ਕਿਸਾਨਾਂ ਖ਼ਿਲਾਫ਼ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਮੋਦੀ ਸਰਕਾਰ: ਸੁਰਜੇਵਾਲਾ
ਨਵੀਂ ਦਿੱਲੀ, 25 ਜੁਲਾਈ
ਰਾਜ ਸਭਾ ’ਚ ਬਜਟ ’ਤੇ ਬਹਿਸ ਦੌਰਾਨ ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਕਿਸਾਨਾਂ ਪ੍ਰਤੀ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ ਕਿਉਂਕਿ ਉਸ ਨੂੰ ਜਾਪਦਾ ਹੈ ਕਿ ਕਿਸਾਨਾਂ ਕਾਰਨ ਉਸ ਨੂੰ ਆਮ ਚੋਣਾਂ ’ਚ ਸਪੱਸ਼ਟ ਬਹੁਮਤ ਨਹੀਂ ਮਿਲ ਸਕਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਜੁੜੀਆਂ ਅਹਿਮ ਯੋਜਨਾਵਾਂ ਦੀ ਰਕਮ ਨੂੰ ਵੀ ਪੂਰੀ ਤਰ੍ਹਾਂ ਖ਼ਰਚ ਨਹੀਂ ਕੀਤਾ ਜਾ ਰਿਹਾ ਹੈ। ਸੁਰਜੇਵਾਲਾ ਨੇ ਇਸ ਨੂੰ ‘ਕੁਰਸੀ ਬਚਾਓ, ਸਹਿਯੋਗੀ ਦਲ ਪਟਾਓ ਅਤੇ ਹਾਰ ਦਾ ਬਦਲਾ ਲੈਂਦੇ ਜਾਓ ਬਜਟ’ ਕਰਾਰ ਦਿੱਤਾ। ਕਾਂਗਰਸ ਆਗੂ ਨੇ ਕਿਹਾ ਕਿ ਬਜਟ ’ਚ ਕਿਸਾਨਾਂ, ਨੌਜਵਾਨਾਂ ਅਤੇ ਗਰੀਬਾਂ ਲਈ ਕੁਝ ਵੀ ਨਹੀਂ ਰੱਖਿਆ ਗਿਆ ਅਤੇ ਇਹ ‘ਖੇਤ, ਖੇਤੀ ਅਤੇ ਕਿਸਾਨ ਵਿਰੋਧੀ ਹੈ।’ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ’ਚ ਸਰਕਾਰ ਨੇ ਦੇਸ਼ ਦੇ 72 ਕਰੋੜ ਅੰਨਦਾਤਿਆਂ ਦੀ ਪਿੱਠ ’ਤੇ ਲਾਠੀਆਂ ਅਤੇ ਪੇਟ ’ਤੇ ਲੱਤ ਮਾਰੀ ਹੈ। ‘ਕਿਸਾਨਾਂ ਦੇ ਸਰੀਰ ਦੇ ਜ਼ਖ਼ਮ ਤਾਂ ਭਰ ਗਏ ਪਰ ਆਤਮਾ ’ਤੇ ਲੱਗੇ ਜ਼ਖ਼ਮਾਂ ਦੇ ਨਿਸ਼ਾਨ ਅਜੇ ਵੀ ਉਸੇ ਤਰ੍ਹਾਂ ਹਨ।’ ਕਾਂਗਰਸ ਆਗੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਫ਼ਸਲ ਲਾਗਤ ’ਤੇ 50 ਫ਼ੀਸਦ ਦਾ ਮੁਨਾਫ਼ਾ ਅਤੇ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦੋ ਵਾਅਦੇ ਕੀਤੇ ਸਨ ਪਰ ਉਹ ਪੂਰੇ ਨਹੀਂ ਕੀਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਯੂਰੀਆ ਦੇ ਬੋਰੇ ’ਚੋਂ ਪੰਜ ਕਿਲੋ ਯੂਰੀਆ ਘੱਟ ਕਰ ਦਿੱਤਾ। ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਸੁਰਜੇਵਾਲਾ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਦਨ ਅਤੇ ਦੇਸ਼ ਨੂੰ ਗੁੰਮਰਾਹ ਕਰ ਰਹੇ ਹਨ।
‘ਆਪ’ ਆਗੂ ਰਾਘਵ ਚੱਢਾ ਨੇ ਬਹਿਸ ’ਚ ਹਿੱਸਾ ਲੈਂਦਿਆਂ ਕਿਹਾ ਕਿ ਬਜਟ ਨਾਲ ਸਰਕਾਰ ਨੇ ਸਮਾਜ ਦੇ ਹਰ ਵਰਗ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਸਮਰਥਕ ਅਤੇ ਵੋਟਰ ਵੀ ਇਸ ਬਜਟ ਤੋਂ ਨਾਖੁਸ਼ ਹਨ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ 10 ਸਾਲਾਂ ’ਚ ਸਰਕਾਰ ਨੇ ਟੈਕਸ ਲਗਾ ਕੇ ਦੇਸ਼ ਦੇ ਆਮ ਆਦਮੀ ਦਾ ਖੂਨ ਚੂਸ ਲਿਆ ਹੈ। ਚੱਢਾ ਨੇ ਦਾਅਵਾ ਕੀਤਾ ਕਿ ਸਰਕਾਰ ਇੰਗਲੈਂਡ ਵਾਂਗ ਆਪਣੇ ਨਾਗਰਿਕਾਂ ਤੋਂ ਟੈਕਸ ਵਸੂਲਦੀ ਹੈ ਅਤੇ ਉਨ੍ਹਾਂ ਨੂੰ ਸੋਮਾਲੀਆ ਵਰਗੀਆਂ ਸਹੂਲਤਾਂ ਦਿੰਦੀ ਹੈ। ‘ਆਪ’ ਆਗੂ ਨੇ ਦਾਅਵਾ ਕੀਤਾ ਕਿ ਹੁਕਮਰਾਨ ਧਿਰ ਨੂੰ ਦਿਹਾਤੀ ਭਾਰਤ ’ਚ ਨਕਾਰ ਦਿੱਤਾ ਗਿਆ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਤਨਖ਼ਾਹ ਨੂੰ ਵਧਦੀ ਮਹਿੰਗਾਈ ਨਾਲ ਜੋੜਿਆ ਜਾਣਾ ਚਾਹੀਦਾ ਹੈ। ਬਜਟ ’ਤੇ ਬਹਿਸ ਦੌਰਾਨ ਕਾਂਗਰਸ ਆਗੂ ਦਿਗਿਵਜੈ ਸਿੰਘ ਨੇ ਅਮਰੀਕਾ ਵੱਲੋਂ ਭਾਰਤ ਦੇ ਕੁਝ ਹਿੱਸਿਆਂ ’ਚ ਨਾ ਜਾਣ ਲਈ ਜਾਰੀ ਕੀਤੀ ਗਈ ਹਦਾਇਤ ’ਤੇ ਚਿੰਤਾ ਜਤਾਈ। -ਪੀਟੀਆਈ