ਮੋਦੀ ਨੇ ਕਦੇ ਸੰਵਿਧਾਨ ਨਹੀਂ ਪੜ੍ਹਿਆ: ਰਾਹੁਲ
ਨੰਦੂਰਬਾਰ, 14 ਨਵੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਦਾ ਹੈ ਕਿ ਸੰਵਿਧਾਨ ਦੀ ‘ਲਾਲ ਕਿਤਾਬ’ ਕੋਰੀ ਹੈ ਕਿਉਂਕਿ ਉਨ੍ਹਾਂ (ਮੋਦੀ ਨੇ) ਇਹ ਕਦੀ ਨਹੀਂ ਪੜ੍ਹੀ। ਉਨ੍ਹਾਂ ਮਹਾਰਾਸ਼ਟਰ ਦੇ ਨੰਦੂਰਬਾਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ’ਚ ਭਾਰਤ ਦੀ ਆਤਮਾ ਤੇ ਬਿਰਸਾ ਮੁੰਡਾ, ਡਾ. ਬੀ.ਆਰ. ਅੰਬੇਡਕਰ ਅਤੇ ਮਹਾਤਮਾ ਗਾਂਧੀ ਜਿਹੇ ਕੌਮੀ ਨਾਇਕਾਂ ਦੇ ਸਿੱਧਾਂਤ ਸ਼ਾਮਲ ਹਨ। ਉਨ੍ਹਾਂ ਕਿਹਾ, ‘ਭਾਜਪਾ ਨੂੰ ਕਿਤਾਬ ਦੇ ਲਾਲ ਰੰਗ ’ਤੇ ਇਤਰਾਜ਼ ਹੈ (ਜੋ ਗਾਂਧੀ ਰੈਲੀਆਂ ’ਚ ਦਿਖਾਉਂਦੇ ਹਨ) ਪਰ ਸਾਡੇ ਲਈ ਰੰਗ ਭਾਵੇਂ ਕੋਈ ਵੀ ਹੋਵੇ, ਅਸੀਂ ਇਸ ਨੂੰ (ਸੰਵਿਧਾਨ) ਬਚਾਉਣ ਲਈ ਪ੍ਰਤੀਬੱਧ ਹਾਂ ਅਤੇ ਆਪਣੇ ਜਾਨ ਦੇਣ ਵੀ ਤਿਆਰ ਹਾਂ। ਮੋਦੀ ਜੀ ਨੂੰ ਲਗਦਾ ਹੈ ਸੰਵਿਧਾਨ ਦੀ ਕਿਤਾਬ ਕੋਰੀ ਹੈ ਕਿਉਂਕਿ ਉਨ੍ਹਾਂ ਇਹ ਆਪਣੀ ਜ਼ਿੰਦਗੀ ’ਚ ਕਦੀ ਨਹੀਂ ਪੜ੍ਹੀ।’ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗਾਂਧੀ ਨੇ ਕਿਹਾ ਕਿ ਕਾਂਗਰਸ ਚਾਹੁੰਦੀ ਹੈ ਕਿ ਆਦਿਵਾਸੀਆਂ, ਦਲਿਤਾਂ ਤੇ ਪੱਛੜੇ ਵਰਗਾਂ ਨੂੰ ਫ਼ੈਸਲਾ ਲੈਣ ’ਚ ਨੁਮਾਇੰਦਗੀ ਮਿਲੇ। ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਤੇ ਭਾਜਪਾ ਅਜਿਹੀਆਂ ਟਿੱਪਣੀਆਂ ਕਰਕੇ ਕੌਮੀ ਨਾਇਕਾਂ ਦਾ ਅਪਮਾਨ ਕਰ ਰਹੇ ਹਨ। -ਪੀਟੀਆਈ
‘ਸੰਵਿਧਾਨ ਸਾਨੂੰ ਭੇਦ-ਭਾਵ ਕਰਨਾ ਨਹੀਂ ਸਿਖਾਉਂਦਾ’
ਨਾਂਦੇੜ: ਰਾਹੁਲ ਗਾਂਧੀ ਨੇ ਇੱਥੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਸੰਵਿਧਾਨ ਸਾਨੂੰ ਅਮੀਰ ਤੇ ਗਰੀਬ ਵਿਚਲੇ ਭੇਦ-ਭਾਵ ਕਰਨਾ ਨਹੀਂ ਸਿਖਾਉਂਦਾ।’ ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਨੇ 25 ਅਮੀਰ ਲੋਕਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਪਰ ਗਰੀਬਾਂ ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਕੀਤਾ। ਗਾਂਧੀ ਨੇ ਮਨੀਪੁਰ ’ਚ ਜਾਰੀ ਸੰਘਰਸ਼ ਦਾ ਜ਼ਿਕਰ ਕੀਤਾ ਤੇ ਕਿਹਾ, ‘ਦੇਸ਼ ਦੇ ਇਤਿਹਾਸ ’ਚ ਅਸੀਂ ਕਦੀ ਅਜਿਹੀ ਸਥਿਤੀ ਨਹੀਂ ਦੇਖੀ ਜਿੱਥੇ ਇੱਕ ਰਾਜ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸੜ ਰਿਹਾ ਹੋਵੇ ਪਰ ਪ੍ਰਧਾਨ ਮੰਤਰੀ ਨੇ ਉੱਥੋਂ ਦਾ ਦੌਰਾ ਤੱਕ ਨਾ ਕੀਤਾ ਹੋਵੇ।’ ਉਨ੍ਹਾਂ ਦੋਸ਼ ਲਾਇਆ ਭਾਜਪਾ ਸੰਵਿਧਾਨ ਨੂੰ ਖਤਮ ਕਰਨ ਲਈ ਗੁਪਤ ਢੰਗ ਨਾਲ ਕੰਮ ਕਰ ਰਹੀ ਹੈ ਪਰ ਉਹ ਅਜਿਹਾ ਖੁੱਲ੍ਹ ਕੇ ਨਹੀਂ ਕਰੇਗੀ ਕਿਉਂਕਿ ਉਦੋਂ ਪੂਰਾ ਦੇਸ਼ ਉਸ ਖ਼ਿਲਾਫ਼ ਉੱਠ ਖੜ੍ਹਾ ਹੋਵੇਗਾ। -ਪੀਟੀਆਈ