ਇਜ਼ਰਾਈਲ ਵਿਚ 15000 ਭਾਰਤੀ ਕਾਮਿਆਂ ਦੀ ਭਰਤੀ ’ਚ ਲੱਗੀ ਮੋਦੀ ਸਰਕਾਰ: ਖੜਗੇ
* ਭਰਤੀ ਲਈ ਕੇਂਦਰ ਦੇ ਹੁਨਰ ਵਿਕਾਸ ਪ੍ਰੋਗਰਾਮ ਦਾ ਦਿੱਤਾ ਹਵਾਲਾ
* ਕਾਂਗਰਸ ਪ੍ਰਧਾਨ ਨੇ ਹਰਿਆਣਾ ਦੇ ਨੌਜਵਾਨਾਂ ਵੱਲੋਂ ਭਾਜਪਾ ਨੂੰ ਸਬਕ ਸਿਖਾਉਣ ਦਾ ਕੀਤਾ ਦਾਅਵਾ
ਨਵੀਂ ਦਿੱਲੀ, 4 ਅਕਤੂਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਪੱਛਮੀ ਏਸ਼ੀਆ ਵਿਚ ਜਾਰੀ ਜੰਗ ਦਰਮਿਆਨ ਮੋਦੀ ਸਰਕਾਰ ਆਪਣੇ ਹੁਨਰ ਵਿਕਾਸ ਸਹਿਯੋਗ ਪ੍ਰੋਗਰਾਮ ਜ਼ਰੀਏ ਇਜ਼ਰਾਈਲ ਵਿਚ ਕਰੀਬ 15000 ਭਾਰਤੀ ਕਾਮਿਆਂ ਦੀ ਭਰਤੀ ਵਿਚ ਲੱਗੀ ਹੋਈ ਹੈ। ਖੜਗੇ ਨੇ ਦਾਅਵਾ ਕੀਤਾ ਕਿ ਇਸ ਤੋਂ ਪਹਿਲਾਂ ਸ਼ੱਕੀ ਏਜੰਟਾਂ ਨੇ ਧੋਖਾਧੜੀ ਨਾਲ ਦੇਸ਼ ਦੇ ਨੌਜਵਾਨਾਂ ਨੂੰ ਵਿਦੇਸ਼ ਵਿਚ ਚੰਗੀਆਂ ਨੌਕਰੀਆਂ ਦਾ ਸੁਪਨਾ ਦਿਖਾ ਕੇ ਰੂਸ-ਯੂਕਰੇਨ ਜੰਗ ਵਿਚ ਧੱਕਿਆ ਸੀ ਤੇ ਇਨ੍ਹਾਂ ਵਿਚੋਂ ਕੁਝ ਨੂੰ ਜਾਨ ਵੀ ਗੁਆਉਣੀ ਪਈ। ਖੜਗੇ ਨੇ ਕਿਹਾ, ‘‘ਹਰਿਆਣਾ ਦੇ ਨੌਜਵਾਨ, ਜਿਨ੍ਹਾਂ ਨੂੰ ਜੰਗ ਦੇ ਝੰਬੇ ਇਨ੍ਹਾਂ ਮੁਲਕਾਂ ਵਿਚ ਨੌਕਰੀਆਂ ਦੀ ਭਾਲ ਲਈ ਮਜਬੂਰ ਕੀਤਾ ਗਿਆ, ਭਲਕੇ ਭਾਜਪਾ ਨੂੰ ਕਰਾਰਾ ਸਬਕ ਸਿਖਾਉਣਗੇ।’’ ਖੜਗੇ ਨੇ ਇਹ ਟਿੱਪਣੀਆਂ ਹਰਿਆਣਾ ਅਸੈਂਬਲੀ ਚੋਣਾਂ ਦੀ ਪੂੁਰਬਲੀ ਸੰਧਿਆ ਕੀਤੀਆਂ ਹਨ। ਕਾਂਗਰਸ ਦਸ ਸਾਲਾਂ ਦੇ ਵਕਫ਼ੇ ਮਗਰੋਂ ਹਰਿਆਣਾ ਦੀ ਸੱਤਾ ਮੁੜ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਕਰ ਰਹੀ ਹੈ। ਖੜਗੇ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇਹ ਮੋਦੀ ਸਰਕਾਰ ਦੀਆਂ ਨੌਜਵਾਨ ਵਿਰੋਧੀ ਨੀਤੀਆਂ ਕਰਕੇ ਪੈਦਾ ਹੋਈ ਬੇਰੁਜ਼ਗਾਰੀ ਦੀ ਕਹਾਣੀ ਬਿਆਨ ਕਰਦੀਆਂ ਹਨ।’’ -ਪੀਟੀਆਈ
ਮੋਦੀ ਦੇ ਦਾਅਵੇ ਠੁੱਸ ਹੋਏ
ਖੜਗੇ ਨੇ ਆਪਣੀ ਪੋਸਟ ਵਿਚ ਕਿਹਾ, ‘ਗੈਰ-ਹੁਨਰਮੰਦ, ਨੀਮ-ਹੁਨਰਮੰਦ ਤੇ ਪੜ੍ਹਿਆ ਲਿਖਿਆ ਨੌਜਵਾਨ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਜੰਗ ਦੇ ਝੰਬੇ ਇਲਾਕਿਆਂ ਵਿਚ ਕਥਿਤ ਮੋਟੀਆਂ ਤਨਖਾਹਾਂ ’ਤੇ ਕੰਮ ਕਰਨ ਲਈ ਤਿਆਰ ਹੈ, ਇਹ ਤੱਥ ਦਰਸਾਉਂਦਾ ਹੈ ਕਿ ਨੌਕਰੀਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿਦਰ ਮੋਦੀ ਦੇ ਵੱਡੇ ਵੱਡੇ ਦਾਅਵੇ ਉਨ੍ਹਾਂ ਦੀਆਂ ਨਾਕਾਮੀਆਂ ਨੂੰ ਨਹੀਂ ਲੁਕਾ ਸਕਦੇ!’