ਮੋਦੀ ਵੱਲੋਂ ਦੇਸ਼ ਦੇ ਸਭ ਤੋਂ ਲੰਮੇ ਸਮੁੰਦਰੀ ਪੁਲ ਦਾ ਉਦਘਾਟਨ
ਮੁੰਬਈ/ਨਾਸਿਕ, 12 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 17,840 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਅਟਲ ਬਿਹਾਰੀ ਵਾਜਪਾਈ ਸੇਵਰੀ-ਨਹਾਵਾ ਅਟਲ ਸੇਤੂ ਦਾ ਅੱਜ ਉਦਘਾਟਨ ਕੀਤਾ। ਭਾਰਤ ਦਾ ਸਭ ਤੋਂ ਲੰਮਾ ਪੁਲ, ਜੋ ਕਿ ਸਭ ਤੋਂ ਵੱਡਾ ਸਮੁੰਦਰੀ ਪੁਲ ਵੀ ਹੈ, ਦੱਖਣੀ ਮੁੰਬਈ ਨੂੰ ਨਵੀ ਮੁੰਬਈ ’ਚ ਨਹਾਵਾ-ਸ਼ੇਵਾ ਨਾਲ ਜੋੜਦਾ ਹੈ। ਛੇ ਲੇਨ ਦਾ ਟਰਾਂਸ-ਹਾਰਬਰ ਪੁਲ 21.8 ਕਿਲੋਮੀਟਰ ਲੰਮਾ ਹੈ ਅਤੇ 16.5 ਕਿਲੋਮੀਟਰ ਲੰਮਾ ਸੀਅ-ਲਿੰਕ ਹੈ। ਇਹ ਪੁਲ ਨਵੀ ਮੁੰਬਈ ਕੌਮਾਂਤਰੀ ਹਵਾਈ ਅੱਡੇ ਅਤੇ ਜਵਾਹਰ ਲਾਲ ਨਹਿਰੂ ਬੰਦਰਗਾਹ ਵਿਚਾਲੇ ਸੰਪਰਕ ਵੀ ਸੁਧਾਰੇਗਾ।
ਜ਼ਿਕਰਯੋਗ ਹੈ ਕਿ ਇਸ ਪੁਲ ਦਾ ਨੀਂਹ ਪੱਥਰ ਦਸੰਬਰ 2016 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਰੱਖਿਆ ਸੀ। ਪ੍ਰਧਾਨ ਮੰਤਰੀ ਨੇ ਅੱਜ ਪੂਰਬੀ ਮੁੰਬਈ ’ਚ ਈਸਟਰਨ ਫਰੀਵੇਅ ਨੂੰ ਦੱਖਣੀ ਮੁੰਬਈ ’ਚ ਮੈਰੀਨ ਡਰਾਈਵ ਨਾਲ ਜੋੜਨ ਵਾਲੀ ਜ਼ਮੀਨਦੋਜ਼ ਸੜਕ ਸੁਰੰਗ ਦਾ ਨੀਂਹ ਪੱਥਰ ਵੀ ਰੱਖਿਆ। 9.2 ਕਿਲੋਮੀਟਰ ਲੰਮੀ ਸੁਰੰਗ 8700 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਈ ਜਾਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਨਾਸਿਕ ਵਿੱਚ ਕੌਮੀ ਯੂਥ ਫੈਸਟੀਵਲ ਦਾ ਉਦਘਾਟਨ ਕੀਤਾ ਅਤੇ ਨੌਜਵਾਨਾਂ ਨੂੰ ਦੇਸ਼ ’ਚੋਂ ਪਰਿਵਾਰਵਾਦ ਦਾ ਪ੍ਰਭਾਵ ਘਟਾਉਣ ਲਈ ਚੋਣ ਪ੍ਰਕਿਰਿਆ ’ਚ ਹਿੱਸਾ ਲੈਣ ਦੀ ਅਪੀਲ ਕੀਤੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਨਾਸਿਕ ’ਚ ਭਗਵਾਨ ਰਾਮ ਨੂੰ ਸਮਰਪਿਤ ਮਸ਼ਹੂਰ ਕਾਲਾਰਾਮ ਮੰਦਰ ’ਚ ਮੱਥਾ ਟੇਕਿਆ ਅਤੇ ਇੱਥੇ ਭਜਨ-ਕੀਰਤਨ ’ਚ ਵੀ ਸ਼ਮੂਲੀਅਤ ਕੀਤੀ। ਮਹਾਰਾਸ਼ਟਰ ਦੇ ਇਕ ਰੋਜ਼ਾ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਸ਼ਹਿਰ ਦੇ ਪੰਚਵਟੀ ਖੇਤਰ ’ਚ ਗੋਦਾਵਰੀ ਨਦੀ ਕਿਨਾਰੇ ਸਥਿਤ ਮੰਦਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਸ਼ਹਿਰ ’ਚ ਰੋਡ ਸ਼ੋਅ ਵੀ ਕੀਤਾ। -ਪੀਟੀਆਈ
ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਗਵਾਹ ਬਣਨਾ ਖੁਸ਼ਕਿਸਮਤੀ : ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਅੱਜ ਤੋਂ 11 ਦਿਨ ਲਈ ਵਿਸ਼ੇਸ਼ ਅਨੁਸ਼ਠਾਨ ਦਾ ਪਾਲਣ ਸ਼ੁਰੂ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਜ਼ਿੰਦਗੀ ’ਚ ਪਹਿਲੀ ਵਾਰ ਇੱਕ ਵਿਸ਼ੇਸ਼ ਅਹਿਸਾਸ ਹੋ ਰਿਹਾ ਹੈ ਜਿਸ ਨੂੰ ਦੱਸਿਆ ਨਹੀਂ ਜਾ ਸਕਦਾ। ਇਸੇ ਦੌਰਾਨ ਉਨ੍ਹਾਂ ਸਵਾਮੀ ਵਿਵੇਕਾਨੰਦ ਦੀ ਜੈਅੰਤੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਕਿਹਾ, ‘ਮੈਂ ਭਾਵੁਕ ਹਾਂ। ਮੈਂ ਪਹਿਲੀ ਵਾਰ ਜ਼ਿੰਦਗੀ ’ਚ ਅਜਿਹੀ ਮਨੋਸਥਿਤੀ ’ਚੋਂ ਲੰਘ ਰਿਹਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਸ ਸੁਫਨੇ ਨੂੰ ਕਈ ਪੀੜ੍ਹੀਆਂ ਨੇ ਸਾਲਾਂ ਤੱਕ ਇੱਕ ਸੰਕਲਪ ਦੀ ਤਰ੍ਹਾਂ ਆਪਣੇ ਮਨ ਅੰਦਰ ਰੱਖਿਆ ਉਸ ਨੂੰ ਸੱਚ ਹੁੰਦੇ ਹੋਏ ਦੇਖਣ ਦਾ ਮੌਕਾ ਮਿਲਿਆ ਹੈ। ਮੋਦੀ ਨੇ ਇੱਕ ਆਡੀਓ ਸੁਨੇਹੇ ’ਚ ਕਿਹਾ ਕਿ ਉਨ੍ਹਾਂ ਦੇ ਮਨ ਦਾ ਇਹ ਅਹਿਸਾਸ ਯਾਤਰਾ ਦਾ ਪ੍ਰਗਟਾਵਾ ਨਹੀਂ ਬਲਕਿ ਮਹਿਸੂਸ ਕਰਨ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹੋਏ ਵੀ ਇਸ ਭਾਵਨਾ ਨੂੰ ਸ਼ਬਦਾ ’ਚ ਨਹੀਂ ਬੰਨ੍ਹ ਪਾ ਰਹੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰੇ ਭਾਰਤੀਆਂ ਤੇ ਰਾਮ ਭਗਤਾਂ ਲਈ ਪਵਿੱਤਰ ਮੌਕਾ ਹੈ ਅਤੇ ਹਰ ਕੋਈ 22 ਜਨਵਰੀ ਦੇ ਉਸ ਇਤਿਹਾਸਕ ਪਲ ਦੀ ਉਡੀਕ ਕਰ ਰਿਹਾ ਹੈ ਜਦੋਂ ਭਗਵਾਨ ਰਾਮ ਦੀ ਮੂਰਤੀ ਅਯੁੱਧਿਆ ’ਚ ਸਥਾਪਤ ਕੀਤੀ ਜਾਵੇਗੀ ਜਿਸ ਨੂੰ ਭਗਤ ਉਨ੍ਹਾਂ ਦਾ ਜਨਮ ਸਥਾਨ ਮੰਨਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਉਹ ਇਸ ਪਵਿੱਤਰ ਪਲ ਦੇ ਗਵਾਹ ਬਣਨਗੇ। -ਪੀਟੀਆਈ