For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਵੱਕਾਰ ਨੂੰ ਢਾਹ ਲਾਈ: ਮਨਮੋਹਨ ਸਿੰਘ

06:59 AM May 31, 2024 IST
ਮੋਦੀ ਨੇ ਪ੍ਰਧਾਨ ਮੰਤਰੀ ਅਹੁਦੇ ਦੇ ਵੱਕਾਰ ਨੂੰ ਢਾਹ ਲਾਈ  ਮਨਮੋਹਨ ਸਿੰਘ
Advertisement

ਨਵੀਂ ਦਿੱਲੀ, 30 ਮਈ
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ’ਤੇ ਚੋਣ ਪ੍ਰਚਾਰ ਦੌਰਾਨ ‘ਨਫ਼ਰਤੀ ਭਾਸ਼ਨ’ ਦੇ ਕੇ ਜਨਤਕ ਸੰਵਾਦ ਦੇ ਨਾਲ ਹੀ ਪ੍ਰਧਾਨ ਮੰਤਰੀ ਅਹੁਦੇ ਦੇ ਵੱਕਾਰ ਨੂੰ ਢਾਹ ਲਗਾਉਣ ਦਾ ਦੋਸ਼ ਲਾਇਆ ਹੈ। ਲੋਕ ਸਭਾ ਚੋਣਾਂ ਦੇ ਸੱਤਵੇਂ ਅਤੇ ਆਖਰੀ ਗੇੜ ਤਹਿਤ ਪਹਿਲੀ ਜੂਨ ਨੂੰ ਵੋਟਾਂ ਪੈਣ ਤੋਂ ਪਹਿਲਾਂ ਪੰਜਾਬ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਮਨਮੋਹਨ ਸਿੰਘ ਨੇ ਦਾਅਵਾ ਕੀਤਾ ਕਿ ਸਿਰਫ਼ ਕਾਂਗਰਸ ਹੀ ਹੈ ਜੋ ਵਿਕਾਸ ਪੱਖੀ ਪ੍ਰਗਤੀਸ਼ੀਲ ਭਵਿੱਖ ਯਕੀਨੀ ਬਣਾ ਸਕਦੀ ਹੈ ਜਿਥੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਹੋਵੇਗੀ। ਪੰਜਾਬ ਦੇ ਵੋਟਰਾਂ ਨੂੰ ਲਿਖੇ ਪੱਤਰ ’ਚ ਕਾਂਗਰਸ ਦੇ ਸੀਨੀਅਰ ਆਗੂ ਨੇ ਹਥਿਆਰਬੰਦ ਬਲਾਂ ’ਤੇ ਅਗਨੀਵੀਰ ਯੋਜਨਾ ਥੋਪੇ ਜਾਣ ਦਾ ਵੀ ਦੋਸ਼ ਲਾਇਆ ਅਤੇ ਕਿਹਾ,‘‘ਭਾਜਪਾ ਸੋਚਦੀ ਹੈ ਕਿ ਦੇਸ਼ਭਗਤੀ, ਬਹਾਦਰੀ ਅਤੇ ਸੇਵਾ ਦੀ ਕੀਮਤ ਸਿਰਫ਼ ਚਾਰ ਸਾਲ ਹੈ। ਇਹ ਉਨ੍ਹਾਂ ਦੇ ਨਕਲੀ ਰਾਸ਼ਟਰਵਾਦ ਨੂੰ ਦਰਸਾਉਂਦਾ ਹੈ।’’ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਮਨਮੋਹਨ ਸਿੰਘ ਨੇ ਕਿਹਾ,‘‘ਮੈਂ ਚੋਣ ਪ੍ਰਚਾਰ ਦੌਰਾਨ ਸਿਆਸੀ ਭਾਸ਼ਨਾਂ ’ਤੇ ਕਰੀਬੀ ਨਜ਼ਰ ਰਖ ਰਿਹਾ ਹਾਂ। ਮੋਦੀ ਜੀ ਨਫ਼ਰਤ ਫੈਲਾਉਣ ਵਾਲੇ ਭਾਸ਼ਨ ਦੇ ਰਹੇ ਹਨ ਜੋ ਸੁਭਾਵਕ ਤੌਰ ’ਤੇ ਵੰਡਪਾਊ ਹਨ। ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਜਨਤਕ ਸੰਵਾਦ ਦੇ ਨਾਲ ਹੀ ਪ੍ਰਧਾਨ ਮੰਤਰੀ ਅਹੁਦੇ ਦੇ ਵੱਕਾਰ ਨੂੰ ਵੀ ਢਾਹ ਲਗਾਈ ਹੈ।’’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ’ਚ ਕਿਸੇ ਵੀ ਪ੍ਰਧਾਨ ਮੰਤਰੀ ਨੇ ਸਮਾਜ ਦੇ ਕਿਸੇ ਖਾਸ ਵਰਗ ਜਾਂ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਦੇ ਮਕਸਦ ਨਾਲ ਅਜਿਹੇ ਨਫ਼ਰਤੀ, ਅਸੰਸਦੀ ਅਤੇ ਭੱਦੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ। ਉਨ੍ਹਾਂ ਮੇਰੇ ਬਾਰੇ ਵੀ ਕੁਝ ਗਲਤ ਬਿਆਨ ਦਿੱਤੇ ਹਨ। ਮੈਂ ਆਪਣੀ ਜ਼ਿੰਦਗੀ ’ਚ ਕਦੇ ਵੀ ਇਕ ਫਿਰਕੇ ਨੂੰ ਦੂਜੇ ਤੋਂ ਵੱਖ ਨਹੀਂ ਕੀਤਾ। ਇਸ ’ਤੇ ਸਿਰਫ਼ ਭਾਜਪਾ ਦਾ ਹੀ ਕਾਪੀਰਾਈਟ ਹੈ। ਮੋਦੀ ਨੇ ਮਨਮੋਹਨ ਸਿੰਘ ’ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਪ੍ਰਧਾਨ ਮੰਤਰੀ ਰਹਿੰਦਿਆਂ ਆਖਿਆ ਸੀ ਕਿ ਦੇਸ਼ ਦੇ ਵਸੀਲਿਆਂ ’ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਸਾਰਾ ਕੁਝ ਦੇਖ ਰਹੇ ਹਨ। ਉਨ੍ਹਾਂ ਕਿਹਾ,‘‘ਅਮਾਨਵੀਕਰਨ ਦੀ ਇਹ ਕਹਾਣੀ ਆਪਣੇ ਸਿਖਰ ’ਤੇ ਪੁੱਜ ਗਈ ਹੈ। ਹੁਣ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਪਿਆਰੇ ਰਾਸ਼ਟਰ ਨੂੰ ਇਨ੍ਹਾਂ ਵੰਡਪਾਊ ਤਾਕਤਾਂ ਤੋਂ ਬਚਾਈਏ।’’ -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement