For the best experience, open
https://m.punjabitribuneonline.com
on your mobile browser.
Advertisement

ਮੋਦੀ ਲੋਕਾਂ ਨਾਲੋਂ ਟੁੱਟੇ ਹੋਏ ‘ਸ਼ਹਿਨਸ਼ਾਹ’: ਪ੍ਰਿਯੰਕਾ

08:20 AM May 05, 2024 IST
ਮੋਦੀ ਲੋਕਾਂ ਨਾਲੋਂ ਟੁੱਟੇ ਹੋਏ ‘ਸ਼ਹਿਨਸ਼ਾਹ’  ਪ੍ਰਿਯੰਕਾ
ਬਨਾਸਕਾਂਠਾ ਵਿੱਚ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। -ਫੋਟੋ: ਪੀਟੀਆਈ
Advertisement

ਲਖਾਨੀ/ਦਾਵਨਗੇਰੇ, 4 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਹੁਲ ਗਾਂਧੀ ’ਤੇ ‘ਸ਼ਹਿਜ਼ਾਦਾ’ ਤਨਜ਼ ਕੱਸੇ ਜਾਣ ਦਾ ਜਵਾਬ ਦਿੰਦਿਆਂ ਅੱਜ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਉਨ੍ਹਾਂ (ਮੋਦੀ) ਨੂੰ ‘ਸ਼ਹਿਨਸ਼ਾਹ’ ਦੱਸਿਆ ਜੋ ਮਹਿਲਾਂ ’ਚ ਰਹਿੰਦਾ ਹੈ ਅਤੇ ਆਮ ਜਨਤਾ ਨਾਲੋਂ ਟੁੱਟਿਆ ਹੋਇਆ ਹੈ।
ਕਾਂਗਰਸ ਦੀ ਜਨਰਲ ਸਕੱਤਰ ਨੇ ਗੁਜਰਾਤ ਦੇ ਬਨਾਸਕਾਂਠਾ ਲੋਕ ਸਭਾ ਹਲਕੇ ਦੇ ਲਖਾਨੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ’ਤੇ ਸੱਤਾ ਲਈ ਗੁਜਰਾਤ ਦੇ ਲੋਕਾਂ ਨੂੰ ਵਰਤਣ ਤੇ ਫਿਰ ਉਨ੍ਹਾਂ ਨੂੰ ਭੁੱਲ ਜਾਣ ਦਾ ਵੀ ਦੋਸ਼ ਲਾਇਆ।
ਪ੍ਰਿਯੰਕਾ ਨੇ ਕਿਹਾ, ‘ਉਹ ਮੇਰੇ ਭਰਾ ਨੂੰ ਸ਼ਹਿਜ਼ਾਦਾ ਕਹਿੰਦੇ ਹਨ। ਮੈਂ ਉਨ੍ਹਾਂ ਨੂੰ ਦਸਣਾ ਚਾਹੁੰਦੀ ਹਾਂ ਕਿ ਇਹ ਸ਼ਹਿਜ਼ਾਦਾ ਤੁਹਾਡੀਆਂ (ਲੋਕਾਂ ਦੀਆਂ) ਸਮੱਸਿਆਵਾਂ ਸੁਣਨ ਲਈ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਚਾਰ ਹਜ਼ਾਰ ਕਿਲੋਮੀਟਰ ਤੱਕ ਚੱਲਿਆ, ਮੇਰੇ ਭਰਾਵਾਂ ਤੇ ਭੈਣਾਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਸ ਤਰ੍ਹਾਂ ਹੋ ਸਕਦਾ ਹੈ।’ ਪ੍ਰਿਯੰਕਾ ਨੇ ਕਿਹਾ, ‘ਦੂਜੇ ਪਾਸੇ ਤੁਹਾਡੇ ‘ਸ਼ਹਿਨਸ਼ਾਹ’ ਨਰਿੰਦਰ ਮੋਦੀ ਹਨ। ਉਹ ਮਹਿਲਾਂ ’ਚ ਰਹਿੰਦੇ ਹਨ। ਕੀ ਤੁਸੀਂ ਕਦੀ ਟੀਵੀ ’ਤੇ ਉਨ੍ਹਾਂ ਦਾ ਚਿਹਰਾ ਦੇਖਿਆ ਹੈ? ਇਕਦਮ ਸਾਫ-ਸੁਥਰਾ ਸਫੈਦ ਕੁੜਤਾ, ਧੂੜ-ਮਿੱਟੀ ਦਾ ਇੱਕ ਵੀ ਦਾਗ ਨਹੀਂ। ਇੱਕ ਵੀ ਵਾਲ ਇੱਧਰ ਤੋਂ ਉੱਧਰ ਨਹੀਂ ਹੋ ਰਿਹਾ। ਉਹ ਤੁਹਾਡੀ ਮਿਹਨਤ, ਤੁਹਾਡੀ ਖੇਤੀ ਨੂੰ ਕਿਵੇਂ ਸਮਝਣਗੇ? ਉਹ ਤੁਹਾਡੀਆਂ ਸਮੱਸਿਆਵਾਂ ਨੂੰ ਕਿਵੇਂ ਸਮਝਣਗੇ, ਤੁਸੀਂ ਮਹਿੰਗਾਈ ਦੇ ਬੋਝ ਹੇਠ ਦੱਬੇ ਹੋਏ ਹੋ।’
ਕਾਂਗਰਸ ਆਗੂ ਨੇ ਇਹ ਵੀ ਦੋਸ਼ ਲਾਇਆ ਭਾਜਪਾ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਅਤੇ ਕਾਨੂੰਨ ਦੀ ਕਿਤਾਬ ਰਾਹੀਂ ਲੋਕਾਂ ਨੂੰ ਮਿਲੇ ਅਧਿਕਾਰ ਘੱਟ ਤੇ ਕਮਜ਼ੋਰ ਕਰਨਾ ਚਾਹੁੰਦੀ ਹੈ। ਪ੍ਰਿਯੰਕਾ ਨੇ ਗੁਜਰਾਤ ਤੋਂ ਲੋਕ ਸਭਾ ਚੋਣਾਂ ਨਾ ਲੜਨ ਦੇ ਮੋਦੀ ਦੇ ਫ਼ੈਸਲੇ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਸੂਬੇ ਦੇ ਲੋਕਾਂ ਨੂੰ ਵਰਤਿਆ ਤੇ ਉਨ੍ਹਾਂ ਨੂੰ ਭੁੱਲ ਗਏ। ਪ੍ਰਿਯੰਕਾ ਨੇ ਮੋਦੀ ’ਤੇ ਇਸ ਬਿਆਨ ਨੂੰ ਲੈ ਕੇ ਨਿਸ਼ਾਨਾ ਸੇਧਿਆ ਕਿ ਪਾਕਿਸਤਾਨ ਰਾਹੁਲ ਗਾਂਧੀ ਨੂੰ ਭਾਰਤ ਦਾ ਅਗਲਾ ਪ੍ਰਧਾਨ ਮੰਤਰੀ ਬਣਦਾ ਹੋਇਆ ਦੇਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ, ‘ਚੋਣਾਂ ਭਾਰਤ ’ਚ ਹਨ ਅਤੇ ਗੱਲ ਪਾਕਿਸਤਾਨ ਦੀ ਹੋ ਰਹੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਅਜਿਹੇ ਹੇਠਲੇ ਪੱਧਰ ਦੇ ਬਿਆਨ ਦੇ ਰਹੇ ਹਨ।’
ਇਸੇ ਦੌਰਾਨ ਕਰਨਾਟਕ ’ਚ ਰੈਲੀ ਕਰਦਿਆਂ ਪ੍ਰਿਯੰਕਾ ਨੇ ਕੋਵਿਡ ਵੈਕਸੀਨ ਦੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਤੇ ਦਾਅਵਾ ਕੀਤਾ ਕਿ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੇ ਇਹ ਟੀਕਾ ਲਗਵਾਇਆ, ਉਨ੍ਹਾਂ ਨੂੰ ਦਿਲ ਦੇ ਦੌਰੇ ਪੈ ਰਹੇ ਹਨ। ਵੈਕਸੀਨ ਤੇ ਚੋਣ ਬਾਂਡ ਮੁੱਦੇ ਵਿਚਾਲੇ ਸਬੰਧ ਦਸਦਿਆਂ ਉਨ੍ਹਾਂ ਦੋਸ਼ ਲਾਇਆ ਕਿ ਟੀਕਿਆਂ ਦਾ ਨਿਰਮਾਣ ਉਸ ਕੰਪਨੀ ਵੱਲੋਂ ਕੀਤਾ ਗਿਆ ਸੀ ਜਿਸ ਨੇ ਭਾਜਪਾ ਨੂੰ 52 ਕਰੋੜ ਰੁਪਏ ਦਾ ਚੰਦਾ ਦਿੱਤਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਖ਼ਬਰਾਂ ਅਨੁਸਾਰ ਜਿਨ੍ਹਾਂ ਨੇ ਕੋਵਿਡ ਰੋਕੂ ਟੀਕਾ ਲਗਵਾਇਆ ਉਨ੍ਹਾਂ ’ਚੋਂ ਕੁਝ ਨੂੰ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਾਲ ਹੀ ’ਚ ਇਸ ਸਬੰਧੀ ਰਿਪੋਰਟ ਵੀ ਸਾਹਮਣੇ ਆਈ ਸੀ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×