ਸਾਰੀਆਂ ਫ਼ਸਲਾਂ ਐੱਮਐੱਸਪੀ ’ਤੇ ਖ਼ਰੀਦੇਗੀ ਮੋਦੀ ਸਰਕਾਰ: ਖੇਤੀ ਮੰਤਰੀ
ਨਵੀਂ ਦਿੱਲੀ, 6 ਦਸੰਬਰ
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਰਾਜ ਸਭਾ ’ਚ ਕਿਹਾ ਕਿ ਮੋਦੀ ਸਰਕਾਰ ਸਾਰੀਆਂ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਖ਼ਰੀਦੇਗੀ। ਕਿਸਾਨਾਂ ਨੂੰ ਐੱਮਐੱਸਪੀ ਦੇਣ ਦੇ ਮੁੱਦੇ ’ਤੇ ਪ੍ਰਸ਼ਨਕਾਲ ਦੌਰਾਨ ਇਕ ਸਵਾਲ ਦੇ ਜਵਾਬ ’ਚ ਖੇਤੀ ਮੰਤਰੀ ਨੇ ਇਹ ਭਰੋਸਾ ਦਿੱਤਾ। ਚੌਹਾਨ ਨੇ ਸਦਨ ਨੂੰ ਦੱਸਿਆ, ‘‘ਮੈਂ ਸਦਨ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਕਿਸਾਨਾਂ ਦੀਆਂ ਸਾਰੀਆਂ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੀਆਂ ਜਾਣਗੀਆਂ। ਇਹ ਮੋਦੀ ਸਰਕਾਰ ਹੈ ਅਤੇ ਮੋਦੀ ਦੀ ਗਾਰੰਟੀ ਨੂੰ ਪੂਰਾ ਕਰਨ ਦੀ ਗਾਰੰਟੀ ਹੈ।’’ ਚੌਹਾਨ ਨੇ ਵਿਰੋਧੀ ਧਿਰ ’ਤੇ ਵਰ੍ਹਦਿਆਂ ਕਿਹਾ ਕਿ ਜਦੋਂ ਉਹ ਸੱਤਾ ’ਚ ਸਨ ਤਾਂ ਉਨ੍ਹਾਂ ਕਿਹਾ ਸੀ ਕਿ ਉਹ ਐੱਮਐੱਸ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਨੂੰ ਸਵੀਕਾਰ ਨਹੀਂ ਕਰ ਸਕਦੇ ਹਨ, ਖਾਸ ਕਰਕੇ ਫ਼ਸਲ ਦੀ ਲਾਗਤ ਤੋਂ 50 ਫ਼ੀਸਦ ਵਧ ਕੀਮਤ ਨਹੀਂ ਦਿੱਤੀ ਜਾ ਸਕਦੀ ਹੈ। ਉਨ੍ਹਾਂ ਆਪਣੇ ਦਾਅਵੇ ਦੀ ਹਮਾਇਤ ’ਚ ਸਾਬਕਾ ਖੇਤੀ ਰਾਜ ਮੰਤਰੀ ਕਾਂਤੀਲਾਲ ਭੂਰੀਆ, ਖੇਤੀ ਮੰਤਰੀ ਸ਼ਰਦ ਪਵਾਰ ਅਤੇ ਕੇਵੀ ਥੌਮਸ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮੋਦੀ ਸਰਕਾਰ ਪਹਿਲਾਂ ਤੋਂ ਹੀ ਕਿਸਾਨਾਂ ਨੂੰ ਲਾਭਕਾਰੀ ਮੁੱਲ ਦੇ ਰਹੀ ਹੈ। ਚੌਹਾਨ ਨੇ ਕਿਹਾ ਕਿ ਝੋਨਾ, ਕਣਕ, ਸੋਇਆਬੀਨ, ਜਵਾਰ ਨੂੰ ਤਿੰਨ ਸਾਲ ਪਹਿਲਾਂ ਤੋਂ ਹੀ ਉਤਪਾਦਨ ਲਾਗਤ ਨਾਲੋਂ 50 ਫ਼ੀਸਦ ਵਧ ਕੀਮਤ ’ਤੇ ਖ਼ਰੀਦਿਆ ਜਾ ਰਿਹਾ ਹੈ। ਕਾਂਗਰਸ ਮੈਂਬਰ ਜੈਰਾਮ ਰਮੇਸ਼ ਵੱਲੋਂ ਐੱਮਐੱਸਪੀ ਦੇ ਮੁੱਦੇ ’ਤੇ ਉਨ੍ਹਾਂ ਦੇ ਵਿਚਾਰ ਪੁੱਛੇ ਜਾਣ ’ਤੇ ਚੌਹਾਨ ਨੇ ਕਿਹਾ ਕਿ ਉਨ੍ਹਾਂ ਲਈ ‘ਕਿਸਾਨ ਦੀ ਸੇਵਾ, ਰੱਬ ਦੀ ਪੂਜਾ’ ਵਾਂਗ ਹੈ ਪਰ ਕਾਂਗਰਸ ਜਦੋਂ ਸੱਤਾ ’ਚ ਸੀ ਤਾਂ ਕਿਸਾਨ ਖੂਨ ਦੇ ਹੰਝੂ ਵਹਾਉਂਦੇ ਰਹੇ ਸਨ। -ਪੀਟੀਆਈ