ਮੋਦੀ ਨੇ ਜਿਲ ਬਾਇਡਨ ਨੂੰ ਤੋਹਫ਼ੇ ਵਿੱਚ ਦਿੱਤਾ ਸੀ 20 ਹਜ਼ਾਰ ਡਾਲਰ ਦਾ ਹੀਰਾ
ਵਾਸ਼ਿੰਗਟਨ:
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ 2023 ’ਚ ਵਿਦੇਸ਼ੀ ਆਗੂਆਂ ਤੋਂ ਲੱਖਾਂ ਡਾਲਰ ਦੇ ਤੋਹਫ਼ੇ ਮਿਲੇ ਸਨ। ਇਨ੍ਹਾਂ ’ਚੋਂ ਸਭ ਤੋਂ ਕੀਮਤੀ ਤੋਹਫ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਲ ਬਾਇਡਨ ਨੂੰ ਦਿੱਤਾ ਗਿਆ 20 ਹਜ਼ਾਰ ਅਮਰੀਕੀ ਡਾਲਰ ਦਾ ਹੀਰਾ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਸਾਲਾਨਾ ਲੇਖੇ-ਜੋਖੇ ਮੁਤਾਬਕ ਮੋਦੀ ਵੱਲੋਂ ਭੇਟ ਕੀਤਾ ਗਿਆ ਸਾਢੇ 7 ਕੈਰੇਟ ਦਾ ਹੀਰਾ 2023 ’ਚ ਰਾਸ਼ਟਰਪਤੀ ਦੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਮਿਲਿਆ ਸਭ ਤੋਂ ਮਹਿੰਗਾ ਤੋਹਫ਼ਾ ਹੈ। ਇਸ ਤੋਂ ਇਲਾਵਾ ਬਾਇਡਨ ਪਰਿਵਾਰ ਨੂੰ ਅਮਰੀਕਾ ’ਚ ਯੂਕਰੇਨ ਦੇ ਸਫ਼ੀਰ ਤੋਂ 14,063 ਅਮਰੀਕੀ ਡਾਲਰ ਦਾ ਇਕ ਬ੍ਰੋਚ ਅਤੇ ਮਿਸਰ ਦੇ ਰਾਸ਼ਟਰਪਤੀ ਤੇ ਪ੍ਰਥਮ ਮਹਿਲਾ ਤੋਂ 4,510 ਡਾਲਰ ਦਾ ਇਕ ਬ੍ਰੈਸਲੈੱਟ, ਬ੍ਰੋਚ ਅਤੇ ਫੋਟੋ ਐਲਬਮ ਵੀ ਮਿਲੇ ਹਨ। ਮੋਦੀ ਵੱਲੋਂ ਭੇਟ ਕੀਤਾ ਗਿਆ ਹੀਰਾ ਵ੍ਹਾਈਟ ਹਾਊਸ ਦੇ ਈਸਟ ਵਿੰਗ ’ਚ ਰੱਖਿਆ ਗਿਆ ਹੈ ਜਦਕਿ ਹੋਰ ਤੋਹਫ਼ੇ ਕੌਮੀ ਆਰਕਾਈਵਜ਼ ’ਚ ਭੇਜ ਦਿੱਤੇ ਹਨ। ਸੰਘੀ ਕਾਨੂੰਨ ਮੁਤਾਬਕ ਅਧਿਕਾਰੀਆਂ ਨੂੰ ਵਿਦੇਸ਼ੀ ਆਗੂਆਂ ਤੋਂ ਮਿਲੇ ਉਨ੍ਹਾਂ ਤੋਹਫ਼ਿਆਂ ਦੀ ਜਾਣਕਾਰੀ ਦੇਣੀ ਪੈਂਦੀ ਹੈ ਜਿਨ੍ਹਾਂ ਦੀ ਅੰਦਾਜ਼ਨ ਕੀਮਤ 480 ਡਾਲਰ ਤੋਂ ਵੱਧ ਹੁੰਦੀ ਹੈ। -ਪੀਟੀਆਈ