For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਸਾਜ਼ਿਸ਼ ਤਹਿਤ ਰੁਜ਼ਗਾਰ ਦੇ ਮੌਕੇ ਖ਼ਤਮ ਕੀਤੇ: ਰਾਹੁਲ

07:49 AM Sep 27, 2024 IST
ਮੋਦੀ ਨੇ ਸਾਜ਼ਿਸ਼ ਤਹਿਤ ਰੁਜ਼ਗਾਰ ਦੇ ਮੌਕੇ ਖ਼ਤਮ ਕੀਤੇ  ਰਾਹੁਲ
ਕਾਂਗਰਸੀ ਆਗੂ ਰਾਹੁਲ ਗਾਂਧੀ ਕਰਨਾਲ ਵਿੱਚ ਚੋਣ ਰੈਲੀ ਦੌਰਾਨ ਪਾਰਟੀ ਆਗੂ ਭੁਪਿੰਦਰ ਸਿੰਘ ਹੁੁੱਡਾ ਨਾਲ ਕੋਈ ਨੁਕਤਾ ਸਾਂਝਾ ਕਰਦੇ ਹੋਏ। ਉਨ੍ਹਾਂ ਦੇ ਨਾਲ ਕੁਮਾਰੀ ਸ਼ੈਲਜਾ ਵੀ ਬੈਠੇ ਨਜ਼ਰ ਆ ਰਹੇ ਹਨ। -ਫੋਟੋ: ਪੀਟੀਆਈ
Advertisement

ਚੰਡੀਗੜ੍ਹ, 26 ਸਤੰਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਦਿਆਂ ਦੋਸ਼ ਲਾਇਆ ਹੈ ਕਿ ਉਨ੍ਹਾਂ ਦੇਸ਼ ’ਚ ਯੋਜਨਾਬੱਧ ਢੰਗ ਨਾਲ ਰੁਜ਼ਗਾਰ ਪ੍ਰਬੰਧ ਨੂੰ ਖ਼ਤਮ ਕਰ ਦਿੱਤਾ ਹੈ। ਅਸੰਧ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਭਰੋਸਾ ਜਤਾਇਆ ਕਿ 5 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਹੂੰਝਾ ਫੇਰ ਦੇਵੇਗੀ। ਉਨ੍ਹਾਂ ਜਾਤੀ ਜਨਗਨਣਾ ਦਾ ਮੁੱਦਾ ਵੀ ਚੁੱਕਿਆ ਅਤੇ ਭਾਜਪਾ ’ਤੇ ਲੋਕਾਂ ਨੂੰ ਵੰਡਣ ਦਾ ਦੋਸ਼ ਲਾਇਆ। ਰੈਲੀ ’ਚ ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਪ੍ਰਦੇਸ਼ ਪ੍ਰਧਾਨ ਉਦੈਭਾਨ ਸਮੇਤ ਹੋਰ ਆਗੂ ਹਾਜ਼ਰ ਸਨ।

Advertisement

ਕਰਨਾਲ ’ਚ ਰੈਲੀ ਦੌਰਾਨ ਕਾਂਗਰਸ ਆਗੂ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ। -ਫੋਟੋ: ਪੀਟੀਆਈ

ਭਾਜਪਾ ਸਰਕਾਰ ’ਤੇ ਵਰ੍ਹਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਨੇ ਹਰਿਆਣਾ ਨੂੰ ਤਬਾਹ ਕਰ ਦਿੱਤਾ ਹੈ। ਉਨ੍ਹਾਂ ਆਪਣੇ ਅਮਰੀਕਾ ਦੌਰੇ ਦੌਰਾਨ ਹਰਿਆਣਾ ਦੇ ਕੁਝ ਨੌਜਵਾਨਾਂ ਨਾਲ ਮੁਲਾਕਾਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਬਿਹਤਰ ਭਵਿੱਖ ਦੀ ਆਸ ’ਚ ਉਥੇ ਆਪਣੀਆਂ ਜ਼ਮੀਨਾਂ ਵੇਚ ਕੇ ਗਏ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਸੂਬੇ ’ਚ ਰੁਜ਼ਗਾਰ ਦੇ ਢੁੱਕਵੇਂ ਮੌਕੇ ਨਹੀਂ ਮਿਲੇ। ਕਾਂਗਰਸ ਆਗੂ ਨੇ ਕਿਹਾ ਕਿ ਨੌਜਵਾਨਾਂ ਨੇ ਦੱਸਿਆ ਕਿ 50 ਲੱਖ ਰੁਪਏ ਖ਼ਰਚਣ ’ਤੇ ਵੀ ਉਨ੍ਹਾਂ ਦਾ ਹਰਿਆਣਾ ’ਚ ਕਾਰੋਬਾਰ ਨਹੀਂ ਚੱਲ ਸਕਿਆ ਜਿਸ ਕਾਰਨ ਉਹ ਅਮਰੀਕਾ ਜਾਣ ਲਈ ਮਜਬੂਰ ਹੋਏ। ਉਨ੍ਹਾਂ ਕਰਨਾਲ ’ਚ ਇਕ ਨੌਜਵਾਨ ਦੇ ਪਰਿਵਾਰ ਨਾਲ ਮਿਲਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿੱਛੇ ਪਰਿਵਾਰ ਵੀ ਬੁਰੀ ਹਾਲਤ ’ਚ ਹੈ। ਉਨ੍ਹਾਂ ਭਾਜਪਾ ਸਰਕਾਰ ’ਤੇ ਗਲਤ ਜੀਐੱਸਟੀ ਪ੍ਰਬੰਧ ਰਾਹੀਂ ਛੋਟੇ ਕਾਰੋਬਾਰੀਆਂ ਦੇ ਖ਼ਾਤਮੇ ਦਾ ਦੋਸ਼ ਲਾਇਆ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਇਹ ਹਰਿਆਣਾ ਦੀ ਜੰਗ ਨਹੀਂ ਹੈ ਸਗੋਂ ਪੂਰੇ ਮੁਲਕ ਅਤੇ ਸੰਵਿਧਾਨ ਬਚਾਉਣ ਦੀ ਜੰਗ ਹੈ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਅਦਾਰੇ ਚੋਣ ਕਮਿਸ਼ਨ, ਨੌਕਰਸ਼ਾਹੀ, ਮੀਡੀਆ ਅਤੇ ਖ਼ੁਫ਼ੀਆ ਸੇਵਾਵਾਂ ਸੰਘ ਹਵਾਲੇ ਕਰ ਦਿੱਤੇ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ 90 ਵਿਅਕਤੀ (ਸਕੱਤਰ) ਸਰਕਾਰ ਚਲਾ ਰਹੇ ਹਨ ਜਿਨ੍ਹਾਂ ’ਚੋਂ ਸਿਰਫ਼ ਤਿੰਨ ਦਲਿਤ ਹਨ। ਉਨ੍ਹਾਂ ਕਿਹਾ ਕਿ ਦਲਿਤਾਂ ਨੂੰ ਢੁੱਕਵਾਂ ਦਰਜਾ ਦਿਵਾਉਣ ਲਈ ਹੀ ਉਹ ਜਾਤੀ ਜਨਗਨਣਾ ਕਰਾਉਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਿਰਫ਼ 10-15 ਲੋਕਾਂ ਲਈ ਯੋਜਨਾ ਬਣਾਉਂਦੇ ਹਨ। ਜੰਮੂ ਕਸ਼ਮੀਰ ਅਤੇ ਹਿਮਾਚਲ ’ਚ ਸੇਬ ਕਾਰੋਬਾਰ ’ਤੇ ਪਏ ਅਸਰ ਦਾ ਜ਼ਿਕਰ ਕਰਦਿਆਂ ਰਾਹੁਲ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੇ ਢੁੱਕਵੇਂ ਭਾਅ ਨਹੀਂ ਮਿਲ ਰਹੇ ਹਨ। ਉਨ੍ਹਾਂ ਕਿਹਾ, ‘ਕਿਸਾਨਾਂ ਦੇ ਕਰਜ਼ੇ ਮੁਆਫ਼ ਨਹੀਂ ਕੀਤੇ ਜਾਣਗੇ ਅਤੇ ਨਾ ਹੀ ਫ਼ਸਲਾਂ ’ਤੇ ਐੱਮਐੱਸਪੀ ਮਿਲੇਗੀ ਪਰ 25 ਅਰਬਪਤੀਆਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਵੇਗਾ।’ -ਪੀਟੀਆਈ

Advertisement

‘ਰੱਬ ਨੇ ਮੋਦੀ ਨੂੰ ਸਬਕ ਸਿਖਾਇਆ’

ਹਿਸਾਰ ਜ਼ਿਲ੍ਹੇ ਦੇ ਬਰਵਾਲਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 56 ਇੰਚ ਦੀ ਛਾਤੀ ਦਾ ਦਾਅਵਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣ ਆਖ ਰਹੇ ਹਨ ਕਿ ਉਹ ਗ਼ੈਰ-ਜੈਵਿਕ ਹਨ ਅਤੇ ਉਨ੍ਹਾਂ ਦਾ ਸਿੱਧਾ ਰੱਬ ਨਾਲ ਸਬੰਧ ਹੈ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਰੱਬ ਨੇ ਲੋਕ ਸਭਾ ਚੋਣਾਂ ’ਚ ਉਨ੍ਹਾਂ ਨੂੰ ਸਬਕ ਸਿਖਾ ਦਿੱਤਾ ਹੈ ਅਤੇ ਅਯੁੱਧਿਆ ’ਚ ਸਮਾਜਵਾਦੀ ਪਾਰਟੀ ਦੇ ਆਗੂ ਨੇ ਭਾਜਪਾ ਉਮੀਦਵਾਰ ਨੂੰ ਹਰਾ ਦਿੱਤਾ। ਉਨ੍ਹਾਂ ਕਿਹਾ ਕਿ ਅਗਨੀਪਥ ਯੋਜਨਾ ਰਾਹੀਂ ਜਵਾਨਾਂ ਦੀ ਪੈਨਸ਼ਨ, ਕੈਂਟੀਨ ਅਤੇ ਸ਼ਹੀਦ ਦਾ ਦਰਜਾ ਵਰਗੇ ਹੱਕ ਖੋਹ ਲਏ ਗਏ ਹਨ। -ਪੀਟੀਆਈ

ਭਾਜਪਾ ਦੇ 10 ਸਾਲ ਦੇ ਕੁਸ਼ਾਸਨ ਤੋਂ ਲੋਕ ਅੱਕੇ: ਸ਼ੈਲਜਾ

ਕਾਂਗਰਸ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਅਸੰਧ ਰੈਲੀ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹਰਿਆਣਾ ਦੇ ਲੋਕ ਭਾਜਪਾ ਦੇ ਪਿਛਲੇ 10 ਸਾਲਾਂ ਦੇ ਕੁਸ਼ਾਸਨ ਤੋਂ ਅੱਕ ਗਏ ਹਨ। ਉਨ੍ਹਾਂ ਲੋਕਾਂ ਨੂੰ ਕਿਹਾ, ‘‘ਹੁਣ ਸਮਾਂ ਆ ਗਿਆ ਹੈ ਕਿ ਭਾਜਪਾ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ। ਕਿਸਾਨ, ਗਰੀਬ, ਮਜ਼ਦੂਰ, ਛੋਟੇ ਕਾਰੋਬਾਰੀ ਅਤੇ ਹੋਰ ਵਰਗ ਭਾਜਪਾ ਨੂੰ ਹਰਾਉਣ ਦੀ ਉਡੀਕ ਕਰ ਰਹੇ ਹਨ।’’ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਨੂੰ ਮੁੜ ਸੱਤਾ ’ਚ ਲਿਆਂਦਾ ਜਾਵੇ। ਜ਼ਿਕਰਯੋਗ ਹੈ ਕਿ ਸ਼ੈਲਜਾ ਪਿਛਲੇ ਕੁਝ ਸਮੇਂ ਤੋਂ ਨਾਰਾਜ਼ ਚੱਲ ਰਹੀ ਸੀ ਪਰ ਅੱਜ ਉਹ ਰਾਹੁਲ ਗਾਂਧੀ ਨਾਲ ਰੈਲੀ ’ਚ ਸ਼ਾਮਲ ਹੋਈ। -ਪੀਟੀਆਈ

ਕਾਂਗਰਸ ਨੇ ਵਧੇਰੇ ਸਮਾਂ ਆਪਸੀ ਖਹਿਬਾਜ਼ੀ ’ਚ ਬਰਬਾਦ ਕੀਤਾ: ਮੋਦੀ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਾਂਗਰਸ ਨੇ ਆਪਣਾ ਵਧੇਰੇ ਆਪਸੀ ਖਹਿਬਾਜ਼ੀ ’ਚ ਬਰਬਾਦ ਕੀਤਾ ਤੇ ਲੋਕਾਂ ਨੇ ਹਰਿਆਣਾ ’ਚ ਭਾਜਪਾ ਨੂੰ ਇੱਕ ਹੋਰ ਮੌਕਾ ਦੇਣ ਦਾ ਫ਼ੈਸਲਾ ਕਰ ਲਿਆ ਹੈ। ਪਾਰਟੀ ਦੇ ‘ਮੇਰਾ ਬੂਥ, ਸਬ ਤੋਂ ਮਜ਼ਬੂਤ’ ਪ੍ਰੋਗਰਾਮ ਤਹਿਤ ਹਰਿਆਣਾ ਦੇ ਭਾਜਪਾ ਵਰਕਰਾਂ ਨਾਲ ਨਮੋ ਐਪ ਰਾਹੀਂ ਗੱਲਬਾਤ ਕਰਦਿਆਂ ਉਨ੍ਹਾਂ ਨਾਲ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਬੂਥ ਪੱਧਰੀ ਤਿਆਰੀ ਬਾਰੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਬੂਥ ’ਤੇ ਪਾਰਟੀ ਦੀ ਜਿੱਤ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ, ‘ਚੋਣਾਂ ਨੂੰ ਹਫ਼ਤਾ ਰਹਿ ਗਿਆ ਹੈ ਅਤੇ ਪੋਲਿੰਗ ਬੂਥ ’ਤੇ ਹਰ ਪਰਿਵਾਰ ਵੱਲ ਧਿਆਨ ਦਿੱਤਾ ਜਾਵੇ।’ ਪ੍ਰਧਾਨ ਮੰਤਰੀ ਨੇ ਆਪਣੀ ਗੱਲਬਾਤ ਦੀ ਸ਼ੁਰੂਆਤ ਹਰਿਆਣਾ ਦੇ ਲੋਕਾਂ ਨਾਲ ਆਪਣੇ ਖਾਸ ਰਿਸ਼ਤੇ ਦਾ ਜ਼ਿਕਰ ਕਰਦਿਆਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ  ਪਿਛਲੇ 10 ਸਾਲਾਂ ਅੰਦਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ’ਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣਾ ਵਧੇਰੇ ਸਮਾਂ ਆਪਸੀ ਖਹਿਬਾਜ਼ੀ ’ਚ ਲੰਘਾਇਆ ਹੈ ਅਤੇ ਹਰਿਆਣਾ ਦਾ ਬੱਚਾ-ਬੱਚਾ ਕਾਂਗਰਸ ਦੀ ਅੰਦਰੂਨੀ ਲੜਾਈ ਬਾਰੇ ਜਾਣਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਲਾਊਡ ਸਪੀਕਰ ਜੋ ਪਹਿਲਾਂ ਵੱਡੇ-ਵੱਡੇ ਦਾਅਵੇ ਕਰ ਰਹੇ ਸਨ, ਅੱਜ-ਕੱਲ ਕਮਜ਼ੋਰ ਪੈ ਗਏ ਹਨ। ਉਨ੍ਹਾਂ ਕਿਹਾ, ‘ਕੁਝ ਲੋਕ ਕਹਿ ਰਹੇ ਹਨ ਕਿ ਕਾਂਗਰਸ ਦਿਨੋਂ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਪਿਛਲੇ 10 ਸਾਲਾਂ ਅੰਦਰ ਕਾਂਗਰਸ ਵਿਰੋਧੀ ਧਿਰ ਵਜੋਂ ਨਾਕਾਮ ਸਾਬਤ ਹੋਈ ਹੈ। ਪਾਰਟੀ 10 ਸਾਲਾਂ ਤੋਂ ਲੋਕ ਮਸਲਿਆਂ ਤੋਂ ਦੂਰ ਹੈ। ਅਜਿਹੇ ਲੋਕ ਹਰਿਆਣਾ ਦੇ ਲੋਕਾਂ ਦਾ ਭਰੋਸਾ ਕਦੀ ਵੀ ਨਹੀਂ ਜਿੱਤ ਸਕਦੇ।’ -ਪੀਟੀਆਈ

ਮੋਦੀ ਵੱਲੋਂ ਤਿੰਨ ਸੁਪਰ ਕੰਪਿਊਟਰ ਦੇਸ਼ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੋਈ ਦੇਸ਼ ਤਾਂ ਹੀ ਵੱਡੀਆਂ ਪ੍ਰਾਪਤੀਆਂ ਦਾ ਟੀਚਾ ਰੱਖ ਸਕਦਾ ਹੈ, ਜਦੋਂ ਉਸ ਕੋਲ ਵੱਡਾ ਨਜ਼ਰੀਆ ਹੋਵੇ। ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਤਕਨੀਕ ਦੀ ਤਰੱਕੀ ਗਰੀਬਾਂ ਦੀ ਮਜ਼ਬੂਤੀ ਲਈ ਹੋਣੀ ਚਾਹੀਦੀ ਹੈ। ਉਨ੍ਹਾਂ ਵੀਡੀਓ ਕਾਨਫਰੰਸ ਰਾਹੀਂ ਕਰਵਾਏ ਇੱਕ ਕੌਮੀ ਸੁਪਰਕੰਪਿਊਟਿੰਗ ਮਿਸ਼ਨ (ਐੱਸਐੱਨਐੱਮ) ਤਹਿਤ ਦੇਸ਼ ਅੰਦਰ ਤਕਰੀਬਨ 130 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਤਿੰਨ ‘ਪਰਮ ਰੁਦਰ ਸੁਪਰ ਕੰਪਿਊਟਰ’ ਦੇਸ਼ ਨੂੰ ਸਮਰਪਿਤ ਕਰਦਿਆਂ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਅੱਜ ਦਾ ਭਾਰਤ ਸੰਭਾਵਨਾਵਾਂ ਦੇ ਅੰਬਰਾਂ ’ਚ ਨਵੇਂ ਮੌਕਿਆਂ ਦਾ ਨਿਰਮਾਣ ਕਰ ਰਿਹਾ ਹੈ।

Advertisement
Author Image

Advertisement