ਤਿੰਨ ਮੁਲਕਾਂ ਦੀ ਯਾਤਰਾ ਦੌਰਾਨ ਮੋਦੀ ਵੱਲੋਂ ਆਲਮੀ ਆਗੂਆਂ ਨਾਲ 31 ਮੀਟਿੰਗਾਂ
ਨਵੀਂ ਦਿੱਲੀ, 22 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨ ਮੁਲਕਾਂ ਦੀ ਪੰਜ ਰੋਜ਼ਾ ਯਾਤਰਾ ਦੌਰਾਨ ਆਲਮੀ ਆਗੂਆਂ ਨਾਲ 31 ਦੁਵੱਲੀਆਂ ਮੀਟਿੰਗਾਂ ਕੀਤੀਆਂ ਅਤੇ ਗ਼ੈਰ-ਰਸਮੀ ਗੱਲਬਾਤ ’ਚ ਹਿੱਸਾ ਲਿਆ। ਆਪਣੀ ਅਧਿਕਾਰਤ ਯਾਤਰਾ ਮੁਕੰਮਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਲੰਘੀ ਰਾਤ ਵਤਨ ਵਾਪਸੀ ਕਰ ਲਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕੂਟਨੀਤਕ ਮੀਟਿੰਗਾਂ ’ਚ ਨਾਇਜੀਰੀਆ ’ਚ ਉੱਥੋਂ ਦੇ ਰਾਸ਼ਟਰਪਤੀ ਨਾਲ ਦੁਵੱਲੀ ਮੀਟਿੰਗ, ਬ੍ਰਾਜ਼ੀਲ ’ਚ ਜੀ-20 ਸਿਖਰ ਸੰਮੇਲਨ ਦੌਰਾਨ 10 ਦੁਵੱਲੀਆਂ ਮੀਟਿੰਗਾਂ ਅਤੇ ਮੋਦੀ ਦੀ ਗੁਆਨਾ ਯਾਤਰਾ ਦੌਰਾਨ ਹੋਈਆਂ ਨੌਂ ਦੁਵੱਲੀਆਂ ਮੀਟਿੰਗਾਂ ਸ਼ਾਮਲ ਸਨ। ਬ੍ਰਾਜ਼ੀਲ ’ਚ ਮੋਦੀ ਨੇ ਇਸ ਦੇਸ਼ ਦੇ ਆਗੂਆਂ ਤੋਂ ਇਲਾਵਾ ਇੰਡੋਨੇਸ਼ੀਆ, ਪੁਰਤਗਾਲ, ਇਟਲੀ, ਨਾਰਵੇ, ਫਰਾਂਸ, ਬਰਤਾਨੀਆ, ਚਿਲੀ, ਅਰਜਨਟੀਨਾ ਤੇ ਆਸਟਰੇਲੀਆ ਦੇ ਆਗੂਆਂ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਇੰਡੋਨੇਸ਼ੀਆ ਦੇ ਆਗੂ ਪ੍ਰਬੋਵੋ ਸੁਬਿਆਂਟੋ, ਪੁਰਤਗਾਲ ਦੇ ਲੁਈ ਮੌਂਟੇਨੀਗਰੋ, ਬਰਤਾਨੀਆ ਦੇ ਕੀਰ ਸਟਾਰਮਰ, ਚਿਲੀ ਦੇ ਗੈਬਰੀਅਲ ਬੌਰਿਕ ਅਤੇ ਅਰਜਨਟੀਨਾ ਦੇ ਜ਼ੇਵੀਅਰ ਮਾਇਲੀ ਨਾਲ ਮੋਦੀ ਦੀਆਂ ਪਹਿਲੀਆਂ ਦੁਵੱਲੀਆਂ ਮੀਟਿੰਗਾਂ ਹੋਈਆਂ। ਉਨ੍ਹਾਂ ਬ੍ਰਾਜ਼ੀਲ ’ਚ ਸਿੰਗਾਪੁਰ, ਦੱਖਣੀ ਕੋਰੀਆ, ਮਿਸਰ, ਅਮਰੀਕਾ ਤੇ ਸਪੇਨ ਦੇ ਆਗੂਆਂ ਤੇ ਵੱਖ ਵੱਖ ਕੌਮਾਂਤਰੀ ਸੰਗਠਨਾਂ ਦੇ ਮੁਖੀਆਂ ਤੇ ਹੋਰ ਨੁਮਾਇੰਦਿਆਂ ਨਾਲ ਗ਼ੈਰ-ਰਸਮੀ ਗੱਲਬਾਤ ਤੇ ਮੀਟਿੰਗਾਂ ਕੀਤੀਆਂ। ਇਨ੍ਹਾਂ ’ਚ ਯੂਰਪੀ ਸੰਘ ਦੀ ਉਰਸੁਲਾ ਡੇਰ ਲੇਯੇਨ, ਸੰਯੁਕਤ ਰਾਸ਼ਟਰ ਦੇ ਮੁਖੀ ਐਂਤੋਨੀਓ ਗੁਟੇਰੇਜ਼, ਵਿਸ਼ਵ ਵਪਾਰ ਸੰਗਠਨ ਦੀ ਨਗੋਜੀ ਓਕੋਂਜੋ ਇਵੇਲਾ, ਡਬਲਿਊਐੱਚਓ ਦੇ ਟੈਡਰੋਸ ਅਧਾਨੋਮ ਘੇਬ੍ਰੇਯੇਸਸ ਅਤੇ ਕੌਮਾਂਤਰੀ ਮੁਦਰਾ ਕੋਸ਼ ਦੀ ਕ੍ਰਿਸਟਲੀਨਾ ਜੌਰਜੀਆ ਤੇ ਗੀਤਾ ਗੋਪੀਨਾਥ ਨਾਲ ਮੁਲਾਕਾਤ ਸ਼ਾਮਲ ਹੈ। -ਪੀਟੀਆਈ