ਮੋਦੀ ਸਰਕਾਰ ਨੇ ਚੋਣਾਂ ਦੇ ਝਟਕੇ ਤੋਂ ਸਬਕ ਨਹੀਂ ਲਿਆ, ਮਾਹੌਲ ਕਾਂਗਰਸ ਦੇ ਪੱਖ ’ਚ: ਸੋਨੀਆ ਗਾਂਧੀ
12:00 PM Jul 31, 2024 IST
ਨਵੀਂ ਦਿੱਲੀ, 31 ਜੁਲਾਈ
ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਭਾਰਤੀ ਜਨਤਾ ਪਾਰਟੀ ਅਤੇ ਆਰਐੱਸਐੱਸ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕ ਸਭਾ ਚੋਣਾਂ ਦੌਰਾਨ ਲੱਗੇ ਝਟਕੇ ਤੋਂ ਸਬਕ ਲੈਣ ਦੀ ਥਾਂ ਅੱਜ ਵੀ ਵੰਡ ਅਤੇ ਡਰ ਫੈਲਾਉਣ ਦੀ ਨੀਤੀ ਤੇ ਕਾਇਮ ਹੈ। ਉਨ੍ਹਾਂ ਕਾਂਗਰਸ ਸੰਸਦੀ ਦਲ ਦੀ ਬੈਠਕ ਵਿਚ ਕਿਹਾ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਤੋਂ ਬਾਅਦ ਮਾਹੌਲ ਕਾਂਗਰਸ ਪਾਰਟੀ ਦੇ ਪੱਖ ਵਿਚ ਹੈ ਪਰ ਅਸੀਂ ਲੋੜ ਤੋਂ ਵੱਧ ਆਮਤਮ ਵਿਸ਼ਵਾਸੀ ਨਾ ਹੋ ਕੇ ਇੱਕਜੁਟ ਹੁੰਦਿਆਂ ਕੰਮ ਕਰਨਾ ਹੈ।
ਸੋਨੀਆ ਗਾਂਧੀ ਨੇ ਦਾਅਵਾ ਕੀਤਾ ਕਿ ਨੌਕਰਸ਼ਾਹੀ ਨੂੰ ਆਰਐੱਸਐੱਸ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇਣ ਲਈ ਨਿਯਮਾਂ ਨੂੰ ਅਚਾਨਕ ਬਦਲ ਦਿੱਤਾ ਗਿਆ, ਇਹ ਸੰਗਠਨ ਖ਼ੁਦ ਨੂੰ ਸੰਸਕ੍ਰਿਤਕ ਸੰਗਠਨ ਕਹਾਉਂਦਾ ਹੈ ਪਰ ਪੂਰੀ ਦੂਨੀਆ ਜਾਣਦੀ ਹੈ ਕਿ ਇਹ ਭਾਜਪਾ ਦਾ ਰਾਜਨੀਤਿਕ ਅਤੇ ਵਿਚਾਰਕ ਆਧਾਰ ਹੈ। ਇਸ ਮੌਕੇ ਸੋਨੀਆ ਗਾਂਧੀ ਨੇ ਮਹਾਂਰਾਸ਼ਟਰ, ਹਰਿਆਣਾ ਅਤੇ ਝਾਰਖੰਡ ਵਿਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਪਾਰਟੀ ਦੇ ਆਗੂਆਂ ਵਿਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ।
ਮੀਟਿੰਗ ਦੌਰਾਨ ਕੇਰਲ ਦੇ ਵਾਇਨਾਡ ਵਿਚ ਢਿੱਗਾਂ ਖਿਸਕਣ ਕਾਰਨ ਮਾਰੇ ਗਏ ਲੋਕਾਂ ਦਿੱਲੀ ਦੇ ਕੋਚਿੰਗ ਸੈਂਟਰ ਵਿਚ ਪਾਣੀ ਭਰਨ ਕਾਰਨ ਮਾਰੇ ਗਏ ਵਿਦਿਆਰਥੀਆਂ ਲਈ ਕੁੱਝ ਮਿੰਟ ਦਾ ਮੋਨ ਵੀ ਰੱਖਿਆ ਗਿਆ।
ਸੋਨੀਆ ਗਾਂਧੀ ਨੇ ਕੇਂਦਰੀ ਬਜਟ, ਮਨੀਪੁਰ ਹਿੰਸਾ ਅਤੇ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਿਆਂ ਸਮੇਤ ਵੱਖ-ਵੱਖ ਮੁੱਦਿਆਂ 'ਤੇ ਕੇਂਦਰ 'ਤੇ ਨਿਸ਼ਾਨਾ ਸਾਧਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰ ਦਾ ਜਨਗਨਣਾ ਕਰਵਾਉਣ ਦਾ ਕੋਈ ਇਰਾਦਾ ਨਹੀਂ ਹੈ, ਜਨਗਣਨਾ 2021 ਵਿੱਚ ਹੋਣੀ ਸੀ। ਇਹ ਨਾ ਹੋਣ ਕਾਰਨ ਦੇਸ਼ ਦੀ ਆਬਾਦੀ, ਖਾਸ ਕਰਕੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦਾ ਤਾਜ਼ਾ ਅਨੁਮਾਨ ਨਹੀਂ ਲਾਇਆ ਜਾ ਸਕੇਗਾ। ਕੇਂਦਰੀ ਬਜਟ 'ਤੇ ਕੇਂਦਰ ਬਾਰੇ ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਨੌਜਵਾਨਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ।
-ਪੀਟੀਆਈ/ਆਈਏਐੱਨਐੱਸ
Advertisement
Advertisement