For the best experience, open
https://m.punjabitribuneonline.com
on your mobile browser.
Advertisement

ਮੋਦੀ ਵੱਲੋਂ ਦੇਹਰਾਦੂਨ ’ਚ 38ਵੀਆਂ ਕੌਮੀ ਖੇਡਾਂ ਦਾ ਉਦਘਾਟਨ

06:12 AM Jan 29, 2025 IST
ਮੋਦੀ ਵੱਲੋਂ ਦੇਹਰਾਦੂਨ ’ਚ 38ਵੀਆਂ ਕੌਮੀ ਖੇਡਾਂ ਦਾ ਉਦਘਾਟਨ
ਉਦਘਾਟਨੀ ਸਮਾਗਮ ਦੌਰਾਨ ਲੋਕਾਂ ਦਾ ਪਿਆਰ ਕਬੂਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ। -ਫੋਟੋ: ਪੀਟੀਆਈ
Advertisement

ਦੇਹਰਾਦੂਨ, 28 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ 38ਵੀਆਂ ਕੌਮੀ ਖੇਡਾਂ ਦਾ ਉਦਘਾਟਨ ਕਰਦਿਆਂ 2036 ਓਲੰਪਿਕ ਖੇਡਾਂ ਭਾਰਤ ਵਿੱਚ ਲਿਆਉਣ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ 2036 ਓਲੰਪਿਕ ਦੀ ਮੇਜ਼ਬਾਨੀ ਲਈ ਪੂਰਾ ਜ਼ੋਰ ਲਾ ਰਿਹਾ ਹੈ ਅਤੇ ਦੇਸ਼ ਵਿੱਚ ਓਲੰਪਿਕ ਹੋਣਗੇ ਤਾਂ ਉਹ ਭਾਰਤ ਵਿੱਚ ਖੇਡਾਂ ਨੂੰ ਨਵੀਂਆਂ ਉਚਾਈਆਂ ’ਤੇ ਲਿਜਾਣਗੇ। ਉਨ੍ਹਾਂ ਕਿਹਾ, ‘ਜਿਵੇਂ ਸਾਡੇ ਖਿਡਾਰੀ ਹਮੇਸ਼ਾ ਵੱਡੇ ਟੀਚੇ ਲੈ ਕੇ ਚੱਲਦੇ ਹਨ। ਉਸੇ ਤਰ੍ਹਾਂ ਸਾਡਾ ਦੇਸ਼ ਵੀ ਵੱਡੇ ਸੰਕਲਪ ਲੈ ਕੇ ਅੱਗੇ ਵਧ ਰਿਹਾ ਹੈ।’ ਕੌਮੀ ਖੇਡਾਂ 14 ਫਰਵਰੀ ਤੱਕ ਚੱਲਣਗੀਆਂ। ਇਸ ਦੌਰਾਨ 32 ਖੇਡਾਂ ਵਿੱਚ ਲਗਪਗ 10 ਹਜ਼ਾਰ ਖਿਡਾਰੀ ਤਗ਼ਮੇ ਜਿੱਤਣ ਲਈ ਚੁਣੌਤੀ ਪੇਸ਼ ਕਰਨਗੇ। ਪਹਾੜੀ ਰਾਜ ਦੇ ਸੱਤ ਸ਼ਹਿਰਾਂ ਵਿੱਚ ਖੇਡਾਂ ਕਰਵਾਈਆਂ ਜਾਣਗੀਆਂ, ਜਿਸ ਵਿੱਚ ਦੇਹਰਾਦੂਨ ਮੁੱਖ ਸਥਾਨ ਹੈ। ਲਗਪਗ 450 ਸੋਨੇ ਦੇ ਤਗਮੇ ਅਤੇ ਇੰਨੇ ਹੀ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਦਾਅ ’ਤੇ ਹਨ। ਖਿਡਾਰੀਆਂ ਵੱਲੋਂ ਮਸ਼ਾਲ ਪ੍ਰਧਾਨ ਮੰਤਰੀ ਨੂੰ ਸੌਂਪਣ ਮਗਰੋਂ ਮੋਦੀ ਨੇ ਖੇਡਾਂ ਦੀ ਸ਼ੁਰੂਆਤ ਦਾ ਐਲਾਨ ਕੀਤਾ।
ਮੋਦੀ ਨੇ ਸਮਾਗਮ ਵਿੱਚ ਇਕੱਠੇ ਹੋਏ ਖਿਡਾਰੀਆਂ ਅਤੇ ਅਥਲੀਟਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਤੁਹਾਡਾ ਹੁਨਰ ਨਿਖਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡਾ ਧਿਆਨ ਤੁਹਾਡਾ ਸਾਥ ਦੇਣ ’ਤੇ ਕੇਂਦਰਿਤ ਹੈ। ਅਸੀਂ ਖੇਡਾਂ ਨੂੰ ਦੇਸ਼ ਦੇ ਵਿਕਾਸ ਵਿੱਚ ਜ਼ਰੂਰੀ ਪਹਿਲੂ ਮੰਨਦੇ ਹਾਂ।’ ਉਨ੍ਹਾਂ ਕਿਹਾ, ‘ਇਹ ਏਕ ਭਾਰਤ, ਸ੍ਰੇਸ਼ਠ ਭਾਰਤ ਦਾ ਸੁੰਦਰ ਚਿੱਤਰ ਹੈ।’ ਸਮਾਗਮ ਵਿੱਚ ਪੁਸ਼ਕਰ ਸਿੰਘ ਧਾਮੀ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜੈਵਲਿਨ ਥ੍ਰੋਅਰ ਨੀਰਜ ਚੋਪੜਾ, ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਅਤੇ ਨਿਸ਼ਾਨੇਬਾਜ਼ ਮਨੂ ਭਾਕਰ ਇਨ੍ਹਾਂ ਖੇਡਾਂ ਵਿੱਚ ਹਿੱਸਾ ਨਹੀਂ ਲੈ ਰਹੇ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement