For the best experience, open
https://m.punjabitribuneonline.com
on your mobile browser.
Advertisement

ਫਿਰਕੂ ਟਕਰਾਅ ਪੈਦਾ ਕਰਨ ਵਾਲੇ ਭਾਸ਼ਣ ਦੇ ਰਹੇ ਨੇ ਮੋਦੀ: ਪ੍ਰਿਯੰਕਾ

07:58 AM May 27, 2024 IST
ਫਿਰਕੂ ਟਕਰਾਅ ਪੈਦਾ ਕਰਨ ਵਾਲੇ ਭਾਸ਼ਣ ਦੇ ਰਹੇ ਨੇ ਮੋਦੀ  ਪ੍ਰਿਯੰਕਾ
ਕਾਂਗਰਸੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਮਨੀਸ਼ ਤਿਵਾੜੀ ਤੇ ਪਵਨ ਕੁਮਾਰ ਬਾਂਸਲ ਚੰਡੀਗੜ੍ਹ ਵਿੱਚ ਇਕਜੁੱਟਤਾ ਜ਼ਾਹਿਰ ਕਰਦੇ ਹੋਏ। -ਫੋਟੋ: ਨਿਤਿਨ ਮਿੱਤਲ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 26 ਮਈ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਰੁਜ਼ਗਾਰੀ, ਮਹਿੰਗਾਈ, ਕਿਸਾਨੀ ਤੇ ਔਰਤਾਂ ਨਾਲ ਸਬੰਧਤ ਬੁਨਿਆਦੀ ਮੁੱਦਿਆਂ ਨੂੰ ਛੱਡ ਕੇ ਧਰਮ ਦੇ ਨਾਂ ’ਤੇ ਰਾਜਨੀਤੀ ਕਰ ਰਹੇ ਹਨ ਤੇ ਉਹ ਹਰ ਥਾਂ ’ਤੇ ਹਿੰਦੂ-ਮੁਸਲਮਾਨਾਂ ਵਿੱਚ ਟਕਰਾਅ ਪੈਦਾ ਕਰਨ ਵਾਲੇ ਭਾਸ਼ਣ ਦੇ ਰਹੇ ਹਨ ਜਦਕਿ ‘ਇੰਡੀਆ’ ਗੱਠਜੋੜ ਦੇਸ਼ ਦੇ ਵਿਕਾਸ ਅਤੇ ਤਰੱਕੀ ਦੀ ਗੱਲ ਕਰ ਰਿਹਾ ਹੈ। ਪ੍ਰਿਯੰਕਾ ਗਾਂਧੀ ਅੱਜ ਚੰਡੀਗੜ੍ਹ ਦੇ ਸੈਕਟਰ-27 ਵਿੱਚ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਵੀ ਆਪਣੀ ਨਾਰਾਜ਼ਗੀ ਭੁਲਾ ਕੇ ਮਨੀਸ਼ ਤਿਵਾੜੀ ਦੀ ਚੋਣ ਰੈਲੀ ਵਿੱਚ ਪਹੁੰਚੇ।
ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਤੇ ਸਮੁੱਚੀ ਭਾਜਪਾ ਵੱਲੋਂ ਪਿਛਲੀਆਂ ਦੋ ਲੋਕ ਸਭਾ ਚੋਣਾਂ ’ਚ ਹਿੰਦੂ-ਮੁਸਲਮਾਨ ਦੇ ਨਾਮ ’ਤੇ ਵੋਟ ਮੰਗੀ ਜਾ ਰਹੀ ਹੈ, ਪਰ ਭਾਰਤ ਦੇ ਲੋਕ ਅਜਿਹੀ ਗੱਲਾਂ ਕਰਨ ਵਾਲਿਆਂ ਨੂੰ ਤੀਜੀ ਵਾਰ ਥਾਂ ਨਹੀਂ ਦੇਣਗੇ। ਉਹ ਲੋਕਾਂ ਲਈ ਕੰਮ ਕਰਨ ਵਾਲੇ ਤੇ ਲੋਕਾਂ ਵਿੱਚ ਰਹਿਣ ਵਾਲੇ ‘ਇੰਡੀਆ’ ਗੱਠਜੋੜ ਦੇ ਆਗੂਆਂ ਨੂੰ ਵੋਟ ਪਾ ਕੇ ਕਾਮਯਾਬ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਦੇ 10 ਸਾਲਾਂ ਦੇ ਰਾਜ ਵਿੱਚ ਬੇਰੁਜ਼ਗਾਰੀ ਦੀ ਦਰ ਪਿਛਲੇ 45 ਸਾਲਾਂ ਵਿੱਚ ਸਭ ਤੋਂ ਵੱਧ ਹੋ ਗਈ ਹੈ। ਅੱਜ ਦੇਸ਼ ਵਿੱਚ 70 ਕਰੋੜ ਨੌਜਵਾਨ ਬੇਰੁਜ਼ਗਾਰ ਹਨ, 30 ਲੱਖ ਸਰਕਾਰੀ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਕਰਕੇ ਔਰਤਾਂ ਨੂੰ ਘਰ ਚਲਾਉਣਾ ਮੁਸ਼ਕਲ ਹੋ ਗਿਆ ਹੈ। ਕਾਂਗਰਸ ਦੇ ਰਾਜ ਵਿੱਚ ਸਿਲੰਡਰ 400 ਰੁਪਏ ਹੁੰਦਾ ਸੀ ਤਾਂ ਭਾਜਪਾ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ ਸਨ ਪਰ ਅੱਜ ਸਿਲੰਡਰ 1200 ਰੁਪਏ ਤੱਕ ਪਹੁੰਚ ਗਿਆ ਹੈ, ਪਰ ਕੋਈ ਬੋਲ ਨਹੀਂ ਰਿਹਾ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਛੋਟੇ-ਛੋਟੇ ਕਰਜ਼ਿਆਂ ਕਾਰਨ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਪਰ ਕੇਂਦਰ ਸਰਕਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਥਾਂ ਵੱਡੇ ਕਾਰੋਬਾਰੀਆਂ ਦੇ ਲੱਖਾਂ ਕਰੋੜਾਂ ਰੁਪਏ ਦੇ ਕਰਜ਼ੇ ਮੁਆਫ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਕਹਿ ਰਹੇ ਹਨ ਕਿ ਜੇਕਰ ਕਾਂਗਰਸ ਸੱਤਾ ’ਚ ਆਈ ਤਾਂ ਤੁਹਾਡੀ ਅੱਧੀ ਜਾਇਦਾਦ ਹਥਿਆ ਲਵੇਗੀ। ਅਜਿਹੀ ਬਿਆਨਬਾਜ਼ੀ ਰਾਹੀਂ ਭਾਜਪਾ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਰਕਾਰ ਸੱਤਾ ਵਿੱਚ ਆਉਂਦੇ ਹੀ ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ 8500 ਰੁਪਏ ਮਹੀਨੇ ਦੇਵੇਗੀ, ਕਿਸਾਨਾਂ ਨੂੰ ਫ਼ਸਲਾਂ ਦੀ ਐੱਮਐੱਸਪੀ ਯਕੀਨੀ ਦੇਵੇਗੀ। ਆਂਗਣਵਾੜੀ, ਆਸ਼ਾ ਵਰਕਰ ਤੇ ਮਗਨਰੇਗਾ ਵਰਕਰਾਂ ਨੂੰ 400 ਰੁਪਏ ਮਹੀਨੇ ਦਿਹਾੜੀ ਦਿੱਤੀ ਜਾਵੇਗੀ। ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ, ਮੇਅਰ ਕੁਲਦੀਪ ਕੁਮਾਰ ਟੀਟੀ ਸਣੇ ਵੱਡੀ ਗਿਣਤੀ ਵਿੱਚ ਕਾਂਗਰਸ, ‘ਆਪ’ ਤੇ ਸਪਾ ਦੇ ਆਗੂ ਮੌਜੂਦ ਰਹੇ।

Advertisement

‘ਕਾਂਗਰਸ ਹਿੰਦੂ ਵਿਰੋਧੀ ਨਹੀਂ’

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਵੱਲੋਂ ਕਾਂਗਰਸ ਪਾਰਟੀ ਨੂੰ ਹਿੰਦੂ ਵਿਰੋਧੀ ਪਾਰਟੀ ਦੱਸਿਆ ਜਾਂਦਾ ਹੈ, ਪਰ ਕਾਂਗਰਸ ਹਿੰਦੂ ਵਿਰੋਧੀ ਪਾਰਟੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਭ ਤੋਂ ਵੱਡੇ ਆਗੂ ਮਹਾਤਮਾ ਗਾਂਧੀ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਭਗਵਦ ਗੀਤਾ ਦੀ ਸਿੱਖਿਆ ’ਤੇ ਲੜੀ ਸੀ। ਹਾਲਾਂਕਿ ਭਗਵਦ ਗੀਤਾ ਦੇ ਦਿਖਾਏ ਰਾਹ ’ਤੇ ਚਲਦਿਆਂ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਮਹਾਤਮਾ ਗਾਂਧੀ ਨੂੰ ਨੱਥੂ ਰਾਮ ਗੋਡਸੇ ਨੇ ਮਾਰਿਆ ਸੀ, ਉਹ ਕਿਸ ਨਾਲ ਸਬੰਧਤ ਹੈ, ਉਹ ਵੀ ਸਾਰੇ ਜਾਣਦੇ ਹਨ। ਕਾਂਗਰਸ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ।

Advertisement
Author Image

sukhwinder singh

View all posts

Advertisement
Advertisement
×