Modi arrives Nigeria ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਗੇੜ ’ਚ ਨਾਇਜੀਰੀਆ ਪੁੱਜੇ
02:41 PM Nov 17, 2024 IST
ਅਬੂਜਾ, 17 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਆਪਣੀ ਯਾਤਰਾ ਦੇ ਪਹਿਲੇ ਗੇੜ ਤਹਿਤ ਅੱਜ ਨਾਇਜੀਰੀਆ ਪੁੱਜੇ। ਪ੍ਰਧਾਨ ਮੰਤਰੀ ਨਾਇਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟਿਨੁਬੂ ਦੇ ਸੱਦੇ ’ਤੇ ਇੱਥੇ ਪੁੱਜੇ ਹਨ। ਉਹ ਬ੍ਰਾਜ਼ੀਲ ਅਤੇ ਗੁਯਾਨਾ ਵੀ ਜਾਣਗੇ।
ਵਿਦੇਸ਼ ਮੰਤਰਾਲੇ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਬੂਜਾ ਪੁੱਜ ਗਏ ਹਨ। ਮੰਤਰੀ ਨਏਸੋਮ ਐਜ਼ੈਨਵੋ ਵਾਈਕ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਬੂਜਾ ਸ਼ਹਿਰ ਦੀ ਕੁੰਜੀ ਭੇਟ ਕੀਤੀ। ਇਹ ਕੁੰਜੀ ਪ੍ਰਧਾਨ ਮੰਤਰੀ ’ਤੇ ਨਾਇਜੀਰੀਆ ਦੇ ਲੋਕਾਂ ਦੇ ਭਰੋਸੇ ਅਤੇ ਉਨ੍ਹਾਂ ਪ੍ਰਤੀ ਸਨਮਾਨ ਨੂੰ ਦਰਸਾਉਂਦੀ ਹੈ।’’
ਵਿਦੇਸ਼ ਮੰਤਰਾਲੇ ਨੇ ਪ੍ਰਧਾਨ ਮੰਤਰੀ ਦੇ ਸਵਾਗਤ ਦੀਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਨਾਇਜੀਰੀਆ ਦੇ ਰਾਸ਼ਟਰਪਤੀ ਟਿਨੁਬੂ ਵੱਲੋਂ ‘ਐਕਸ’ ’ਤੇ ਕੀਤੀ ਗਈ ਇਕ ਪੋਸਟ ਦਾ ਜਵਾਬ ਦਿੱਤਾ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਉਹ ਭਾਰਤੀ ਪ੍ਰਧਾਨ ਮੰਤਰੀ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਨ। ਰਾਸ਼ਟਰਪਤੀ ਟਿਨੁਬੂ ਨੇ ‘ਐਕਸ’ ਉੱਤੇ ਇਕ ਪੋਸਟ ਵਿੱਚ ਕਿਹਾ, ‘‘ਸਾਡੀ ਦੁਵੱਲੀ ਚਰਚਾ ਦਾ ਉਦੇਸ਼ ਦੋਹਾਂ ਦੇਸ਼ਾਂ ਵਿਚਾਲੇ ਰਣਨੀਤਕ ਸਾਂਝੇਦਾਰੀ ਦਾ ਵਿਸਥਾਰ ਕਰਨਾ ਅਤੇ ਅਹਿਮ ਖੇਤਰਾਂ ਵਿੱਚ ਸਹਿਯੋਗ ਵਧਾਉਣਾ ਹੈ। ਪ੍ਰਧਾਨ ਮੰਤਰੀ ਮੋਦੀ ਨਾਇਜੀਰੀਆ ਵਿੱਚ ਤੁਹਾਡਾ ਸਵਾਗਤ ਹੈ।’’ -ਪੀਟੀਆਈ
Advertisement
Advertisement