ਮੋਦੀ ਨੂੰ ਆਪਣਾ ਇਤਿਹਾਸ ਪਤਾ ਨਹੀਂ, ਸ਼ਿਆਮਾ ਪ੍ਰਸਾਦ ਮੁਖਰਜੀ ਨੇ ਮੁਸਲਿਮ ਲੀਗ ਨਾਲ ਗੱਠਜੋੜ ਕੀਤਾ ਸੀ: ਕਾਂਗਰਸ
ਨਵੀਂ ਦਿੱਲੀ, 6 ਅਪਰੈਲ
ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ’ਤੇ ਮੁਸਲਿਮ ਲੀਗ ਦਾ ਪ੍ਰਭਾਵ ਹੋਣ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ 'ਤੇ ਅੱਜ ਮੋੜਵਾਂ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਇਤਿਹਾਸ ਤੋਂ ਜਾਣੂ ਨਹੀਂ ਹਨ ਕਿਉਂਕਿ ਉਹ ਹੋਰ ਕੋਈ ਨਹੀਂ ਸਗੋਂ ਜਨ ਸੰਘ ਦੇ ਸੰਸਥਾਪਕ ਸ਼ਿਆਮਾ ਪ੍ਰਸਾਦ ਮੁਖਰਜੀ ਹਨ, ਜਿਹੜੇ 1940 ਦੇ ਸ਼ੁਰੂ ਵਿੱਚ ਲੀਗ ਦੇ ਨਾਲ ਬੰਗਾਲ ਵਿੱਚ ਗੱਠਜੋੜ ਸਰਕਾਰ ਦਾ ਹਿੱਸਾ ਸਨ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ’ਤੇ 'ਵੰਡ ਦੀ ਰਾਜਨੀਤੀ' ਕਰਨ ਦਾ ਦੋਸ਼ ਲਾਇਆ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸਹਾਰਨਪੁਰ 'ਚ ਚੋਣ ਰੈਲੀ 'ਚ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ਉਹੀ ਸੋਚ ਨੂੰ ਦਰਸਾਉਂਦਾ ਹੈ ਜੋ ਆਜ਼ਾਦੀ ਅੰਦੋਲਨ ਦੌਰਾਨ ਮੁਸਲਿਮ ਲੀਗ 'ਚ ਸੀ। ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ’ਤੇ ਪੂਰੀ ਤਰ੍ਹਾਂ ਨਾਲ ਮੁਸਲਿਮ ਲੀਗ ਦਾ ਪ੍ਰਭਾਵ ਹੈ ਤੇ ਇਸ ਦਾ ਜੋ ਵੀ ਹਿੱਸਾ ਬਚਿਆ ਹੈ, ਉਸ 'ਤੇ ਖੱਬੇਪੱਖੀਆਂ ਦਾ ਪੂਰੀ ਤਰ੍ਹਾਂ ਦਬਦਬਾ ਹੈ। ਇਸ ਵਿੱਚ ਕਾਂਗਰਸ ਬਿਲਕੁਲ ਵੀ ਨਜ਼ਰ ਨਹੀਂ ਆ ਰਹੀ।
ਪ੍ਰਧਾਨ ਮੰਤਰੀ ਦੀ ਟਿੱਪਣੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਜੈਰਾਮ ਰਮੇਸ਼ ਨੇ ਕਿਹਾ, ‘ਪ੍ਰਧਾਨ ਮੰਤਰੀ ਨੂੰ ਆਪਣਾ ਇਤਿਹਾਸ ਨਹੀਂ ਪਤਾ। ਅਸਲ ਵਿਚ ਉਹ ਕੋਈ ਹੋਰ ਨਹੀਂ, ਸਗੋਂ ਹਿੰਦੂ ਮਹਾਸਭਾ ਦੇ ਪ੍ਰਧਾਨ ਮੁਖਰਜੀ ਸਨ, ਜੋ ਬੰਗਾਲ ਵਿਚ ਮੁਸਲਿਮ ਲੀਗ ਨਾਲ ਗੱਠਜੋੜ ਦੀ ਸਰਕਾਰ ਵਿਚ ਸਨ। ਹਿੰਦੂ ਮਹਾਸਭਾ ਵੀ ਸਿੰਧ ਅਤੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿੱਚ ਮੁਸਲਿਮ ਲੀਗ ਨਾਲ ਗੱਠਜੋੜ ਵਿੱਚ ਸੀ।’