ਮੋਦੀ ਸਮਝ ਨਹੀਂ ਸਕੇ ਕਿ ਦੇਸ਼ ਦਾ ਸੰਵਿਧਾਨ ਸੰਘ ਦਾ ਵਿਧਾਨ ਨਹੀਂ ਹੈ: ਪ੍ਰਿਯੰਕਾ
ਨਵੀਂ ਦਿੱਲੀ, 13 ਦਸੰਬਰ
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਅੱਜ ਸੰਸਦ ਵਿੱਚ ਆਪਣੀ ਪਹਿਲੀ ਬਹਿਸ ਵਿੱਚ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਭਲ ਅਤੇ ਮਨੀਪੁਰ ਵਿੱਚ ਹਿੰਸਾ ਦੀਆਂ ਘਟਨਾਵਾਂ ਬਾਰੇ ਕੁੱਝ ਨਹੀਂ ਬੋਲੇ ਅਤੇ ਉਹ ਇਹ ਨਹੀਂ ਸਮਝ ਸਕੇ ਕਿ ਸੰਵਿਧਾਨ ‘ਸੰਘ ਦਾ ਵਿਧਾਨ’ ਨਹੀਂ ਹੈ।
ਲੋਕ ਸਭਾ ਵਿੱਚ ਸੰਵਿਧਾਨ ਸਬੰਧੀ ਬਹਿਸ ਵਿੱਚ ਹਿੱਸਾ ਲੈਂਦਿਆਂ ਪ੍ਰਿਯੰਕਾ ਨੇ ਕਿਹਾ ਕਿ ਸੰਵਿਧਾਨ ਨਿਆਂ, ਏਕਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਸੁਰੱਖਿਆ ਲਈ ਢਾਲ ਹੈ ਪਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਇਸ ਨੂੰ ਤੋੜਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਹੈ।
ਵਾਇਨਾਡ ਤੋਂ ਚੁਣੀ ਗਈ ਨਵੀਂ ਸੰਸਦ ਮੈਂਬਰ ਨੇ ਕਿਹਾ, ‘‘ਪ੍ਰਧਾਨ ਮੰਤਰੀ ਸੰਵਿਧਾਨ ਨੂੰ ਮੱਥੇ ਟੇਕਦੇ ਹਨ ਪਰ ਜਦੋਂ ਸੰਭਲ, ਹਾਥਰਸ ਅਤੇ ਮਨੀਪੁਰ ਤੋਂ ਇਨਸਾਫ ਦੀ ਮੰਗ ਹੁੰਦੀ ਹੈ ਤਾਂ ਉਨ੍ਹਾਂ ਦੇ ਮੱਥੇ ’ਤੇ ਵੱਟ ਵੀ ਨਹੀਂ ਪੈਂਦਾ।’’
ਉਨ੍ਹਾਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਹਾਲੇ ਇਹ ਨਹੀਂ ਸਮਝੇ ਕਿ ਇਹ ‘ਭਾਰਤ ਦਾ ਸੰਵਿਧਾਨ’ ਹੈ, ਨਾ ਕਿ ‘ਸੰਘ ਦਾ ਵਿਧਾਨ।’ ਉਨ੍ਹਾਂ ਕਿਹਾ ਕਿ ਸਰਕਾਰ ਲੇਟਰਲ ਐਂਟਰੀ ਅਤੇ ਨਿੱਜੀਕਰਨ ਰਾਹੀਂ ਰਾਖਵਾਂਕਰਨ ਨੀਤੀ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ। ਪ੍ਰਿਯੰਕਾ ਨੇ ਕਿਹਾ, ‘‘ਲੋਕ ਸਭਾ ਚੋਣਾਂ ਵਿੱਚ ਜੇ ਇਸ ਤਰ੍ਹਾਂ ਦੇ ਨਤੀਜੇ ਨਾ ਆਉਂਦੇ ਤਾਂ ਸਰਕਾਰ ਨੇ ਸੰਵਿਧਾਨ ਬਦਲਣ ਦਾ ਕੰਮ ਸ਼ੁਰੂ ਕਰ ਦਿੱਤਾ ਹੁੰਦਾ।’’ -ਪੀਟੀਆਈ