ ਦੱਬੀ ਬੈਠਾ ਹੈ, ਲੋਕ ਮਹਿੰਗਾਈ ਤੋਂ ਪ੍ਰੇਸ਼ਾਨ ਹਨ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਹਨ ਤਾਂ ਪ੍ਰਧਾਨ ਮੰਤਰੀ ਕਿਸੇ ਹੋਰ ਵਿਸ਼ੇ ’ਤੇ ਬੋਲ ਰਹੇ ਹਨ।’’ ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਸਾਂਝੇ ਸਿਵਲ ਕੋਡ ਦੇ ਮੁੱਦੇ ’ਤੇ ਸਾਵਧਾਨੀ ਵਾਲਾ ਰੁਖ਼ ਅਪਣਾ ਰਹੀ ਹੈ। -ਪੀਟੀਆਈ
ਬਸਪਾ ਯੂਸੀਸੀ ਖ਼ਿਲਾਫ਼ ਨਹੀਂ, ਪਰ ਭਾਜਪਾ ਦਾ ਲਾਗੂ ਕਰਨ ਦਾ ਤਰੀਕਾ ਗਲਤ: ਮਾਇਆਵਤੀ
ਲਖਨੳੂ: ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਸਾਂਝੇ ਸਿਵਲ ਕੋਡ (ਯੂਸੀਸੀ) ਖ਼ਿਲਾਫ਼ ਨਹੀਂ ਹੈ ਪਰ ਜਿਸ ਢੰਗ ਨਾਲ ਭਾਜਪਾ ਅਤੇ ਉਸ ਦੀ ਸਰਕਾਰ ਇਸ ਨੂੰ ਦੇਸ਼ ’ਚ ਲਾਗੂ ਕਰਨਾ ਚਾਹੁੰਦੀ ਹੈ, ਉਹ ਤਰੀਕਾ ਗਲਤ ਹੈ। ਬਸਪਾ ਸੁਪਰੀਮੋ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਲਈ ਇਕਸਾਰ ਕਾਨੂੰਨ ਲਾਗੂ ਹੋਣ ਨਾਲ ਦੇਸ਼ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਹੋਵੇਗਾ। ਯੂਪੀ ਦੀ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ’ਚ ਸਾਰੇ ਨਾਗਰਿਕਾਂ ਲਈ ਯੂਸੀਸੀ ਲਾਗੂ ਕਰਨ ਦਾ ਜ਼ਿਕਰ ਹੈ ਪਰ ਇਸ ਨੂੰ ਜਬਰੀ ਨਹੀਂ ਥੋਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਂਝੇ ਸਿਵਲ ਕੋਡ ਨੂੰ ਸਰਬਸੰਮਤੀ ਬਣਾ ਕੇ ਅਤੇ ਜਾਗਰੂਕਤਾ ਫੈਲਾ ਕੇ ਲਾਗੂ ਕਰਨਾ ਚਾਹੀਦਾ ਹੈ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਯੂਸੀਸੀ ਦੀ ਆੜ ਹੇਠ ਸੌੜੀ ਸਿਆਸਤ ਦੇਸ਼ ਦੇ ਹਿੱਤ ’ਚ ਨਹੀਂ ਹੈ। -ਪੀਟੀਆਈ
ਕੇਰਲਾ ਦੀ ਮੁਸਲਿਮ ਜਥੇਬੰਦੀ ਵੱਲੋਂ ਯੂਸੀਸੀ ਦੇ ਵਿਰੋਧ ਦਾ ਸੰਕੇਤ
ਮਾਲਾਪੁਰਮ/ਕੋਚੀ: ਦੇਸ਼ ’ਚ ਸਾਂਝੇ ਸਿਵਲ ਕੋਡ (ਯੂਸੀਸੀ) ਖ਼ਿਲਾਫ਼ ਮੁਸਲਿਮ ਜਥੇਬੰਦੀਆਂ ਇਕਜੁੱਟ ਨਜ਼ਰ ਆ ਰਹੀਆਂ ਹਨ। ਸਮਸਤ ਕੇਰਲਾ ਜੇਮ-ਅਯਾਤੁੱਲ ਉਲਾਮਾ ਨੇ ਪ੍ਰਸਤਾਵਿਤ ਕਾਨੂੰਨ ਦਾ ਵਿਰੋਧ ਕਰਨ ਦੇ ਸੰਕੇਤ ਦਿੱਤੇ ਹਨ। ਜਥੇਬੰਦੀ ਦੇ ਪ੍ਰਧਾਨ ਮੁਹੰਮਦ ਜਿਫਰੀ ਮੁਥੋਕੋਯਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਰਫ਼ ਮੁਸਲਮਾਨ ਹੀ ਨਹੀਂ ਇਸਾਈ, ਬੋਧੀ, ਜੈਨੀ ਆਦਿ ਧਰਮਾਂ ਦੇ ਲੋਕ ਵੀ ਯੂਸੀਸੀ ਨੂੰ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਦੇ ਵੀ ਵਿਆਹਾਂ ਅਤੇ ਸੰਪਤੀਆਂ ਬਾਰੇ ਆਪਣੇ ਕਾਨੂੰਨ ਤੇ ਨੇਮ ਹਨ। ਇੰਡੀਅਨ ਯੂਨੀਅਨ ਮੁਸਲਿਮ ਲੀਗ, ਕਾਂਗਰਸ ਅਤੇ ਪਲਾਯਮ ਜੁਮਾ ਮਸਜਿਦ ਦੇ ਇਮਾਮ ਨੇ ਵੀ ਯੂਸੀਸੀ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ। -ਪੀਟੀਆਈ