ਮੋਦੀ ਸਰਕਾਰ ਨੇ ਪ੍ਰਾਦੇਸ਼ਕ ਅਖੰਡਤਾ ਤੇ ਕੌਮੀ ਸੁਰੱਖਿਆ ਖ਼ਤਰੇ ’ਚ ਪਾਈ: ਖੜਗੇ
ਨਵੀਂ ਦਿੱਲੀ, 20 ਮਾਰਚ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕਿਹਾ ਕਿ ਮੋਦੀ ਸਰਕਾਰ ਜਿਸ ਤਰ੍ਹਾਂ ਚੀਨ ਨਾਲ ਸਿੱਝ ਰਹੀ ਹੈ, ਉਸ ਨਾਲ ਦੇਸ਼ ਦੀ ਪ੍ਰਾਦੇਸ਼ਕ ਅਖੰਡਤਾ ਤੇ ਕੌਮੀ ਸੁਰੱਖਿਆ ਖ਼ਤਰੇ ਵਿਚ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਲੱਦਾਖ ਵਿਚ ਆਪਣੇ ਹੀ ਨਾਗਰਿਕਾਂ ਦੇ ਸੰਵਿਧਾਨਕ ਹੱਕਾਂ ’ਤੇ ਹਮਲਾ ਕਰ ਰਹੀ ਹੈ।’ ਖੜਗੇ ਨੇ ਜ਼ੋਰ ਦੇ ਕੇ ਆਖਿਆ ਕਿ ਕਾਂਗਰਸ ਲੱਦਾਖ ਅਤੇ ਸਰਹੱਦਾਂ ਉੱਤੇ ਕੌਮੀ ਹਿੱਤਾਂ ਦੀ ਸਲਾਮਤੀ ਲਈ ਵਚਨਬੱਧ ਹੈ।
ਕਾਂਗਰਸ ਪ੍ਰਧਾਨ ਨੇ ਮਾਈਕਰੋਬਲੌਗਿੰਗ ਸਾਈਟ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਮੋਦੀ ਕੀ ਚੀਨੀ ਗਾਰੰਟੀ! ਲੱਦਾਖ ਵਿਚ ਜਨਤਕ ਹਮਾਇਤ ਦੀ ਮਜ਼ਬੂਤ ਲਹਿਰ ਹੈ, ਸੰਵਿਧਾਨ ਦੇ ਛੇਵੇਂ ਸ਼ਡਿਊਲ ਤਹਿਤ ਕਬਾਇਲੀ ਭਾਈਚਾਰਿਆਂ ਦੀ ਸੁਰੱਖਿਆ ਲਈ ਸਾਰੀਆਂ ਸਬੰਧਤ ਧਿਰਾਂ ਵੱਲੋਂ ਸੱਦੇ ਆ ਰਹੇ ਹਨ। ਪਰ ਹੋਰ ਸਾਰੀਆਂ ਗਾਰੰਟੀਆਂ ਵਾਂਗ- ਲੱਦਾਖ ਦੇ ਲੋਕਾਂ ਲਈ ਸੰਵਿਧਾਨਕ ਹੱਕ ਯਕੀਨੀ ਬਣਾਉਣ ਲਈ ‘ਮੋਦੀ ਕੀ ਗਾਰੰਟੀ’ ਵੱਡਾ ਧੋਖਾ ਹੈ। ਇਹ ਹੋਰ ਕੁਝ ਨਹੀਂ ਬਲਕਿ ਝੂਠ ਤੇ ਖਸਲਤ ਵਿਚ ਚੀਨੀ(ਨਕਲੀ) ਹਨ।’’
ਖੜਗੇ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਛੇਵੇਂ ਸ਼ਡਿਊਲ ਤਹਿਤ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਰਾਜ ਦੇ ਦਰਜੇ ਦੀ ਬਹਾਲੀ ਤੇ ਸੰਵਿਧਾਨਕ ਸੁਰੱਖਿਆ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ’ਤੇ ਹੈ। ਉੱਘਾ ਸਿੱਖਿਆ ਸੁਧਾਰਕ ਵਾਂਗਚੁਕ 6 ਮਾਰਚ ਤੋਂ ਲੇਹ ਵਿਚ ‘ਵਾਤਾਵਰਨ ਉਪਵਾਸ’ ਉੱਤੇ ਹੈ। ਛੇਵੇਂ ਸ਼ਡਿਊਲ ਵਿਚ ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ ਵਿਚਲੇ ਕਬਾਇਲੀ ਇਲਾਕਿਆਂ ਦੇ ਪ੍ਰਸ਼ਾਸਨ ਨਾਲ ਸਬੰਧਤ ਵਿਵਸਥਾਵਾਂ ਹਨ। ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਲੱਦਾਖ ਦੇ ਵਾਤਾਵਰਨ ਪੱਖੋਂ ਸੰਵੇਦਨਸ਼ੀਲ ਹਿਮਾਲਿਆਈ ਗਲੇਸ਼ੀਅਰਾਂ ਦੀ ਲੁੱਟ ਕਰ ਕੇ ਇਸ ਦਾ ਫਾਇਦਾ ਆਪਣੇ ‘ਜਿਗਰੀ ਦੋਸਤਾਂ’ ਨੂੰ ਦੇਣਾ ਚਾਹੁੰਦੀ ਹੈ।
ਕਾਂਗਰਸ ਪ੍ਰਧਾਨ ਨੇ ਆਪਣੀ ਪੋਸਟ ਵਿਚ ਕਿਹਾ, ‘‘ ਗਲਵਾਨ ਵਾਦੀ ਵਿਚ ਸਾਡੇ 20 ਬਹਾਦਰ ਫੌਜੀਆਂ ਦੇ ਬਲੀਦਾਨ ਮਗਰੋਂ ਪ੍ਰਧਾਨ ਮੰਤਰੀ ਮੋਦੀ ਵੱਲੋਂ ਚੀਨ ਨੂੰ ਦਿੱਤੀ ਕਲੀਨ ਚਿੱਟ ਨੇ ਸਾਡੀਆਂ ਰਣਨੀਤਕ ਪੱਖੋਂ ਅਹਿਮ ਸਰਹੱਦਾਂ ’ਤੇ ਚੀਨ ਦੇ ਵਿਸਤਾਰਵਾਦੀ ਸੁਭਾਅ ਨੂੰ ਹੱਲਾਸ਼ੇਰੀ ਦਿੱਤੀ ਹੈ।’’ ਉਨ੍ਹਾਂ ਕਿਹਾ, ‘‘ਇਕ ਪਾਸੇ ਮੋਦੀ ਸਰਕਾਰ ਨੇ ਸਾਡੀ ਪ੍ਰਾਦੇਸ਼ਕ ਅਖੰਡਤਾ ਤੇ ਕੌਮੀ ਸੁਰੱਖਿਆ ਨੂੰ ਜੋਖ਼ਮ ਵਿਚ ਪਾਇਆ ਹੈ, ਅਤੇ ਦੂਜੇ ਪਾਸੇ ਇਹ ਲੱਦਾਖ ਦੇ ਸਾਡੇ ਆਪਣੇ ਨਾਗਰਿਕਾਂ ਦੇ ਸੰਵਿਧਾਨਕ ਹੱਕਾਂ ’ਤੇ ਹਮਲਾ ਕਰ ਰਹੀ ਹੈ।’’ -ਪੀਟੀਆਈ