ਮੋਦੀ ਨੇ ਵਿਦਿਆਰਥੀਆਂ ਨੂੰ ਐੱਨਸੀਸੀ ’ਚ ਸ਼ਾਮਲ ਹੋਣ ਲਈ ਪ੍ਰੇਰਿਆ
ਨਵੀਂ ਦਿੱਲੀ, 24 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੇ 116ਵੇਂ ਐਪੀਸੋਡ ਵਿੱਚ ਵਿਦਿਆਰਥੀਆਂ ਨੂੰ ਨੈਸ਼ਨਲ ਕੈਡੇਟ ਕੋਰ (ਐੱਨਸੀਸੀ) ਨਾਲ ਜੁੜਨ ਲਈ ਪ੍ਰੇੇਰਿਤ ਕੀਤਾ। ਮੋਦੀ ਨੇ ਕਿਹਾ ਕਿ ਅੱਜ ਦਾ ਦਿਨ ਬਹੁਤ ਖਾਸ ਹੈ ਕਿਉਂਕਿ ਅੱਜ ਐੱਨਸੀਸੀ ਦਿਵਸ ਹੈ। ਉਨ੍ਹਾਂ ਕਿਹਾ, ‘‘ਐੱਨਸੀਸੀ ਸਾਨੂੰ ਸਾਡੇ ਸਕੂਲ ਅਤੇ ਕਾਲਜ ਦੇ ਦਿਨਾਂ ਦੀ ਯਾਦ ਦਿਵਾਉਂਦੀ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਉਹ ਵੀ ਇੱਕ ਐੱਨਸੀਸੀ ਕੈਡੇਟ ਰਹੇ ਹਨ ਅਤੇ ਇਸ ਲਈ ਉਹ ਪੂਰੇ ਵਿਸ਼ਵਾਸ ਨਾਲ ਕਹਿ ਸਕਦੇ ਹਨ ਕਿ ਇਸ ਤੋਂ ਮਿਲਿਆ ਤਜਰਬਾ ਅਨਮੋਲ ਹੈ। ਐੱਨਸੀਸੀ ਨੌਜਵਾਨਾਂ ਵਿੱਚ ਅਨੁਸ਼ਾਸਨ, ਅਗਵਾਈ ਅਤੇ ਸੇਵਾ ਦੀ ਭਾਵਨਾ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਐਨਸੀਸੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। 2014 ਵਿੱਚ ਲਗਪਗ 14 ਲੱਖ ਨੌਜਵਾਨ ਐੱਨਸੀਸੀ ਵਿੱਚ ਸ਼ਾਮਲ ਸਨ ਤੇ ਹੁਣ ਸਾਲ 2024 ਵਿੱਚ ਦੋ ਲੱਖ ਤੋਂ ਵੱਧ ਨੌਜਵਾਨ ਐੱਨਸੀਸੀ ਵਿੱਚ ਸ਼ਾਮਲ ਹੋਏ ਹਨ। ਪਹਿਲਾਂ ਦੇ ਮੁਕਾਬਲੇ ਹੁਣ 5,000 ਤੋਂ ਵੱਧ ਸਕੂਲ ਅਤੇ ਕਾਲਜ ਐੱਨਸੀਸੀ ਦਾ ਹਿੱਸਾ ਹਨ ਅਤੇ ਸਭ ਤੋਂ ਅਹਿਮ ਗੱਲ ਇਹ ਕਿ ਐੱਨਸੀਸੀ ਵਿੱਚ ਲੜਕੀਆਂ ਦੀ ਗਿਣਤੀ ਲਗਪਗ 25 ਫੀਸਦੀ ਸੀ ਜੋ ਹੁਣ 40 ਫੀਸਦੀ ਦੇ ਕਰੀਬ ਹੋ ਗਈ ਹੈ। -ਪੀਟੀਆਈ
ਪੂਰਬੀ ਸੂਬਿਆਂ ਨੂੰ ਦੇਸ਼ ਦਾ ਵਿਕਾਸ ਇੰਜਣ ਮੰਨਦੇੇ ਹਾਂ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਪੂਰਬੀ ਖੇਤਰ ਨੂੰ ਦੇਸ਼ ਦਾ ਵਿਕਾਸ ਇੰਜਣ ਮੰਨਦੀ ਹੈ, ਜਦਕਿ ਪਹਿਲਾਂ ਇਸ ਖੇਤਰ ਨੂੰ ਪਿਛੜਾ ਮੰਨਿਆ ਜਾਂਦਾ ਸੀ। ਇੱਥੇ ‘ਉੜੀਸਾ ਪਰਬ’ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਨਵੀਂ ਸਰਕਾਰ ਬਣਨ ਦੇ 100 ਦਿਨਾਂ ਦੇ ਅੰਦਰ 45,000 ਕਰੋੜ ਰੁਪਏ ਦੇ ਨਿਵੇਸ਼ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ, ‘‘ਇੱਕ ਸਮਾਂ ਸੀ ਜਦੋਂ ਭਾਰਤ ਦੇ ਪੂਰਬੀ ਖੇਤਰ ਅਤੇ ਉਥੋਂ ਦੇ ਸੂਬਿਆਂ ਨੂੰ ਪੱਛੜਿਆ ਹੋਇਆ ਕਿਹਾ ਜਾਂਦਾ ਸੀ, ਪਰ ਮੈਂ ਭਾਰਤ ਦੇ ਪੂਰਬੀ ਖੇਤਰ ਨੂੰ ਦੇਸ਼ ਦੇ ਵਿਕਾਸ ਇੰਜਨ ਵਜੋਂ ਦੇਖਦਾ ਹਾਂ। ਇਸ ਲਈ ਅਸੀਂ ਭਾਰਤ ਦੇ ਪੂਰਬੀ ਖੇਤਰ ਦੇ ਵਿਕਾਸ ਨੂੰ ਪਹਿਲੀ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਉੜੀਸਾ ਦੇ ਵਿਕਾਸ ਲਈ ਅਸੀਂ ਹਰ ਖੇਤਰ ਵਿੱਚ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਇਸ ਸਾਲ ਬਜਟ ਵਿੱਚ 30 ਫੀਸਦ ਤੱਕ ਵਾਧਾ ਕੀਤਾ ਗਿਆ ਹੈ।’’ -ਪੀਟੀਆਈ
ਅਗਲੇ ਸਾਲ ਦਿੱਲੀ ਵਿੱਚ ਹੋਵੇਗਾ ‘ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’ ਪ੍ਰੋਗਰਾਮ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਗਲੇ ਸਾਲ 11-12 ਜਨਵਰੀ ਨੂੰ ਦਿੱਲੀ ਵਿੱਚ ‘ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ’ ਪ੍ਰੋਗਰਾਮ ਕਰਵਾਇਆ ਜਾਵੇਗਾ। ਇਹ ਉਨ੍ਹਾਂ ਨੌਜਵਾਨਾਂ ਨੂੰ ਸਿਆਸਤ ਨਾਲ ਜੋੜਨ ਦੇ ਯਤਨਾਂ ਦਾ ਹਿੱਸਾ ਹੈ ਜਿਨ੍ਹਾਂ ਦੀ ਕੋਈ ਸਿਆਸੀ ਪਿੱਠਭੂਮੀ ਨਹੀਂ ਹੈ। ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੀ 116ਵੀਂ ਲੜੀ ਵਿੱਚ ਮੋਦੀ ਨੇ ਲੋਕਾਂ ਨੂੰ ਉਨ੍ਹਾਂ ਪਰਵਾਸੀ ਭਾਰਤੀਆਂ ਦੀਆਂ ਪ੍ਰੇਰਕ ਕਹਾਣੀਆਂ ਦਾ ਜਸ਼ਨ ਮਨਾਉਣ ਦਾ ਵੀ ਸੱਦਾ ਦਿੱਤਾ ਜਿਨ੍ਹਾਂ ਨੇ ਵਿਸ਼ਵ ਪੱਧਰ ’ਤੇ ਆਪਣੀ ਛਾਪ ਛੱਡੀ, ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਦਿੱਤਾ ਅਤੇ ਸਾਡੀ ਵਿਰਾਸਤ ਦੀ ਰੱਖਿਆ ਕੀਤੀ।
ਉਨ੍ਹਾਂ ਕਿਹਾ ਕਿ 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਦੀ 162ਵੀਂ ਜੈਅੰਤੀ ਬਹੁਤ ਹੀ ਵਿਸ਼ੇਸ਼ ਢੰਗ ਨਾਲ ਮਨਾਈ ਜਾਵੇਗੀ। ਇਸ ਮੌਕੇ 11-12 ਜਨਵਰੀ ਨੂੰ ਦਿੱਲੀ ਦੇ ਭਾਰਤ ਮੰਡਪਮ ਵਿੱਚ ਨੌਜਵਾਨਾਂ ਦਾ ‘ਮਹਾਕੁੰਭ’ ਹੋਵੇਗਾ ਅਤੇ ਇਸ ਪਹਿਲ ਨੂੰ ਵਿਕਸਿਤ ਭਾਰਤ ਯੁਵਾ ਨੇਤਾ ਸੰਵਾਦ ਨਾਮ ਦਿੱਤਾ ਜਾਵੇਗਾ।
‘ਡਿਜੀਟਲ ਅਰੈਸਟ’ ਵਰਗਾ ਕੁੱਝ ਨਹੀਂ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਅਹਿਮਦਾਬਾਦ ਦੇ ਇੱਕ ਵਿਅਕਤੀ ਦਾ ਵੀ ਜ਼ਿਕਰ ਕੀਤਾ ਜੋ ਬਜ਼ੁਰਗਾਂ ਨੂੰ ‘ਡਿਜੀਟਲ ਅਰੈਸਟ’ ਸਮੇਤ ਸਾਈਬਰ ਅਪਰਾਧਾਂ ਬਾਰੇ ਜਾਗਰੂਕ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਨੂੰ ਲੋਕਾਂ ਨੂੰ ਵਾਰ-ਵਾਰ ਸਮਝਾਉਣਾ ਪੈ ਰਿਹਾ ਹੈ ਕਿ ਡਿਜੀਟਲ ਅਰੈਸਟ ਵਰਗੀ ਕੋਈ ਤਜਵੀਜ਼ ਨਹੀਂ ਹੈ, ਇਹ ਬਿਲਕੁਲ ਝੂਠ ਹੈ, ਲੋਕਾਂ ਨੂੰ ਫਸਾਉਣ ਦੀ ਸਾਜ਼ਿਸ਼ ਹੈ।’’