ਮੋਦੀ ਡਿਗਰੀ ਮਾਣਹਾਨੀ ਕੇਸ: ਕੇਜਰੀਵਾਲ ਅਤੇ ਸੰਜੈ ਸਿੰਘ ਨੂੰ 26 ਜੁਲਾਈ ਨੂੰ ਪੇਸ਼ ਹੋਣ ਦੀ ਹਦਾਇਤ
ਅਹਿਮਦਾਬਾਦ, 13 ਜੁਲਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਬਾਰੇ ਮਾਣਹਾਨੀ ਕੇਸ ਦੇ ਸਬੰਧ ’ਚ ਇਥੋਂ ਦੀ ਇਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੂੰ 26 ਜੁਲਾਈ ਨੂੰ ਅਦਾਲਤ ’ਚ ਪੇਸ਼ ਹੋਣ ਦੀ ਹਦਾਇਤ ਕੀਤੀ ਹੈ। ਗੁਜਰਾਤ ਯੂਨੀਵਰਸਿਟੀ ਵੱਲੋਂ ਦਾਖ਼ਲ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ‘ਆਪ’ ਦੇ ਦੋਵੇਂ ਆਗੂਆਂ ਖ਼ਿਲਾਫ਼ ਕੇਸ ਕੀਤਾ ਗਿਆ ਹੈ। ਮੈਟਰੋਪਾਲਿਟਨ ਅਦਾਲਤ ਨੇ ਦੋਵੇਂ ਆਗੂਆਂ ਨੂੰ ਪਹਿਲਾਂ ਵੀਰਵਾਰ (13 ਜੁਲਾਈ) ਨੂੰ ਪੇਸ਼ ਹੋਣ ਲਈ ਕਿਹਾ ਸੀ। ਉਨ੍ਹਾਂ ਦੇ ਵਕੀਲਾਂ ਨੇ ਪੇਸ਼ੀ ਤੋਂ ਛੋਟ ਲਈ ਅਰਜ਼ੀ ਦਾਖ਼ਲ ਕਰਦਿਆਂ ਕਿਹਾ ਸੀ ਕਿ ਦਿੱਲੀ ’ਚ ਭਾਰੀ ਮੀਂਹ ਮਗਰੋਂ ਵਿਗੜੇ ਹਾਲਾਤ ਕਾਰਨ ਕੇਜਰੀਵਾਲ ਅਤੇ ਸੰਜੈ ਸਿੰਘ ਪੇਸ਼ ਨਹੀਂ ਹੋ ਸਕਦੇ ਹਨ। ਗੁਜਰਾਤ ਯੂਨੀਵਰਸਿਟੀ ਦੇ ਵਕੀਲ ਅਮਿਤ ਨਾਇਰ ਨੇ ਅਰਜ਼ੀ ਦਾ ਵਿਰੋਧ ਨਹੀਂ ਕੀਤਾ ਪਰ ਉਸ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਨਿਰਦੇਸ਼ ਦੇਵੇ ਕਿ ਦੋਵੇਂ ‘ਆਪ’ ਆਗੂ ਅਗਲੀ ਤਰੀਕ ’ਤੇ ਜ਼ਰੂਰ ਹਾਜ਼ਰ ਰਹਿਣ ਕਿਉਂਕਿ ਮੁਕੱਦਮੇ ’ਚ ਦੇਰੀ ਹੋ ਰਹੀ ਹੈ। ਅਰਜ਼ੀ ’ਤੇ ਵਿਚਾਰ ਕਰਨ ਮਗਰੋਂ ਐਡੀਸ਼ਨਲ ਚੀਫ਼ ਮੈਟਰੋਪਾਲਿਟਨ ਮੈਜਿਸਟਰੇਟ ਐੱਸ ਜੇ ਪਾਂਚਾਲ ਨੇ ਕੇਜਰੀਵਾਲ ਅਤੇ ਸੰਜੈ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਉਹ 26 ਜੁਲਾਈ ਨੂੰ ਅਦਾਲਤ ’ਚ ਹਾਜ਼ਰ ਰਹਿਣ। ਸੁਣਵਾਈ ਦੌਰਾਨ ‘ਆਪ’ ਆਗੂਆਂ ਦੇ ਵਕੀਲ ਨੇ ਸੀਆਰਪੀਸੀ ਦੀ ਧਾਰਾ 309 ਤਹਿਤ ਇਕ ਹੋਰ ਅਰਜ਼ੀ ਦਾਖ਼ਲ ਕਰਦਿਆਂ ਅਦਾਲਤ ਨੂੰ ਬੇਨਤੀ ਕੀਤੀ ਕਿ ਗੁਜਰਾਤ ਹਾਈ ਕੋਰਟ ’ਚ ਸਬੰਧਤ ਮਾਮਲਾ ਚੱਲ ਰਿਹਾ ਹੋਣ ਕਾਰਨ ਉਹ ਸੁਣਵਾਈ ਨੂੰ ਮੁਲਤਵੀ ਕਰੇ। -ਪੀਟੀਆਈ