ਮੋਦੀ ਫਰਾਂਸ ਦੇ ਸਰਵਉੱਚ ਸਨਮਾਨ ਨਾਲ ਸਨਮਾਨਿਤ, ਕੌਮੀ ਦਿਵਸ ਪਰੇਡ ’ਚ ਹਿੱਸਾ ਲਿਆ
ਪੈਰਿਸ, 14 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਵਲੋਂ ਫਰਾਂਸ ਦੇ ਸਰਵਉੱਚ ਸਨਮਾਨ 'ਗ੍ਰੈਂਡ ਕਰਾਸ ਆਫ ਦਿ ਲੀਜਨ ਆਫ ਆਨਰ' ਨਾਲ ਸਨਮਾਨਿਤ ਕੀਤਾ ਗਿਆ। ਇਹ ਜਾਣਕਾਰੀ ਅਧਿਕਾਰਤ ਬਿਆਨ ਵਿੱਚ ਦਿੱਤੀ ਗਈ। ਦੋ ਦਨਿਾਂ ਦੌਰੇ 'ਤੇ ਪੈਰਿਸ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹ ਅੱਜ ਫਰਾਂਸ ਦੇ ਰਾਸ਼ਟਰੀ ਦਿਵਸ 'ਤੇ ਰਾਸ਼ਟਰਪਤੀ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰੀ ਦਿਵਸ ਸਮਾਰੋਹ ਦੇ ਬੈਸਟਿਲ ਡੇਅ ਪਰੇਡ ਵਿੱਚ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਦੋ ਦਨਿਾਂ ਸਰਕਾਰੀ ਦੌਰੇ 'ਤੇ ਹਨ। ਫ੍ਰੈਂਚ ਨੈਸ਼ਨਲ ਡੇ ਜਾਂ ਬੈਸਟਿਲ ਡੇਅ ਦਾ ਫਰਾਂਸ ਦੇ ਇਤਿਹਾਸ ਵਿਚ ਵਿਸ਼ੇਸ਼ ਸਥਾਨ ਹੈ ਕਿਉਂਕਿ ਇਹ 1789 ਵਿਚ ਫਰਾਂਸੀਸੀ ਕ੍ਰਾਂਤੀ ਦੌਰਾਨ ਬੈਸਟਿਲ ਜੇਲ੍ਹ ’ਤੇ ਹਮਲੇ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਸ ਸਮਾਗਮ ਦੀ ਮੁੱਖ ਖਿੱਚ ਬੈਸਟਿਲ ਡੇਅ ਪਰੇਡ ਹੈ। ਭਾਰਤ ਦੀਆਂ ਤਿੰਨੋਂ ਸੇਵਾਵਾਂ ਦੀ 269 ਮੈਂਬਰੀ ਟੁਕੜੀ ਨੇ ਪਰੇਡ ਵਿੱਚ ਹਿੱਸਾ ਲਿਆ। ਫਰਾਂਸੀਸੀ ਜਹਾਜ਼ਾਂ ਦੇ ਨਾਲ ਭਾਰਤੀ ਹਵਾਈ ਸੈਨਾ ਦੇ ਤਿੰਨ ਰਾਫੇਲ ਲੜਾਕੂ ਜਹਾਜ਼ ਵੀ ਇਸ ਮੌਕੇ 'ਤੇ ਫਲਾਈਪਾਸਟ ਵਿੱਚ ਹਿੱਸਾ ਲਿਆ।